ਬਿਜਲੀ ਵਿਭਾਗ ਦੇ ਮੁਲਾਜ਼ਮਾਂ ਦੀ ਲਾਪ੍ਰਵਾਹੀ ਸਦਕਾ ਕਰੰਟ ਲੱਗਣ ਕਾਰਨ ਕਿਸਾਨ ਦੀ ਮੌਤ

ਪੁਰਖਾਲੀ (ਰੂਪਨਗਰ), 1 ਅਗਸਤ (ਅੰਮ੍ਰਿਤਪਾਲ ਸਿੰਘ ਬੰਟੀ)-ਪਿੰਡ ਬਾਗਵਾਲੀ ਵਿਖ਼ੇ ਇਕ ਵਿਅਕਤੀ ਦੀ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਸਦਕਾ ਕਰੰਟ ਲੱਗਣ ਕਾਰਨ ਮੌਤ ਹੋਣ ਦਾ ਸਮਾਚਾਰ ਹੈ l ਇਸ ਸਬੰਧੀ ਬਾਗਵਾਲੀ ਦੇ ਸਰਪੰਚ ਤਰਸੇਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਧਰਮਿੰਦਰ ਸਿੰਘ (52) ਪੁੱਤਰ ਪ੍ਰੇਮ ਸਿੰਘ ਵਾਸੀ ਮਾਜਰੀ ਜੱਟਾਂ ਨੇ ਪਿੰਡ ਬਾਗਵਾਲੀ ਵਿਖ਼ੇ ਉਨ੍ਹਾਂ ਕੋਲੋਂ ਠੇਕੇ ਉਤੇ ਜ਼ਮੀਨ ਲਈ ਹੋਈ ਸੀ, ਜਿਸ ਦੀ ਉਹ ਆਪਣੇ ਪਿੰਡ ਮਾਜਰੀ ਜੱਟਾਂ ਤੋਂ ਆ ਕੇ ਦੇਖਭਾਲ ਕਰਦੇ ਸਨl ਉਨ੍ਹਾਂ ਕਿਹਾ ਕਿ ਉਹ ਅੱਜ ਖੇਤਾਂ ਵਿਚ ਖਾਦ ਪਾ ਰਹੇ ਸਨ ਤਾਂ ਉਹ ਬਿਜਲੀ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਰੰਟ ਲੱਗ ਗਿਆl ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਖੇਤਾਂ ਵਿਚ ਪਿਛਲੇ ਕਰੀਬ 5-7 ਸਾਲਾਂ ਤੋਂ ਬਿਜਲੀ ਦਾ ਖੰਭਾ ਅਤੇ ਤਾਰਾਂ ਡਿੱਗੀਆਂ ਪਈਆਂ ਸਨ ਜਿਨ੍ਹਾਂ ਤੋਂ ਕਿਸੇ ਵੀ ਮੋਟਰ ਆਦਿ ਨੂੰ ਸਪਲਾਈ ਨਹੀਂ ਸੀ ਜਾ ਰਹੀ l
ਉਨ੍ਹਾਂ ਕਿਹਾ ਕਿ ਉਹ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਅਤੇ ਬੇਨਤੀਆਂ ਕਰ ਚੁੱਕੇ ਸਨ ਕਿ ਉਕਤ ਲਾਈਨ ਅਤੇ ਖੰਭੇ ਦੀ ਬਿਜਲੀ ਸਪਲਾਈ ਕੱਟ ਦਿੱਤੀ ਜਾਵੇ ਪਰ ਵਿਭਾਗ ਨੇ ਉਨ੍ਹਾਂ ਦੀਆਂ ਸ਼ਿਕਾਇਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਤੇ ਸਪਲਾਈ ਉਸੇ ਤਰ੍ਹਾਂ ਚੱਲਦੀ ਰਹੀ ਜਦਕਿ ਵਿਭਾਗ ਵਾਲੇ ਕਹਿੰਦੇ ਰਹੇ ਕਿ ਸਪਲਾਈ ਬੰਦ ਕਰ ਦਿੱਤੀ ਗਈ ਹੈ l ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਧਰਮਿੰਦਰ ਸਿੰਘ ਅੱਜ ਸਵੇਰੇ ਜੀਰੀ ਵਿਚ ਖਾਦ ਪਾ ਰਿਹਾ ਸੀ ਤਾਂ ਉਨ੍ਹਾਂ ਦਾ ਪੈਰ ਬਿਜਲੀ ਦੀ ਤਾਰ ਨਾਲ ਲੱਗ ਗਿਆ, ਜਿਸ ਨਾਲ ਉਹ ਬਿਜਲੀ ਦੀ ਲਪੇਟ ਵਿਚ ਆ ਗਿਆ ਤੇ ਉਸ ਦੀ ਮੌਕੇ ਉਤੇ ਮੌਤ ਹੋ ਗਈ l ਇਸ ਸਬੰਧੀ ਚੌਕੀ ਇੰਚਾਰਜ ਸੰਜੀਵ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਪੁਲਿਸ ਨੇ ਤਰਸੇਮ ਸਿੰਘ ਵਾਸੀ ਬਾਗਵਾਲੀ ਦੇ ਬਿਆਨਾਂ ਉਤੇ ਬਿਜਲੀ ਵਿਭਾਗ ਦੇ ਇਸ ਮਾਮਲੇ ਵਿਚ ਜ਼ਿੰਮੇਵਾਰ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ l