ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਆਪਣੇ ਮਸਲੇ ਰੱਖਣ - ਜਥੇਦਾਰ ਗੜਗੱਜ

ਬਾਬਾ ਬਕਾਲਾ ਸਾਹਿਬ, 21 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ)-ਰਣਜੀਤ ਸਿੰਘ ਢੱਡਰੀਆਂ ਵਾਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਹੋ ਕੇ ਆਪਣੇ ਮਸਲੇ ਰੱਖਣ ਤਾਂ ਹੀ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਉਨ੍ਹਾਂ ਦਾ ਵੀ ਮਸਲਾ ਵਿਚਾਰਿਆ ਜਾਵੇਗਾ ਕਿਉਂਕਿ ਗੁਰੂ ਸਾਹਿਬ ਨੇ ਹਮੇਸ਼ਾ ਗਲੇ ਲਾਉਣ ਕਈ ਸੰਦੇਸ਼ ਦਿੱਤਾ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋਣ ਵਾਲਿਆਂ ਲਈ ਸਾਡੇ ਦਰ ਸਦਾ ਖੁੱਲ੍ਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਇਥੇ ਸਬ-ਡਵੀਜ਼ਨ ਬਾਬਾ ਬਕਾਲਾ ਸਾਹਿਬ ਦੇ ਪ੍ਰਸਿੱਧ ਕਸਬੇ ਬੁਤਾਲਾ ਵਿਖੇ ਸਥਿਤ ਗੁਰਦੁਆਰਾ ਬਾਬਾ ਪੱਲ੍ਹਾ ਜੀ, ਸ੍ਰੀ ਗੁਰੂ ਹਰਿਗੋਬਿੰਦ ਸਿੰਘ ਜੀ ਪਾਤਸ਼ਾਹੀ ਛੇਵੀਂ ਬੁਤਾਲਾ ਵਿਖੇ "ਖੁਆਰ ਹੋਏ ਸਭ ਮਿਲੈਂਗੇ" ਧਰਮ ਪ੍ਰਚਾਰ ਲਹਿਰ ਤਹਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕੀਤਾ। ਉਹ ਹਾਲ ਹੀ ਵਿਚ ਬਾਬਾ ਰਣਜੀਤ ਸਿੰਘ ਢੱਡਰੀਆਂ ਵਲੋਂ ਉਨ੍ਹਾਂ (ਜਥੇਦਾਰ ਸਾਹਿਬ) ਵਲੋਂ ਚਲਾਈ ਗਈ ਧਰਮ ਪ੍ਰਚਾਰ ਲਹਿਰ "ਖੁਆਰ ਹੋਏ ਸਭ ਮਿਲੈਂਗੇ" ਦੇ ਹੱਕ ਵਿਚ ਦਿੱਤੇ ਇਕ ਬਿਆਨ ਦੇ ਸੰਦਰਭ ਵਿਚ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ।