ਭਾਜਪਾ ਆਗੂ ਰਾਣਾ ਗੁਰਮੀਤ ਸੋਢੀ ਵਲੋਂ ਅੱਗ ਨਾਲ ਸੜੀ ਕਣਕ ਦੇ ਖੇਤਾਂ ਦਾ ਜਾਇਜ਼ਾ

ਗੁਰੂਹਰਸਹਾਏ (ਫਿਰੋਜ਼ਪੁਰ), 21 ਅਪ੍ਰੈਲ (ਹਰਚਰਨ ਸਿੰਘ ਸੰਧੂ)-ਹਲਕਾ ਗੁਰੂਹਰਸਹਾਏ ਦੇ ਵੱਖ-ਵੱਖ ਪਿੰਡਾਂ ਅੰਦਰ ਬੀਤੇ ਕੱਲ੍ਹ ਬਿਜਲੀ ਦੇ ਸ਼ਾਰਟ-ਸਰਕਟ ਕਾਰਨ ਕਿਸਾਨਾਂ ਦੀ ਸੈਂਕੜੇ ਏਕੜ ਖੇਤਾਂ ਵਿਚ ਖੜ੍ਹੀ ਕਣਕ ਅਤੇ ਉਸ ਤੋਂ ਵੀ ਵੱਧ ਨਾੜ ਸੜ ਕੇ ਸੁਆਹ ਹੋ ਗਿਆ ਸੀ, ਜਿਸ ਦਾ ਜਾਇਜ਼ਾ ਲੈਣ ਲਈ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਗੁਰੂਹਰਸਹਾਏ ਦੇ ਪਿੰਡ ਦਿਲਾ ਰਾਮ, ਪਿੰਡ ਕੋਹਰ ਸਿੰਘ ਵਾਲਾ ਵਿਖੇ ਪਹੁੰਚੇ ਜਿਨ੍ਹਾਂ ਖੇਤਾਂ ਵਿਚ ਜਾ ਕੇ ਸੜੀ ਕਣਕ ਦਾ ਜਾਇਜ਼ਾ ਲਿਆ ਅਤੇ ਪ੍ਰਭਾਵਿਤ ਕਿਸਾਨਾਂ ਸਮੇਤ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕੁਦਰਤੀ ਆਫਤ ਨਾਲ ਨਜਿੱਠਣ ਲਈ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਨਾੜ ਸੜੇ ਦਾ 15 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਅਤੇ ਕਣਕ ਸੜੀ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਇਸ ਮੌਕੇ ਉਨ੍ਹਾਂ ਨਾਲ ਕੇਵਲ ਸਿੰਘ ਢਿੱਲੋਂ, ਫਤਿਹ ਜੰਗ ਸਿੰਘ ਬਾਜਵਾ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।