ਬੀ.ਪੀ. ਤੇ ਸ਼ੂਗਰ ਵਧਣ ਕਾਰਨ ਪਾਕਿਸਤਾਨ ਤੋਂ ਸਿੱਖ ਸ਼ਰਧਾਲੂ ਭਾਰਤ ਪਰਤਿਆ

ਅਟਾਰੀ (ਅੰਮ੍ਰਿਤਸਰ), 10 ਅਪ੍ਰੈਲ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਖਾਲਸੇ ਦਾ ਸਾਜਨਾ ਦਿਵਸ ਮਨਾਉਣ ਲਈ ਅੱਜ ਸਮੁੱਚੇ ਭਾਰਤ ਤੋਂ ਇਕੱਤਰ ਹੋ ਕੇ ਪਾਕਿਸਤਾਨ ਗਏ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਇਕ ਭਾਰਤੀ ਸ਼ਰਧਾਲੂ ਪਾਕਿਸਤਾਨ ਜਾਣ ਉਤੇ ਸਿਹਤ ਖਰਾਬ ਹੋਣ ਕਾਰਨ ਉਸ ਨੂੰ ਪਾਕਿਸਤਾਨ ਵਲੋਂ ਵਾਪਸ ਭਾਰਤ ਭੇਜਿਆ ਗਿਆ ਹੈ। ਕਸ਼ਮੀਰ ਸਿੰਘ ਉਮਰ 65 ਸਾਲ ਵਾਸੀ ਜਲਾਲਾਬਾਦ ਨਜ਼ਦੀਕ ਰਈਆ ਅੰਮ੍ਰਿਤਸਰ ਜੋ ਕਿ ਅੱਜ ਸਵੇਰੇ ਭਾਰਤੀ ਸਿੱਖ ਸ਼ਰਧਾਲੂਆਂ ਦੇ ਜਥੇ ਵਿਚ ਸ਼ਾਮਿਲ ਹੋ ਕੇ ਭਾਰਤ ਤੋਂ ਅਟਾਰੀ ਵਾਹਗਾ ਸਰਹੱਦ ਰਸਤੇ ਪਾਕਿਸਤਾਨ ਦੀ ਸਰਹੱਦ ਵਾਹਗਾ ਵਿਖੇ ਪੁੱਜਿਆ ਸੀ ਜਿਥੇ ਉਸ ਦੀ ਸਿਹਤ ਖਰਾਬ ਹੋਣ ਉਤੇ ਪਾਕਿਸਤਾਨੀ ਡਾਕਟਰਾਂ ਵਲੋਂ ਜਾਂਚ ਕੀਤੀ ਗਈ ਤਾਂ ਉਨ੍ਹਾਂ ਦੀ ਸ਼ੂਗਰ ਅਤੇ ਬੀ.ਪੀ. ਦਾ ਲੈਵਲ ਬਹੁਤ ਜ਼ਿਆਦਾ ਵਧਣ ਕਾਰਨ ਉਸ ਨੂੰ ਪਾਕਿਸਤਾਨੀ ਡਾਕਟਰਾਂ ਵਲੋਂ ਵਾਪਸ ਉਸ ਦੇ ਵਤਨ ਭਾਰਤ ਜਾਣ ਦੀ ਸਲਾਹ ਦਿੱਤੀ ਗਈ, ਜਿਸ ਨੂੰ ਮੰਨਦਿਆਂ ਉਕਤ ਕਸ਼ਮੀਰ ਸਿੰਘ ਦੇਰ ਸ਼ਾਮ ਅਟਾਰੀ ਵਾਹਗਾ ਰਸਤੇ ਪਾਕਿਸਤਾਨ ਤੋਂ ਭਾਰਤ ਪਰਤ ਆਇਆ ਹੈ। ਅਟਾਰੀ ਸਰਹੱਦ ਵਿਖੇ ਸਥਿਤ ਆਈ.ਸੀ.ਪੀ. ਵਿਖੇ ਡਾਕਟਰਾਂ ਦੀ ਟੀਮ ਵਲੋਂ ਕਸ਼ਮੀਰ ਸਿੰਘ ਦੀ ਸਿਹਤ ਦੀ ਜਾਂਚ ਕੀਤੀ ਜਾ ਰਹੀ ਹੈ I ਅਟਾਰੀ ਸਰਹੱਦ ਉਤੇ ਡਾਕਟਰਾਂ ਦੀ ਟੀਮ ਵਿਚ ਡਾਕਟਰ ਨਿਮਰਤ ਪ੍ਰੀਤ ਸਿੰਘ, ਡਾ. ਸਤਵੰਤ ਸਿੰਘ, ਗੁਰਜੰਟ ਸਿੰਘ ਸ਼ਾਮਿਲ ਹਨ, ਅਟਾਰੀ ਸਰਹੱਦ ਵਿਖੇ ਭਾਰਤੀ ਕਸਟਮ ਤੇ ਇਮੀਗ੍ਰੇਸ਼ਨ ਵਲੋਂ ਮਰੀਜ਼ ਕਸ਼ਮੀਰ ਸਿੰਘ ਦੇ ਵਾਰਸਾਂ ਨੂੰ ਇਤਲਾਹ ਕਰ ਦਿੱਤੀ ਗਈ ਹੈ।