ਨਗਰ ਪੰਚਾਇਤ ਰਾਜਾਸਾਂਸੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਹੋਈ ਚੋਣ,'ਆਪ' ਦੇ ਅਰਵਿੰਦਰ ਸਿੰਘ ਬੱਬੂ ਪ੍ਰਧਾਨ ਬਣੇ

ਰਾਜਾਸਾਂਸੀ, 17 ਅਪ੍ਰੈਲ (ਹਰਦੀਪ ਸਿੰਘ ਖੀਵਾ) - ਨਗਰ ਪੰਚਾਇਤ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਅੱਜ ਸ਼੍ਰੀਮਤੀ ਅਮਨਦੀਪ ਕੌਰ ਐਸ.ਡੀ.ਐਮ. ਲੋਪੋਕੇ ਦੀ ਅਗਵਾਈ 'ਚ ਇਕ ਇਜਲਾਸ ਕਰਵਾਇਆ ਗਿਆ। ਜਿਸ ਵਿਚ ਨਗਰ ਪੰਚਾਇਤ ਰਾਜਾਸਾਂਸੀ ਦੇ 13 ਵਾਰਡਾਂ ਦੇ ਕੌਂਸਲਰ ਹਾਜ਼ਰ ਹੋਏ। ਇਸ ਵਿਚ ਆਮ ਆਦਮੀ ਪਾਰਟੀ ਦੇ ਅਰਵਿੰਦਰ ਸਿੰਘ ਬੱਬੂ ਸ਼ਾਹ ਪ੍ਰਧਾਨ ਚੁਣੇ ਗਏ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਨਾਲ ਸੰਬੰਧਿਤ ਗੁਰਜੀਤ ਕੌਰ ਪਤਨੀ ਕਾਂਗਰਸੀ ਆਗੂ ਬਲਜਿੰਦਰ ਸਿੰਘ ਬਿੱਟੂ ਸੀਨੀਅਰ ਮੀਤ ਪ੍ਰਧਾਨ ਤੇ 'ਆਪ' ਦੇ ਕੌਂਸਲਰ ਮੀਨਾਕਸ਼ੀ ਪਤਨੀ ਵਰੁਣ ਕੁਮਾਰ ਚੇਅਰਮੈਨ ਮਾਰਕੀਟ ਕਮੇਟੀ ਚੋਗਾਵਾਂ ਮੀਤ ਪ੍ਰਧਾਨ ਚੁਣੇ ਗਏ। ਇਜਲਾਸ ਦੀ ਸੁਰੂਆਤ ਮੌਕੇ ਪ੍ਧਾਨ ਦੇ ਅਹੁਦੇ ਲਈ 'ਆਪ' ਦੇ ਕੌਂਸਲਰ ਅਰਵਿੰਦਰ ਸਿੰਘ ਬੱਬੂ ਸਾਹ ਦਾ ਨਾਂਅ 'ਆਪ' ਦੇ ਕੌਂਸਲਰ ਦਿਆਲ ਸਿੰਘ ਵਲੋਂ ਕੀਤਾ ਗਿਆ ਜਿਸ ਦੀ ਤਾਈਦ ਭਾਜਪਾ ਧੜੇ ਦੇ ਕੌਂਸਲਰ ਸ਼੍ਰੀ ਰਾਮ ਰਾਜਾਸਾਂਸੀ ਵਲੋਂ ਤਾਈਦ ਕੀਤੀ ਗਈ। ਭਾਜਪਾ ਦੇ ਪਰਮਜੀਤ ਕੌਰ, ਕਾਂਗਰਸ ਦੇ ਗੁਰਜੀਤ ਕੌਰ ਤੇ ਅਕਾਲੀ ਦੇ ਸੁਖਦਿਆਲ ਸਿੰਘ, 'ਆਪ' ਦੇ ਮੀਨਾਕਸ਼ੀ ਤੇ ਗੁਰਮੀਤ ਕੌਰ ਵਲੋਂ ਪਰਵਾਨਗੀ ਦੇ ਕੇ ਅਰਵਿੰਦਰ ਸਿੰਘ ਬੱਬੂ ਸ਼ਾਹ ਨੂੰ ਪ੍ਰਧਾਨ ਚੁਣ ਲਿਆ ਗਿਆ।