ਵਿਧਾਇਕ ਗਿਆਸਪੁਰਾ ਨੇ ਧਰਮ ਪ੍ਰਤੀ ਭੇਦਭਾਵ ਖਿਲਾਫ਼ ਕਾਰਵਾਈ ਲਈ ਪ੍ਰਧਾਨ ਮੰਤਰੀ ਨੂੰ ਲਿਖੀ ਚਿੱਠੀ

ਮਲੌਦ (ਖੰਨਾ), 1 ਅਗਸਤ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਸਿੱਖੀ ਨਾਲ ਸਬੰਧਤ ਮੁੱਦਿਆਂ 'ਤੇ ਬੇਬਾਕੀ ਨਾਲ ਆਵਾਜ਼ ਚੁੱਕਣ ਵਾਲੇ ਹਲਕਾ ਪਾਇਲ ਤੋਂ ਵਿਧਾਇਕ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਵਲੋਂ ਬੀਤੇ ਦਿਨੀਂ ਰਾਜਸਥਾਨ ਵਿਖੇ ਜੁਡੀਸ਼ੀਅਲ ਇਮਤਿਹਾਨ ਦੌਰਾਨ ਸਿੱਖ ਵਿਦਿਆਰਥਣ ਨੂੰ ਇਮਤਿਹਾਨ ਦੇਣ ਤੋਂ ਰੋਕਣ ਤੇ ਮਾਮਲੇ ਨੂੰ ਬੁਨਿਆਦੀ ਸੰਵਿਧਾਨਿਕ ਅਧਿਕਾਰਾਂ ਦੀ ਉਲੰਘਣਾ ਦੱਸਦਿਆਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਉਨ੍ਹਾਂ ਇਸ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਭਾਰਤ ਦੇ ਸੰਵਿਧਾਨ ਵਿਚ ਆਰਟੀਕਲ 25 ਹਰ ਨਾਗਰਿਕ ਨੂੰ ਧਾਰਮਿਕ ਆਜ਼ਾਦੀ ਦਿੰਦਾ ਹੈ ਪਰ ਇਸ ਘਟਨਾ ਨੇ ਇਕ ਵਾਰ ਫਿਰ ਸਿੱਖਾਂ ਦੇ ਹਿਰਦਿਆਂ ਉਤੇ ਠੇਸ ਪਹੁੰਚਾਈ ਹੈ ਕਿਉਂਕਿ ਕੜਾ, ਕਿਰਪਾਨ ਸਮੇਤ ਪੰਜ ਕਕਾਰ ਸਿੱਖ ਦੀ ਧਾਰਮਿਕ ਪਛਾਣ ਅਤੇ ਨਿੱਜੀ ਮਾਣ ਦੇ ਅਨਿੱਖੜਵੇਂ ਤੱਤ ਹਨ। ਉਨ੍ਹਾਂ ਮੰਗ ਕੀਤੀ ਕਿ ਜਿਥੇ ਇਸ ਘਟਨਾ ਦੀ ਸੁਤੰਤਰ ਨਿਆਂਇਕ ਜਾਂਚ ਕਰਵਾ ਕੇ ਜ਼ਿੰਮੇਵਾਰ ਅਧਿਕਾਰੀਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਵਿਦਿਆਰਥਣ ਗੁਰਪ੍ਰੀਤ ਕੌਰ ਨੂੰ ਇਨਸਾਫ਼ ਦਿੱਤਾ ਜਾਵੇ, ਉਥੇ ਭਵਿੱਖ ਵਿਚ ਵੀ ਸਿੱਖੀ ਸਮੇਤ ਕਿਸੇ ਵੀ ਧਰਮ ਪ੍ਰਤੀ ਅਜਿਹੀ ਕੋਈ ਘਟਨਾ ਨੂੰ ਰੋਕਣ ਲਈ ਰਾਸ਼ਟਰੀ ਪੱਧਰ ਉਤੇ ਗਾਈਡਲਾਈਨ ਜਾਰੀ ਕਰਨ ਦੀ ਅਪੀਲ ਕੀਤੀ ਤਾਂ ਕਿ ਕਿਸੇ ਵਿੱਦਿਅਕ ਅਤੇ ਜਨਤਕ ਅਦਾਰੇ ਵਿਚ ਕਿਸੇ ਦੀ ਧਾਰਮਿਕ ਆਜ਼ਾਦੀ ਨੂੰ ਠੇਸ ਨਾ ਪਹੁੰਚੇ। ਵਿਧਾਇਕ ਗਿਆਸਪੁਰਾ ਨੇ ਮਾਨਯੋਗ ਚੀਫ਼ ਜਸਟਿਸ ਆਫ਼ ਇੰਡੀਆ ਨੂੰ ਵੀ ਪੱਤਰ ਲਿਖ ਕੇ ਇਸ ਮਾਮਲੇ ਵਿਚ ਕਾਰਵਾਈ ਅਤੇ ਭਵਿੱਖ ਲਈ ਹਦਾਇਤਾਂ ਜਾਰੀ ਕਰਨ ਦੀ ਅਪੀਲ ਕੀਤੀ ਹੈ।