ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੰਗਲੈਂਡ 'ਚ ਸਿੱਖ ਬਜ਼ੁਰਗਾਂ 'ਤੇ ਨਸਲੀ ਹਮਲੇ ਦੀ ਸਖ਼ਤ ਨਿਖੇਧੀ

ਨਵੀਂ ਦਿੱਲੀ, 19 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਇੰਗਲੈਂਡ ਦੇ ਵੁਲਵਰਹੈਂਪਟਨ ਵਿਚ ਦੋ ਸਿੱਖ ਬਜ਼ੁਰਗਾਂ ‘ਤੇ ਹੋਏ ਨਸਲੀ ਹਮਲੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਖਦਾਈ ਗੱਲ ਹੈ ਕਿ ਹਮਲੇ ਦੌਰਾਨ ਇਕ ਸਿੱਖ ਬਜ਼ੁਰਗ ਦੀ ਦਸਤਾਰ ਲਾਹੀ ਗਈ, ਜੋ ਸਿਰਫ਼ ਸਿੱਖ ਧਰਮ ਦਾ ਪ੍ਰਤੀਕ ਹੀ ਨਹੀਂ ਸਗੋਂ ਸਿੱਖ ਧਰਮ ਦੀ ਮਰਿਆਦਾ ਨਾਲ ਸਿੱਧਾ ਜੁੜਿਆ ਹੈ। ਇਹ ਘਟਨਾ ਨਿਰਦੋਸ਼ ਬਜ਼ੁਰਗਾਂ ਦੀ ਬੇਅਦਬੀ ਹੀ ਨਹੀਂ, ਸਗੋਂ ਪੂਰੇ ਸਿੱਖ ਭਾਈਚਾਰੇ ਦੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦੀ ਹੈ।
ਕਾਲਕਾ ਨੇ ਕਿਹਾ ਕਿ ਵਿਦੇਸ਼ਾਂ ਵਿਚ ਸਿੱਖ ਭਾਈਚਾਰਾ ਵੱਖ-ਵੱਖ ਖੇਤਰਾਂ ਵਿਚ ਆਪਣੀ ਇਮਾਨਦਾਰੀ, ਮਿਹਨਤ ਅਤੇ ਯੋਗਦਾਨ ਲਈ ਪ੍ਰਸਿੱਧ ਹਨ ਪਰ ਫਿਰ ਵੀ ਇਹ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਇਸ ਦੇ ਬਾਵਜੂਦ ਜੇ ਸਿੱਖਾਂ ਨੂੰ ਨਸਲਵਾਦੀ ਸੋਚ ਦੇ ਆਧਾਰ ‘ਤੇ ਹਿੰਸਾ ਦਾ ਸ਼ਿਕਾਰ ਬਣਾਇਆ ਜਾਵੇ ਤਾਂ ਇਹ ਕਿਸੇ ਵੀ ਸੱਭਿਆਚਾਰਕ ਸਮਾਜ ਲਈ ਸ਼ਰਮਨਾਕ ਗੱਲ ਹੈ। ਉਨ੍ਹਾਂ ਨੇ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਹਮਲੇ ਵਿਚ ਸ਼ਾਮਿਲ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ। ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ ਨਸਲਵਾਦੀ ਹਮਲੇ ਸਮਾਜ ਵਿਚ ਨਫ਼ਰਤ ਦਾ ਜ਼ਹਿਰ ਘੋਲਦੇ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਸਮਝੌਤੇ, ਭਰੋਸੇ ਤੇ ਭਾਈਚਾਰੇ ਦੇ ਰਿਸ਼ਤਿਆਂ ਨੂੰ ਕਮਜ਼ੋਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਮੇਸ਼ਾ ਸਿੱਖ ਭਾਈਚਾਰਾ ਅਜਿਹੀਆਂ ਹਿੰਸਕ ਘਟਨਾਵਾਂ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰਦਾ ਰਹੇਗਾ।