JALANDHAR WEATHER

16-04-2025

 ਨੋਟਾਂ ਦੀ ਜਮ੍ਹਾਂਖੋਰੀ
ਅਕਸਰ ਦੇਖਦੇ ਹਾਂ ਜਦੋਂ ਜ਼ਰੂਰੀ ਵਸਤੂਆਂ ਖ਼ਾਸ ਕਰਕੇ ਖਾਣ-ਪੀਣ ਦੀਆਂ ਵਸਤੂਆਂ ਦੀ ਜਮ੍ਹਾਂਖੋਰੀ ਹੁੰਦੀ ਹੈ ਤਾਂ ਵਪਾਰੀ ਲੋਕ ਮੋਟਾ ਮੁਨਾਫ਼ਾ ਕਮਾਉਂਦੇ ਹਨ। ਦੂਜੇ ਪਾਸੇ ਭ੍ਰਿਸ਼ਟ ਲੋਕਾਂ, ਰਾਜਨੀਤੀਵਾਨਾਂ ਜਾਂ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਗ਼ਲਤ ਤਰੀਕਿਆਂ ਨਾਲ ਜਦੋਂ ਨੋਟਾਂ ਦੀ ਜਮ੍ਹਾਂਖੋਰੀ ਕੀਤੀ ਜਾਂਦੀ ਹੈ ਤਾਂ ਇਸ ਦਾ ਜੋ ਬੁਰਾ ਪ੍ਰਭਾਵ ਆਮ ਲੋਕਾਂ ਜਾਂ ਸਰਕਾਰਾਂ 'ਤੇ ਪੈਂਦਾ ਹੈ ਉਸ ਨੂੰ ਥੋੜ੍ਹੇ ਸ਼ਬਦਾਂ ਵਿਚ ਦੱਸਿਆ ਨਹੀਂ ਜਾ ਸਕਦਾ।
ਮੋਟੇ ਤੌਰ 'ਤੇ ਆਮ ਜਨਤਾ ਗਰੀਬੀ ਦੀ ਚੱਕੀ ਵਿਚ ਪਿਸਦੀ ਰਹਿੰਦੀ ਹੈ। ਪਰ ਨੋਟਾਂ ਦੀਆਂ ਬੋਰੀਆਂ ਘਰ ਵਿਚ ਰੱਖਣ ਵਾਲਿਆਂ ਨੂੰ ਸ਼ਾਇਦ ਇਸ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਹੁਣ ਜੋ ਖਬਰ ਵਿਚ ਜਸਟਿਸ ਦੇ ਘਰੋਂ ਵੱਡੀ ਮਾਤਰਾ ਵਿਚ ਨਕਦੀ ਮਿਲਣ ਦੀ ਆਈ ਹੈ ਉਸ ਨੇ ਹੋਰ ਵੀ ਭਿਆਨਕ ਸਥਿਤੀ ਨੂੰ ਉਜਾਗਰ ਕੀਤਾ ਹੈ। ਗਲਤ ਤਰੀਕੇ ਨਾਲ ਇਕੱਠੀ ਕੀਤੀ ਨਕਦੀ ਨਾਲ ਕਿੰਨੇ ਹੀ ਕਾਤਲਾਂ ਜਾਂ ਭ੍ਰਿਸ਼ਟਾਚਾਰੀਆਂ ਨੂੰ ਨਿਰਦੋਸ਼ ਸਾਬਿਤ ਕੀਤਾ ਗਿਆ ਹੋਵੇਗਾ। ਇਸ ਤੋਂ ਵੀ ਉੱਪਰ ਹੋ ਸਕਦਾ ਪੈਸੇ ਦੇ ਜ਼ੋਰ ਨਾਲ ਕਿਸੇ ਨਿਰਦੋਸ਼ ਨੂੰ ਦੋਸ਼ੀ ਸਾਬਿਤ ਕਰਵਾਇਆ ਹੋਵੇ।
ਹਾਈ ਕੋਰਟ ਦੇ ਜਸਟਿਸ ਕੋਲੋਂ ਕਰੋੜਾਂ ਦੇ ਨੋਟ ਮਿਲਣ ਦੀ ਖਬਰ ਵੱਡੇ ਪੱਧਰ ਦੀ ਜਾਂਚ ਦਾ ਵਿਸ਼ਾ ਹੈ।

-ਮਾਸਟਰ ਸਰਤਾਜ ਸਿੰਘ
ਪਿੰਡ ਘੁੰਗਰਾਲੀ ਰਾਜਪੂਤਾਂ (ਲੁਧਿਆਣਾ)

ਮਰੀਜ਼ਾਂ ਦੀ ਖੱਜਲ ਖੁਆਰੀ
ਪੰਜਾਬ ਸਮੇਤ ਦੇਸ਼ ਦੇ ਹੋਰ ਅਨੇਕਾਂ ਸੂਬਿਆਂ ਤੋਂ ਲੋਕ ਪੀ.ਜੀ.ਆਈ. ਚੰਡੀਗੜ੍ਹ ਵਿਖੇ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਪਰੰਤੂ ਇਥੇ ਆ ਕੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਭੀੜ ਹੋਣ ਕਰਕੇ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਪੀ.ਜੀ.ਆਈ. ਦੇ ਚਾਰਦੀਵਾਰੀ ਦੇ ਬਾਹਰ ਬਹੁਤ ਸਾਰੇ ਅਲਟ੍ਰਾਸਾਊਂਡ ਕਰਨ ਦੇ ਵੱਡੇ-ਵੱਡੇ ਬੋਰਡ ਟੰਗੇ ਹੋਏ ਹਨ। ਜਦੋਂ ਕੋਈ ਮਰੀਜ਼ ਜਾਂ ਮਰੀਜ਼ ਦਾ ਵਾਰਸ ਬੋਰਡ ਪੜ੍ਹ ਕੇ ਅਲਟਰਾਸਾਊਂਡ ਬਾਰੇ ਗੱਲ ਕਰਦਾ ਹੈ ਤਾਂ, ਤੁਰੰਤ ਹੀ ਬੋਰਡ ਟੰਗੇ ਹੋਈ ਦੁਕਾਨ ਵਾਲੇ ਪੈਸੇ ਜਮ੍ਹਾਂ ਕਰਵਾ ਕੇ ਦਸ ਮਿੰਟ ਉਡੀਕ ਕਰਨ ਲਈ ਆਖ ਕੇ ਬਿਠਾ ਦਿੰਦੇ ਹਨ। ਪਹਿਲੀ ਵਾਰ ਆਏ ਮਰੀਜ਼ ਨੂੰ ਲੱਗਦਾ ਹੈ ਕਿ ਇੱਥੇ ਹੀ ਅਲਟਰਾਸਾਊਂਡ ਕਰਦੇ ਹਨ, ਪਰੰਤੂ ਪਤਾ ਮਗਰੋਂ ਲੱਗਦਾ ਹੈ ਜਦੋਂ ਦੋ ਚਾਰ ਹੋਰ ਅਜਿਹੇ ਮਰੀਜ਼ ਇਕੱਠੇ ਕਰਕੇ ਇਥੋਂ ਦੂਰ ਕਿਸੇ ਹੋਰ ਸੈਕਟਰ ਵਿਚ ਆਟੋ ਰਿਕਸ਼ਾ 'ਚ ਬਿਠਾ ਕੇ ਲੈ ਜਾਂਦੇ ਹਨ ਜਿਸ ਕਰਕੇ ਮਰੀਜ਼ਾਂ ਦੀ ਬਹੁਤ ਜ਼ਿਆਦਾ ਖੱਜਲ ਖੁਆਰੀ ਹੁੰਦੀ ਹੈ। ਸਰਕਾਰ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੂੰ ਅਜਿਹੇ ਭੁਲੇਖਾ ਪਾਊ ਬੋਰਡਾਂ ਨੂੰ ਤੁਰੰਤ ਹਟਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪੀ.ਜੀ.ਆਈ. ਵਿਚ ਗਰੀਬ ਲੋਕਾਂ ਨੂੰ ਰਾਤ ਅਤੇ ਮੀਂਹ ਵਿਚ ਠਹਿਰਨ ਲਈ ਵੱਡੇ ਸ਼ੈੱਡ ਜਾਂ ਵੱਡੇ ਹਾਲ ਕਮਰੇ ਦੀ ਉਸਾਰੀ ਕਰਨੀ ਚਾਹੀਦੀ ਹੈ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟਗੁਰੂ (ਬਠਿੰਡਾ)

ਪ੍ਰਭਾਵ ਤੇ ਕਾਰਨ
ਮਨੋਵਿਗਿਆਨ ਅਨੁਸਾਰ ਸਾਡੇ ਵਲੋਂ ਕੀਤੀ ਜਾਂਦੀ ਛੋਟੀ ਤੋਂ ਛੋਟੀ ਹਰਕਤ ਦੀ ਵੀ ਇਕ ਵਜ੍ਹਾ ਹੁੰਦੀ ਹੈ। ਇਹ ਹਰਕਤ ਸਰੀਰਕ ਤੌਰ 'ਤੇ ਅਤੇ ਮਾਨਸਿਕ ਜਾਂ ਦਿਮਾਗ਼ੀ ਤੌਰ 'ਤੇ ਕੀਤਾ ਗਿਆ ਕੰਮ ਵੀ ਹੋ ਸਕਦਾ ਹੈ। ਇਥੋਂ ਤੱਕ ਸਾਡੀ ਸੋਚ-ਵਿਚਾਰ, ਚਿੰਤਨ ਤੇ ਕਲਪਨਾ ਵੀ ਇਸ ਕਾਰਜ ਦੇ ਅਧੀਨ ਗਿਣੀਆਂ ਜਾਂਦੀਆਂ ਹਨ। ਇਨ੍ਹਾਂ ਸਭ ਗੱਲਾਂ ਦਾ ਸਾਡੇ ਨਿੱਜੀ ਜੀਵਨ ਤੇ ਬਾਹਰੀ ਵਾਤਾਵਰਨ 'ਤੇ ਪ੍ਰਭਾਵ ਪੈਂਦਾ ਹੈ। ਹਰੇਕ ਤਰ੍ਹਾਂ ਦੇ ਪ੍ਰਭਾਵ ਦਾ ਕੋਈ ਕਾਰਨ ਹੁੰਦਾ ਹੈ। ਸਾਡੀ ਬੋਲ-ਬਾਣੀ, ਚਾਲ, ਤੋਰ ਦੀ ਗਤੀ ਅਤੇ ਕੀਤੇ ਜਾਣ ਵਾਲੇ ਮਾਮੂਲੀ ਜਿਹੇ ਕੰਮ ਜਾਂ ਹਰਕਤ ਪਿੱਛੇ ਕੁਝ ਕਾਰਨ ਹੁੰਦੇ ਹਨ, ਜਿਹੜੇ ਸਾਡੇ ਵਿਵਹਾਰ ਦਾ ਨਿਰਮਾਣ ਕਰਦੇ ਹਨ। ਇਸੇ ਪ੍ਰਭਾਵ ਕਾਰਨ ਦੇ ਸਿਧਾਂਤ ਤੋਂ ਹੀ ਮਨੋਵਿਗਿਆਨੀ ਦੂਜੇ ਮਨੁੱਖਾਂ ਨੂੰ ਜਾਂਚਣ-ਪਛਾਣਨ ਵਿਚ ਸਫ਼ਲ ਹੁੰਦੇ ਹਨ।
ਰੋਜ਼ਾਨਾ ਦੀ ਜ਼ਿੰਦਗੀ ਵਿਚ ਅਸੀਂ ਅਨੇਕਾਂ ਹੀ ਘਰੇਲੂ, ਸਮਾਜਿਕ, ਧਾਰਮਿਕ ਅਤੇ ਰੋਜ਼ੀ-ਰੋਟੀ ਲਈ ਕੀਤੇ ਗਏ ਵਪਾਰ, ਨੌਕਰੀ ਆਦਿ ਕੰਮਾਂ ਵਿਚ ਰੁੱਝੇ ਰਹਿੰਦੇ ਹਾਂ। ਇਨ੍ਹਾਂ ਸਾਰੇ ਕੰਮਾਂ ਦੇ ਪਿੱਛੇ ਕੁਝ ਕਾਰਨ ਹੁੰਦੇ ਹਨ। ਇਨ੍ਹਾਂ ਕਾਰਨਾਂ ਤੇ ਇਨ੍ਹਾਂ ਦੇ ਪ੍ਰਭਾਵ ਨੂੰ ਸਮਝ ਕੇ ਅਸੀਂ ਆਪਣੇ ਵਿਵਹਾਰ ਨੂੰ ਸੋਧ ਕੇ ਜ਼ਿੰਦਗੀ ਨੂੰ ਵਧੀਆ ਬਣਾ ਸਕਦੇ ਹਾਂ।

-ਮਨੋਵਿਗਿਆਨਿਕ ਪ੍ਰਯੋਗਸ਼ਾਲਾ
ਨੌਨੀਤਪੁਰ, ਤਹਿ. ਗੜਸ਼ੰਕਰ (ਹੁਸ਼ਿਆਰਪੁਰ)

ਐਂਟੀ ਟ੍ਰੈਵਲ ਏਜੰਟ ਫੋਰਸ ਬਣਾਈ ਜਾਵੇ
ਪੰਜਾਬ ਵਿਚ ਲੱਖ ਤੋਂ ਕਰੋੜ ਤੱਕ ਫਰਾਡ ਹੋ ਜਾਣਾ ਆਮ ਜਿਹੀ ਗੱਲ ਹੈ, ਪਰ ਇਸ ਖਿਲਾਫ਼ ਸਖ਼ਤ ਕਾਨੂੰਨ ਬਣਨੇ ਬੇਹੱਦ ਲਾਜ਼ਮੀ ਹਨ। ਜੇਕਰ ਕਾਨੂੰਨ ਦਾ ਡਰ ਨਾ ਹੋਵੇ ਤਾਂ ਬੇਖੌਫ਼ ਹੋ ਕੇ ਫਰਾਡ ਕਰਨ ਵਾਲਿਆਂ ਦੀ ਸੰਖਿਆ ਵਧਦੀ ਜਾਵੇਗੀ। ਪੰਜਾਬ ਵਿਚ ਨਸ਼ਿਆਂ ਵਿਰੁੱਧ ਟਾਸਕ ਫੋਰਸ, ਐਂਟੀ ਗੈਂਗਸਟਰ ਟਾਸਕਫੋਰਸ, ਸੜਕ ਸੁਰੱਖਿਆ ਫੋਰਸ, ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਵਿਭਾਗ ਅਤੇ ਇਸੇ ਤਰ੍ਹਾਂ ਐਂਟੀ ਟ੍ਰੈਵਲ ਏਜੰਟ ਫੋਰਸ ਬਣਾਈ ਜਾਵੇ। ਬਾਹਰਲੇ ਦੇਸ਼ ਜਾਣ ਦੀ 100 ਫ਼ੀਸਦੀ ਆਨਲਾਈਨ ਜਾਣਕਾਰੀ ਮੁਹੱਈਆ ਕਰਵਾਈ ਜਾਵੇ। ਟੋਲ ਫ੍ਰੀ ਨੰਬਰ ਦਿੱਤਾ ਜਾਵੇ। ਪੰਜਾਬ ਦੇ ਹਰ ਜ਼ਿਲ੍ਹੇ ਵਿਚ ਵੱਖਰੇ ਬਾਹਰਲੇ ਦੇਸ਼ ਦੀ ਜਾਣਕਾਰੀ ਲਈ ਸਹਾਇਤਾ ਕੇਂਦਰ ਖੋਲ੍ਹੇ ਜਾਣ। ਏਜੰਟਾਂ ਦਾ ਪੂਰਾ ਵੇਰਵਾ ਦਰਜ ਹੋਵੇ।

-ਹਰਜਿੰਦਰ ਪਾਲ ਸਿੰਘ
ਜਵੱਦੀ ਕਲਾਂ, ਲੁਧਿਆਣਾ।