ਪੰਜਾਬ ਤੇ ਚੰਡੀਗੜ੍ਹ ’ਚ ਅਗਲੇ ਦਿਨਾਂ ’ਚ ਚੱਲਣਗੀਆਂ ਗਰਮ ਹਵਾਵਾਂ

ਨਵੀਂ ਦਿੱਲੀ, 14 ਅਪ੍ਰੈਲ- ਉੱਤਰ-ਪੱਛਮੀ ਭਾਰਤ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿਚ 15 ਅਪ੍ਰੈਲ ਤੋਂ ਤੇਜ਼ ਗਰਮੀ ਅਤੇ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ। ਅੱਜ ਤੋਂ ਹੀ ਪੱਛਮੀ ਰਾਜਸਥਾਨ ਅਤੇ ਦਿੱਲੀ-ਐਨ.ਸੀ.ਆਰ. ਵਿਚ ਤਾਪਮਾਨ 2-5 ਡਿਗਰੀ ਸੈਲਸੀਅਸ ਵਧਣ ਦੀ ਸੰਭਾਵਨਾ ਹੈ। ਹਾਲਾਂਕਿ, ਅਗਲੇ 4-5 ਦਿਨਾਂ ਦੌਰਾਨ ਪੂਰਬ ਅਤੇ ਨਾਲ ਲੱਗਦੇ ਪੂਰਬੀ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿਚ ਗਰਜ, ਮੀਂਹ ਅਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ, ਅਗਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿਚ ਅਸਮਾਨ ਸਾਫ਼ ਰਹੇਗਾ ਅਤੇ ਗਰਮ ਹਵਾਵਾਂ ਚੱਲਣਗੀਆਂ। ਵੱਧ ਤੋਂ ਵੱਧ ਤਾਪਮਾਨ ਹੌਲੀ-ਹੌਲੀ 3 ਤੋਂ 5 ਡਿਗਰੀ ਸੈਲਸੀਅਸ ਵਧ ਸਕਦਾ ਹੈ। ਪੰਜਾਬ ਅਤੇ ਚੰਡੀਗੜ੍ਹ ’ਚ ਵੀ 16 ਅਪ੍ਰੈਲ ਤੋਂ ਅਗਲੇ ਤਿੰਨ ਦਿਨਾਂ ਤੱਕ ਲੋਕਾਂ ਨੂੰ ਲੂਹ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪੰਜਾਬ ਵਿਚ ਸਭ ਤੋਂ ਜ਼ਿਆਦਾ ਤਾਪਮਾਨ ਬਠਿੰਡਾ ਦਾ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਸਿਹਤ ਵਿਭਾਗ ਵਲੋਂ ਵੀ ਲੂਹ ਨੂੰ ਲੈ ਕੇ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ।