ਤੇਲੰਗਾਨਾ 'ਚ ਅਗਲੇ 24 ਘੰਟਿਆਂ ਦੌਰਾਨ ਭਾਰੀ ਮੀਂਹ ਦਾ ਅਲਰਟ

ਹੈਦਰਾਬਾਦ, 19 ਅਗਸਤ-ਮੌਸਮ ਕੇਂਦਰ ਹੈਦਰਾਬਾਦ ਨੇ ਮੰਗਲਵਾਰ ਨੂੰ ਇਕ ਰੈੱਡ ਅਲਰਟ ਜਾਰੀ ਕੀਤਾ ਹੈ, ਜਿਸ ਵਿਚ ਕਿਹਾ ਗਿਆ ਹੈ ਕਿ ਅਗਲੇ 24 ਘੰਟਿਆਂ ਦੌਰਾਨ ਤੇਲੰਗਾਨਾ ਦੇ ਕੋਮਾਰਾਮ ਭੀਮ ਆਸਿਫਾਬਾਦ ਜ਼ਿਲ੍ਹੇ ਵਿਚ ਅਲੱਗ-ਅਲੱਗ ਥਾਵਾਂ 'ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਪਣੀ ਰੋਜ਼ਾਨਾ ਮੌਸਮ ਰਿਪੋਰਟ ਵਿਚ, ਮੌਸਮ ਕੇਂਦਰ ਨੇ ਕਿਹਾ ਕਿ ਇਸੇ ਸਮੇਂ ਦੌਰਾਨ ਆਦਿਲਾਬਾਦ ਅਤੇ ਮਨਚੇਰੀਅਲ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨਿਰਮਲ, ਜਗਤਿਆਲ, ਪੇੱਡਾਪੱਲੀ, ਜੈਸ਼ੰਕਰ ਭੂਪਾਲਪੱਲੀ, ਮੁਲੂਗੂ ਅਤੇ ਕਾਮਰੇਡੀ ਜ਼ਿਲ੍ਹਿਆਂ ਵਿਚ ਵੀ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।
ਬੁੱਧਵਾਰ ਨੂੰ ਜੈਸ਼ੰਕਰ ਭੂਪਾਲਪੱਲੀ, ਮੁਲੂਗੂ, ਭਦਰਦਰੀ ਕੋਠਾਗੁਡੇਮ ਅਤੇ ਮਹਾਬੂਬਾਬਾਦ ਜ਼ਿਲ੍ਹਿਆਂ ਵਿਚ ਵੀ ਇਸੇ ਤਰ੍ਹਾਂ ਦੇ ਮੌਸਮ ਦੇ ਹਾਲਾਤ ਰਹਿਣ ਦੀ ਸੰਭਾਵਨਾ ਹੈ। ਅਗਲੇ ਸੱਤ ਦਿਨਾਂ ਦੌਰਾਨ ਤੇਲੰਗਾਨਾ ਵਿਚ ਕਈ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਜਾਂ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਗਲੇ ਪੰਜ ਦਿਨਾਂ ਦੌਰਾਨ ਰਾਜ ਵਿਚ ਵੱਖ-ਵੱਖ ਥਾਵਾਂ 'ਤੇ ਬਿਜਲੀ ਡਿੱਗਣ ਅਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਮਾਨਸੂਨ ਤੇਲੰਗਾਨਾ ਵਿਚ ਸਰਗਰਮ ਹੈ। ਪਿਛਲੇ 24 ਘੰਟਿਆਂ ਦੌਰਾਨ ਮੁਲੂਗੂ ਅਤੇ ਕੁਮਾਰਮ ਭੀਮ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਦਰਜ ਕੀਤੀ ਗਈ, ਜਦੋਂਕਿ ਆਦਿਲਾਬਾਦ, ਕਾਮਰੇਡੀ ਅਤੇ ਮਨਚੇਰੀਆਲ ਜ਼ਿਲ੍ਹਿਆਂ ਵਿਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਈ। ਰਾਜ ਭਰ ਵਿਚ ਜ਼ਿਆਦਾਤਰ ਥਾਵਾਂ 'ਤੇ ਬਾਰਿਸ਼ ਹੋਈ।