ਸਰਕਾਰ ਮਜੀਠੀਆ ਨਾਲ ਨਹੀਂ ਕਰ ਰਹੀ ਕੋਈ ਧੱਕੇਸ਼ਾਹੀ- ਕੁਲਦੀਪ ਸਿੰਘ ਧਾਲੀਵਾਲ

ਚੰਡੀਗੜ੍ਹ, 19 ਅਗਸਤ (ਅਜਾਇਬ ਸਿੰਘ ਔਜਲਾ)- ਪੰਜਾਬ ਸਰਕਾਰ ਬਿਕਰਮ ਸਿੰਘ ਮਜੀਠੀਆ ਨਾਲ ਕੋਈ ਧੱਕੇਸ਼ਾਹੀ ਨਹੀਂ ਕਰ ਰਹੀ, ਇਸ ਸੰਬੰਧੀ ਅਕਾਲੀ ਆਗੂ ਬੇ-ਵਜ੍ਹਾ ਦੋਸ਼ ਲਗਾ ਰਹੇ ਹਨ। ਇਹ ਗੱਲ ਅੱਜ ਚੰਡੀਗੜ੍ਹ ਵਿਚ ਇਕ ਪੱਤਰਕਾਰ ਸੰਮੇਲਨ ਸਮੇਂ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਕੀਤੀ ਗਈ। ਧਾਲੀਵਾਲ ਨੇ ਇਹ ਵੀ ਕਿਹਾ ਕਿ ਜੇਕਰ ਕੋਰਟ ਕੋਲ ਸਰਕਾਰ ਨੇ ਠੋਸ ਸਬੂਤ ਦਿੱਤੇ ਹਨ ਤਾਂ ਹੀ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ।
ਉਨ੍ਹਾਂ ਇਹ ਵੀ ਕਿਹਾ ਕਿ ਜੋ ਕਾਰਵਾਈ ਪੰਜਾਬ ਸਰਕਾਰ ਵਲੋਂ ਕੀਤੀ ਜਾ ਰਹੀ ਹੈ, ਉਹ ਤੱਥਾਂ ਤੇ ਠੋਸ ਸਬੂਤਾਂ ’ਤੇ ਹੀ ਆਧਾਰਤ ਹੈ। ਇਸ ਮੌਕੇ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਉਸ ਬਿਆਨ ਦੀ ਵੀ ਕੜੀ ਆਲੋਚਨਾ ਕੀਤੀ, ਜਿਸ ਵਿਚ ਸ. ਬਾਜਵਾ ਨੇ ਆਪ ਪਾਰਟੀ ਦੇ ਵਿਧਾਇਕਾਂ ਨੂੰ ਜਮੂਰੇ ਕਿਹਾ ਹੈ। ਕੁਲਦੀਪ ਸਿੰਘ ਧਾਲੀਵਾਲ ਨੇ ਇਹ ਵੀ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਨੂੰ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਜਿਵੇਂ ਕਿ ਉਹ ਆਪਣੇ ਆਪ ਨੂੰ ਸੂਝਵਾਨ, ਸਿਆਣੇ ਤੇ ਪੜੇ ਲਿਖੇ ਅਖਵਾਉਂਦੇ ਹਨ। ਧਾਲੀਵਾਲ ਨੇ ਇਸ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਅਪੀਲ ਕੀਤੀ ਕਿ ਇਸ ’ਤੇ ਢੁਕਵੀਂ ਕਾਰਵਾਈ ਕੀਤੀ ਜਾਵੇ।