ਲੋਪੋਕੇ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਕਾਬੂ

ਚੋਗਾਵਾਂ/ ਅੰਮ੍ਰਿਤਸਰ, 4 ਅਪ੍ਰੈਲ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਦੇ ਉੱਚ ਅਧਿਕਾਰੀਆਂ ਵਲੋਂ ਨਸ਼ਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ਾਂ ਤਹਿਤ ਥਾਣਾ ਲੋਪੋਕੇ ਦੀ ਪੁਲਿਸ ਵਲੋਂ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕਰਨ ਦੀ ਖਬਰ ਹੈ। ਜਾਣਕਾਰੀ ਅਨੁਸਾਰ ਥਾਣਾ ਲੋਪੋਕੇ ਦੇ ਮੁਖੀ ਹਿਮਾਂਸ਼ੂ ਭਗਤ ਨੂੰ ਗੁਪਤ ਸੂਚਨਾ ਮਿਲੀ ਸੀ, ਜਿਸ ਉਤੇ ਕਾਰਵਾਈ ਕਰਦੇ ਹੋਏ ਥਾਣਾ ਲੋਪੋਕੇ ਦੇ ਏ.ਐਸ.ਆਈ. ਮੇਜਰ ਸਿੰਘ ਤੇ ਪੁਲਿਸ ਪਾਰਟੀ ਗਸ਼ਤ ਦੌਰਾਨ ਪਿੰਡ ਠੱਠਾ ਤੋਂ ਓਡਰ ਜਾ ਰਹੀ ਸੀ। ਇਸ ਦੌਰਾਨ ਇਕ ਮੋਨਾ ਵਿਅਕਤੀ ਆਉਂਦਾ ਦਿਖਾਈ ਦਿੱਤਾ। ਸ਼ੱਕ ਪੈਣ ਉਤੇ ਉਸ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 110 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜੇ ਕਥਿਤ ਦੋਸ਼ੀ ਦੀ ਪਛਾਣ ਬਲਜਿੰਦਰ ਸਿੰਘ ਵਾਸੀ ਚੋਗਾਵਾਂ ਵਜੋਂ ਹੋਈ ਹੈ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਉਕਤ ਵਿਅਕਤੀ ਖਿਲਾਫ ਐਨ.ਡੀ.ਪੀ.ਐਸ. ਐਕਟ ਅਧੀਨ ਮੁਕਦਮਾ ਦਰਜ ਕਰਕੇ ਹੋਰ ਡੂੰਘਾਈ ਨਾਲ ਲਿੰਕਾਂ ਦੀ ਜਾਂਚ ਕੀਤੀ ਜਾ ਰਹੀ ਹੈ।