19-08-25
ਲੇਖ ਚੰਗਾ ਲੱਗਾ
'ਅਜੀਤ' ਵਿਚ ਪਿਛਲੇ ਦਿਨੀਂ ਸੰਪਾਦਕੀ ਪੰਨੇ 'ਤੇ ਛਪਿਆ ਸ. ਸਤਨਾਮ ਸਿੰਘ ਮਾਣਕ ਹੋਰਾਂ ਦਾ ਲੇਖ 'ਸੰਕਟਾਂ ਵਿਚ ਘਿਰੇ ਪੰਜਾਬ ਨੂੰ ਬਚਾਉਣ ਦੀ ਲੋੜ' ਹਰ ਪੱਖੋਂ ਬਹੁਤ ਹੀ ਵਧੀਆ ਸੀ। ਲੇਖਕ ਨੇ ਪੰਜਾਬ ਦੇ ਸਦੀਆਂ ਦੇ ਗੌਰਵਮਈ ਇਤਿਹਾਸ 'ਤੇ ਰੌਸ਼ਨੀ ਪਾਈ ਹੈ। ਅਤਿ ਗੁਰਬਤ ਅਤੇ ਬਾਹਰਲੇ ਧਾੜਵੀਆਂ ਦੇ ਜ਼ੁਲਮ, ਤਸ਼ੱਦਦ ਅਤੇ ਗੁਲਾਮੀ ਦੇ ਦੌਰਾਨ ਸਿੱਖ ਗੁਰੂਆਂ ਦੇ ਸਮਾਜਿਕ, ਧਾਰਮਿਕ ਅਤੇ ਅਧਿਆਤਮਿਕ ਗਿਆਨ ਰਾਹੀਂ ਪੰਜਾਬੀਆਂ ਨੂੰ ਪੂਰਨ ਸਵੈਮਾਣ ਵਿਚ ਸਿਰ ਉਠਾ ਕੇ ਜਿਊਣ ਦਾ ਰਸਤਾ ਦਿਖਾਇਆ। ਉਨ੍ਹਾਂ ਦੇ ਗ੍ਰੰਥਾਂ ਦੀਆਂ ਰਚਨਾਵਾਂ ਜੀਵਨ ਜਾਚ ਦੱਸਦੀਆਂ ਹਨ। ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬੀ ਸੂਰਬੀਰਾਂ, ਸੰਸਥਾਵਾਂ ਦੀਆਂ ਘਾਲਣਾਵਾਂ ਅਤੇ ਕੁਰਬਾਨੀਆਂ ਨੇ ਆਜ਼ਾਦੀ ਦੀ ਪ੍ਰਾਪਤੀ ਵਿਚ ਬਹੁਤ ਯੋਗਦਾਨ ਦਿੱਤਾ। ਦੇਸ਼ ਦੀ ਵੰਡ ਵੇਲੇ ਅਤੇ ਫਿਰ ਪੁਨਰਗਠਨ ਐਕਟ 1966 ਵੇਲੇ ਪੰਜਾਬ ਦੇ ਟੁਕੜੇ ਕੀਤੇ ਗਏ। ਪੰਜਾਬੀ ਸੂਬਾ ਬਣਾਉਣ ਵੇਲੇ ਇਸ ਦਾ ਰਾਜਧਾਨੀ ਸ਼ਹਿਰ ਚੰਡੀਗੜ੍ਹ ਖੋਹ ਕੇ ਅਨਿਆਂ ਕਰਨਾ ਪੰਜਾਬੀ ਬੋਲੀ ਵਾਲੇ ਇਲਾਕੇ ਹਰਿਆਣੇ ਵਿਚ ਪਾ ਦੇਣਾ, ਪਾਣੀਆਂ ਦੀ ਵੰਡ ਵਿਚ ਪੰਜਾਬ ਨਾਲ ਧੱਕਾ, ਕਿਸੇ ਸਮੇਂ ਪ੍ਰਫੁੱਲਤ ਖੇਤੀਬਾੜੀ ਵਿਚ ਖੜੋਤ, ਪੰਜਾਬ ਸਿਰ ਕਰਜ਼ਾ, ਸਨਅਤੀ ਵਿਕਾਸ ਨੂੰ ਅਣਗੌਲਾ ਕਰਕੇ ਰੁਜ਼ਗਾਰ ਵਿਚ ਮੰਦੀ, ਪੜ੍ਹੇ-ਲਿਖੇ ਨੌਜਵਾਨਾਂ ਦਾ ਵਿਦੇਸ਼ਾਂ ਨੂੰ ਜਾਣਾ, ਬ੍ਰੇਨ ਡਰੇਨ ਆਦਿ ਵਿਸ਼ਿਆਂ ਨੂੰ ਬਾਖੂਬੀ ਉਜਾਗਰ ਕੀਤਾ ਹੈ। ਇਹ ਲੇਖ ਉਨ੍ਹਾਂ ਦੇ ਪੰਜਾਬ ਅਤੇ ਪੰਜਾਬੀਅਤ ਨਾਲ ਪਿਆਰ, ਉਨ੍ਹਾਂ ਦੀ ਬਹੁਮੁਖੀ ਪ੍ਰਤਿਭਾ, ਸਾਹਸੀ ਅਤੇ ਨਿਰਪੱਖ ਕਾਲਮ ਨਵੀਸੀ ਕਰਕੇ ਉਹ ਸਭ ਪੰਜਾਬੀਆਂ ਦੇ ਪਿਆਰ, ਸਤਿਕਾਰ, ਧੰਨਵਾਦ ਅਤੇ ਮੁਬਾਰਕ ਦੇ ਅਧਿਕਾਰੀ ਹਨ।
-ਪ੍ਰੋ. ਕੇ.ਸੀ. ਸ਼ਰਮਾ
ਨਵੀਂ ਦਿੱਲੀ।
ਟੀਚੇ ਦੀ ਪ੍ਰਾਪਤੀ
ਜ਼ਿੰਦਗੀ ਖੂਬਸੂਰਤ ਹੈ। ਜ਼ਿੰਦਗੀ ਵਿਚ ਸਫ਼ਲਤਾ ਹਾਸਿਲ ਕਰਨ ਲਈ ਕਿਸੇ ਵੀ ਟੀਚੇ ਦਾ ਹੋਣਾ ਅਤਿਅੰਤ ਜ਼ਰੂਰੀ ਹੁੰਦਾ ਹੈ। ਉਸ ਟੀਚੇ 'ਤੇ ਪਹੁੰਚਣ ਲਈ ਇਨਸਾਨ ਲਗਾਤਾਰ ਮਿਹਨਤ ਕਰਦਾ ਰਹਿੰਦਾ ਹੈ। ਬਹੁਤ ਵਾਰ ਅਸਫਲਤਾ ਵੀ ਮਿਲਦੀ ਹੈ। ਸਫਲ ਨਾ ਹੋਣ ਕਾਰਨ ਇਨਸਾਨ ਦੁਖੀ, ਬੇਚੈਨੀ ਮਹਿਸੂਸ ਕਰਦਾ ਹੈ। ਘਬਰਾਉਣ ਦੀ ਬਿਲਕੁਲ ਵੀ ਲੋੜ ਨਹੀਂ ਹੁੰਦੀ। ਸਾਨੂੰ ਸਫਲ ਹੋਏ ਇਨਸਾਨਾਂ ਦੀ ਜ਼ਿੰਦਗੀ ਤੋਂ ਸਬਕ ਲੈਣਾ ਚਾਹੀਦਾ ਹੈ। ਉਨ੍ਹਾਂ ਦੀ ਜੀਵਨੀ ਪੜ੍ਹਨੀ ਚਾਹੀਦੀ ਹੈ ਕਿ ਉਨ੍ਹਾਂ ਨੇ ਆਖਿਰ ਆਪਣੇ ਟੀਚੇ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ। ਅਜਿਹੀਆਂ ਮਿਸਾਲਾਂ ਸਾਨੂੰ ਹਮੇਸ਼ਾ ਹੀ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਰਹਿੰਦੀਆਂ ਹਨ। ਸਫ਼ਲਤਾ ਦਾ ਰਾਹ ਕਦੇ ਵੀ ਸਰਲ ਅਤੇ ਸਿੱਧਾ ਨਹੀਂ ਹੁੰਦਾ। ਮੁਕਾਬਲੇ ਦੀਆਂ ਪ੍ਰੀਖਿਆਵਾਂ ਵਿਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਅਸਫ਼ਲਤਾ ਸਾਨੂੰ ਸਾਡੀਆਂ ਗਲਤੀਆਂ ਤੋਂ ਜਾਣੂ ਕਰਵਾਉਂਦੀ ਹੈ। ਇਬਰਾਹੀਮ ਲਿੰਕਨ ਦਾ ਬਚਪਨ ਅਥਾਹ ਗਰੀਬੀ ਵਿਚ ਬੀਤਿਆ। ਮਜ਼ਬੂਤ ਇਰਾਦੇ ਨਾਲ ਉਹ ਅਮਰੀਕਾ ਦੇ ਰਾਸ਼ਟਰਪਤੀ ਬਣੇ। ਮਜ਼ਬੂਤ ਇਰਾਦੇ, ਸਕਾਰਾਤਮਕ ਸੋਚ ਨਾਲ ਤੁਸੀਂ ਅਸਫ਼ਲਤਾ ਨੂੰ ਵੀ ਸਫ਼ਲਤਾ ਵਿਚ ਬਦਲ ਸਕਦੇ ਹੋ। ਇਕ ਦਿਨ ਮਿਹਨਤ ਦਾ ਹਮੇਸ਼ਾ ਮੁੱਲ ਪੈਂਦਾ ਹੈ। ਟੀਚਾ ਮਿੱਥ ਕੇ ਹੀ ਉਸ ਨੂੰ ਅਭਿਆਸ ਨਾਲ ਹਾਸਿਲ ਕੀਤਾ ਜਾ ਸਕਦਾ ਹੈ।
-ਸੰਜੀਵ ਸਿੰਘ ਸੈਣੀ
ਮੁਹਾਲੀ
ਘਰਾਂ 'ਚ ਲੁਕਣ ਲਈ ਮਜਬੂਰ ਪੰਜਾਬੀ
ਅੱਜ ਕੋਈ ਵੀ ਪੰਜਾਬੀ ਆਪਣੇ ਘਰ ਵਿੱਚ ਸੁਰੱਖਿਅਤਨਹੀਂ ਹੈ। ਦਰਿੰਦੇ ਕਿਸੇ ਨੂੰ ਵੀ ਬਖਸ਼ ਨਹੀਂ ਰਹੇ। ਪੰਜਾਬ ਵਿਚ ਗੋਲੀ ਕਲਚਰ ਬਹੁਤ ਵੱਧ ਗਿਆ ਹੈ। ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਨਸ਼ੇ ਦੇ ਸੌਦਾਗਰਾਂ ਦੇ ਸਪਲਾਇਰ ਘਰ-ਘਰ ਨਸ਼ੇ ਦੀ ਡਲਿਵਰੀ ਪਹੁੰਚਾ ਰਹੇ ਹਨ। ਨੌਜਵਾਨ ਨਸ਼ੇ ਦੇ ਟੀਕੇ ਲਾ ਕੇ ਧੁੱਤ ਹੋਏ ਆਮ ਵੇਖੇ ਜਾ ਸਕਦੇ ਹਨ। ਸਰਕਾਰ ਦੀਆਂ ਨਸ਼ਾ ਰੋਕਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋ ਰਹੀਆਂ। ਸੜਕਾਂ 'ਤੇ ਅਵਾਰਾ ਪਸ਼ੂਆਂ ਤੇ ਕੁੱਤਿਆਂ ਨੇ ਰਾਹਗੀਰਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਸਰਕਾਰ ਉਸ ਦਾ ਕੋਈ ਪੱਕਾ ਉਪਾਅ ਨਹੀਂ ਲੱਭ ਸਕੀ। ਕਈ ਘਰਾਂ ਦੇ ਬੱਚੇ ਅਵਾਰਾ ਕੁੱਤਿਆਂ ਦੀ ਭੇਟ ਚੜ੍ਹ ਚੁੱਕੇ ਹਨ।
-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ
ਲਾਵਾਰਸ ਕੁੱਤਿਆਂ ਦਾ ਹੋਵੇ ਪੱਕਾ ਹੱਲ
ਦੇਸ਼ ਭਰ ਵਿਚ ਸਿਰਫ਼ ਗਲੀਆਂ, ਸੜਕਾਂ, ਮੁਹੱਲਿਆਂ, ਹੱਡਾ-ਰੋੜੀਆਂ 'ਚ ਅਵਾਰਾ ਕੁੱਤਿਆਂ ਦੀ ਗਿਣਤੀ ਹੀ ਨਹੀਂ ਵਧੀ, ਸਗੋਂ ਕੁੱਤਿਆਂ ਦੇ ਵੱਢੇ ਜਾਣ ਨਾਲ ਹੋਣ ਵਾਲੀਆਂ ਮੌਤਾਂ ਅਤੇ ਹਲਕਾਅ ਦੇ ਰੋਗੀਆਂ ਦੀ ਗਿਣਤੀ ਵੀ ਵਧੀ ਹੈ। ਕੁੱਤਿਆਂ ਦੇ ਵੱਢੇ ਜਾਣ ਦਾ ਸ਼ਿਕਾਰ ਜ਼ਿਆਦਾਤਰ ਛੋਟੇ ਬੱਚੇ, ਬਜ਼ੁਰਗ ਅਤੇ ਔਰਤਾਂ ਹੁੰਦੀਆਂ ਹਨ ਅਤੇ ਕਈ ਵਾਰ ਕੁੱਤੇ ਛੋਟੇ ਬੱਚਿਆਂ ਨੂੰ ਨੋਚ-ਨੋਚ ਕੇ ਖਾ ਜਾਂਦੇ ਹਨ। ਹੱਡਾ ਰੋੜੀਆਂ 'ਚ ਰਹਿੰਦੇ ਕੁੱਤੇ ਏਨੇ ਖੂੰਖਾਰ ਹੋ ਜਾਂਦੇ ਹਨ, ਕਿ ਉਨ੍ਹਾਂ ਕੋਲੋਂ ਬਚ ਕੇ ਲੰਘਣਾ ਮੁਸ਼ਕਿਲ ਹੋ ਜਾਂਦਾ ਹੈ। ਪਿਛਲੇ ਸਮੇਂ ਵਿਚ ਇਨ੍ਹਾਂ ਦੀ ਨਸਬੰਦੀ ਕੀਤੀ ਜਾਂਦੀ ਰਹੀ ਹੈ, ਪਰ ਇਸ ਦਾ ਬਹੁਤਾ ਅਸਰ ਪਿਆ ਨਹੀਂ ਜਾਪਦਾ, ਕਿਉਂਕਿ ਕੁੱਤਿਆਂ ਦੀ ਗਿਣਤੀ ਘਟਣ ਦੀ ਬਜਾਏ ਵਧਦੀ ਜਾ ਰਹੀ ਹੈ। ਇਸ ਸਮੱਸਿਆ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਹੀ ਹੁਣ ਸੁਪਰੀਮ ਕੋਰਟ ਨੂੰ ਦਖਲ ਦੇਣਾ ਪਿਆ ਹੈ। ਸੁਪਰੀਮ ਕੋਰਟ ਵਲੋਂ ਲਾਵਾਰਸ ਕੁੱਤਿਆਂ ਨੂੰ ਫੜਨ ਉਪਰੰਤ ਸ਼ੈਲਟਰ ਹੋਮ ਵਿਚ ਭੇਜਣ ਦੇ ਆਦੇਸ਼ ਦਿੱਤੇ ਗਏ ਹਨ। ਇਸ 'ਤੇ ਤੁਰੰਤ ਅਮਲ ਹੋਣਾ ਚਾਹੀਦਾ ਹੈ।
-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।
ਸਮਰ ਕੈਂਪ
ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਸਕੂਲਾਂ ਵਿਚ ਸਮਰ ਕੈਂਪ ਲੱਗ ਰਹੇ ਹਨ। ਜੋ ਚੰਗੀ ਗੱਲ ਹੈ, ਕਿਉਂਕਿ ਇਹ ਕੈਂਪ ਇਕ ਤਾਂ ਵਿਦਿਆਰਥੀਆਂ ਨੂੰ ਵਿਹਲੜ ਨਹੀਂ ਬਣਨ ਦੇਣਗੇ, ਦੂਜਾ ਇਨ੍ਹਾਂ ਕੈਂਪਾਂ ਰਾਹੀਂ ਚੰਗੇ ਗੁਣ ਤੇ ਕੁਝ ਨਵਾਂ ਸਿੱਖਣ ਦੀ ਪ੍ਰੇਰਨਾ ਮਿਲਦੀ ਹੈ। ਜਿਵੇਂ ਨੈਤਿਕ ਕਦਰਾਂ-ਕੀਮਤਾਂ ਦੇ ਨਾਲ-ਨਾਲ ਖੇਡਾਂ, ਚਿੱਤਰਕਾਰੀ, ਤੈਰਾਕੀ, ਕਲੇਅ ਮਾਡਲਿੰਗ, ਡਾਂਸ, ਗੀਤ-ਸੰਗੀਤ, ਗਿੱਧਾ-ਭੰਗੜਾ ਤੇ ਵੋਕੇਸ਼ਨਲ ਕਿੱਤੇ ਨਾਲ ਜੁੜੇ ਕੰਮ ਸਿੱਖਣ ਦਾ ਮੌਕਾ ਮਿਲਦਾ ਹੈ। ਕੁੜੀਆਂ ਨੂੰ ਕਟਾਈ, ਸਿਲਾਈ, ਕਢਾਈ, ਬੁਣਤੀ ਤੇ ਰਸੋਈ ਨਾਲ ਜੁੜੇ ਕੰਮ ਸਿੱਖਣ ਨੂੰ ਮਿਲਦੇ ਹਨ। ਸੰਬੰਧਿਤ ਅਧਿਆਪਕ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਸਮਰ ਕੈਂਪਾਂ ਵਿਚ ਬੱਚਿਆਂ ਦੀ ਪੂਰੀ ਹਾਜ਼ਰੀ ਯਕੀਨੀ ਬਣਾਉਣ ਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਇਸ ਪ੍ਰਤੀ ਯਕੀਨ 'ਚ ਲੈਣ ਲਈ ਜਾਗਰੂਕ ਕਰਨ। ਸਰਕਾਰ ਇਨ੍ਹਾਂ ਕੈਂਪਾਂ ਨੂੰ ਹੋਰ ਉਸਾਰੂ ਤੇ ਪ੍ਰਭਾਵੀ ਬਣਾਉਣ ਲਈ ਵਿਸ਼ੇਸ਼ ਧਿਆਨ ਦੇਵੇ। ਤਾਂ ਕਿ ਵਿਦਿਆਰਥੀ ਇਨ੍ਹਾਂ ਕੈਂਪਾਂ ਤੋਂ ਪੂਰਾ-ਪੂਰਾ ਲਾਭ ਲੈ ਸਕਣ।
-ਬੰਤ ਸਿੰਘ ਘੁਡਾਣੀ
ਲੁਧਿਆਣਾ।
ਸੁਪਰਡੈਂਟ ਦੇ ਮਿਹਨਤਾਨੇ ਸੰਬੰਧੀ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਫਰਵਰੀ/ਮਾਰਚ 2025 ਵਿਚ ਅੱਠਵੀਂ, ਦਸਵੀਂ ਅਤੇ 10+2 ਦੀ ਲਈ ਗਈ ਪ੍ਰੀਖਿਆ ਵਿਚ ਡਿਊਟੀ ਦੇਣ ਵਾਲੇ ਪ੍ਰੀਖਿਆ ਕੇਂਦਰ ਦੇ ਸੁਪਰਡੈਂਟਜ਼ ਦਾ ਬਣਦਾ ਮਿਹਨਤਾਨਾ ਹੁਣ ਤੱਕ ਜਾਰੀ ਨਹੀਂ ਕੀਤਾ ਗਿਆ। ਜਦਕਿ ਇਸ ਨਾਲ ਸੰਬੰਧਿਤ ਮਿਹਨਤਾਨੇ ਦੇ ਬਿੱਲ ਬੋਰਡ ਨੇ ਅਪ੍ਰੈਲ 2025 ਵਿਚ ਪ੍ਰਾਪਤ ਕਰ ਲਏ ਸਨ, ਪਰ ਹਾਲੇ ਤੱਕ ਸੁਪਰਡੈਂਟਜ਼ ਦੇ ਖਾਤੇ ਵਿਚ ਮਿਹਨਤਾਨੇ ਦੇ ਪੈਸੇ ਨਹੀਂ ਆਏ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਉੱਚ-ਅਧਿਕਾਰੀਆਂ ਨੂੰ ਬੇਨਤੀ ਹੈ ਕਿ ਸੁਪਰਡੈਂਟ ਦੇ ਬਿੱਲ ਜਲਦੀ ਪਾਸ ਕਰ ਕੇ ਬਣਦੀ ਮਿਹਨਤਾਨੇ ਦੀ ਰਾਸ਼ੀ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਟਰਾਂਸਫਰ ਕਰ ਦਿੱਤੀ ਜਾਵੇ ਕਿਉਂਕਿ ਪਹਿਲਾਂ ਹੀ ਕਾਫੀ ਦੇਰ ਹੋ ਚੁੱਕੀ ਹੈ।\
-ਮਨਜੀਤ ਸਿੰਘ
ਸੁਨਾਮ, ਜ਼ਿਲ੍ਹਾ ਸੰਗਰੂਰ।