ਜਥੇਦਾਰ ਗੜਗੱਜ ਵਲੋਂ ਹਰਿਆਣਾ ਦੇ ਰੋਹਤਕ 'ਚ ਸਿੱਖੀ ਦਾ ਪ੍ਰਚਾਰ

ਅੰਮ੍ਰਿਤਸਰ, 10 ਅਪ੍ਰੈਲ (ਜਸਵੰਤ ਸਿੰਘ ਜੱਸ)-ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਕਰਨ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਅੱਜ ਹਰਿਆਣਾ ਦੇ ਰੋਹਤਕ ਸ਼ਹਿਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਅਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਮੌਕੇ ਜਾਟ ਭਾਈਚਾਰੇ ਵਿਚੋਂ ਵੱਡੀ ਗਿਣਤੀ ਵਿਚ ਸਿੰਘ ਸਜੇ ਹਰਿਆਣਾ ਦੇ ਨਿਵਾਸੀ ਮਨੋਜ ਸਿੰਘ ਦੂਹਨ ਦੀ ਅਗਵਾਈ ਵਿਚ ਗੁਰੂ ਘਰ ਵਿਖੇ ਸੰਗਤ ਰੂਪ ਵਿਚ ਸ਼ਾਮਿਲ ਹੋਏ ਜਿਨ੍ਹਾਂ ਨੂੰ ਜਥੇਦਾਰ ਗੜਗੱਜ ਨੇ ਸਿੰਘ ਸਜਣ ਦੀ ਵਧਾਈ ਦਿੱਤੀ। ਜਥੇਦਾਰ ਗੜਗੱਜ ਨੇ ਕਿਹਾ ਕਿ ਕਿਸਾਨ ਅੰਦੋਲਨ ਵੇਲੇ ਸਭ ਦੇ ਇਕਜੁੱਟ ਹੋਣ ਮੌਕੇ ਪੰਜਾਬ, ਹਰਿਆਣਾ, ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀਆਂ ਸਾਂਝਾ ਬਣੀਆਂ ਅਤੇ ਇਸੇ ਦੌਰਾਨ ਇਨ੍ਹਾਂ ਖੇਤਰਾਂ ਦੇ ਵੱਖ-ਵੱਖ ਭਾਈਚਾਰਿਆਂ ਖਾਸ ਕਰਕੇ ਜਾਟ ਭਾਈਚਾਰੇ ਦੇ ਲੋਕ ਸਿੱਖੀ ਵਿਚ ਸ਼ਾਮਿਲ ਹੋਏ। ਇਸ ਦੌਰਾਨ ਜਥੇਦਾਰ ਗੜਗੱਜ ਨੇ ਸਰ ਛੋਟੂ ਰਾਮ ਜਾਟ ਮਾਡਲ ਸਕੂਲ ਦਾ ਦੌਰਾ ਵੀ ਕੀਤਾ। ਰੋਹਤਕ ਵਿਖੇ ਸ੍ਰੀ ਗੁਰੂ ਅਮਰਦਾਸ ਸਾਹਿਬ ਵਲੋਂ ਥਾਪੇ 22 ਮੰਜੀਦਾਰ ਸਿੱਖਾਂ ਵਿਚੋਂ ਭਾਈ ਮਥੋ ਮੁਰਾਰੀ ਜੀ ਦੇ ਗੁਰ ਅਸਥਾਨ ਗੁਰਦੁਆਰਾ ਸ੍ਰੀ ਟਿਕਾਣਾ ਸਾਹਿਬ ਵਿਖੇ ਵੀ ਹਾਜ਼ਰੀ ਭਰੀ ਤੇ ਸੰਗਤ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।