26/11 ਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਲਿਆਂਦਾ ਭਾਰਤ

ਨਵੀਂ ਦਿੱਲੀ, 10 ਅਪ੍ਰੈਲ-26/11 ਮੁੰਬਈ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਭਾਰਤ ਲਿਆਂਦਾ ਗਿਆ ਹੈ। ਐਨ.ਆਈ.ਏ. ਨੇ ਸਫਲਤਾਪੂਰਵਕ ਹਵਾਲਗੀ ਹਾਸਲ ਕੀਤੀ ਹੈ। ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਵੀਰਵਾਰ ਸ਼ਾਮ ਨੂੰ 26/11 ਦੇ ਘਾਤਕ ਮੁੰਬਈ ਅੱਤਵਾਦੀ ਹਮਲਿਆਂ ਦੇ ਮੁੱਖ ਸਾਜ਼ਿਸ਼ਕਰਤਾ ਤਹਵੁਰ ਹੁਸੈਨ ਰਾਣਾ ਨੂੰ ਸੰਯੁਕਤ ਰਾਜ ਅਮਰੀਕਾ ਤੋਂ ਉਸਦੀ ਸਫਲਤਾਪੂਰਵਕ ਹਵਾਲਗੀ ਤੋਂ ਬਾਅਦ ਆਈ.ਜੀ.ਆਈ.ਏ., ਨਵੀਂ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ। ਰਾਣਾ ਨੂੰ ਐਨ.ਐਸ.ਜੀ. ਅਤੇ ਐਨ.ਆਈ.ਏ. ਦੀਆਂ ਟੀਮਾਂ, ਜਿਨ੍ਹਾਂ ਵਿਚ ਸੀਨੀਅਰ ਅਧਿਕਾਰੀ ਸ਼ਾਮਿਲ ਸਨ, ਦੁਆਰਾ ਲਾਸ ਏਂਜਲਸ, ਅਮਰੀਕਾ ਤੋਂ ਇਕ ਵਿਸ਼ੇਸ਼ ਜਹਾਜ਼ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ। ਹਵਾਈ ਅੱਡੇ 'ਤੇ ਐਨ.ਆਈ.ਏ. ਦੀ ਜਾਂਚ ਟੀਮ ਨੇ ਸਾਰੀਆਂ ਜ਼ਰੂਰੀ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਮੁੱਖ ਤੌਰ 'ਤੇ ਸ਼ਿਕਾਗੋ (ਅਮਰੀਕਾ) ਵਿਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਨਾਗਰਿਕ ਰਾਣਾ ਨੂੰ ਹਵਾਈ ਜਹਾਜ਼ ਤੋਂ ਬਾਹਰ ਆਉਣ ਤੋਂ ਤੁਰੰਤ ਬਾਅਦ ਗ੍ਰਿਫਤਾਰ ਕਰ ਲਿਆ।