JALANDHAR WEATHER

ਵਕਫ਼ ਸੋਧ ਬਿੱਲ 'ਤੇ ਸੰਸਦ ਦੀ ਮੋਹਰ

ਨਵੀਂ ਦਿੱਲੀ, 3 ਅਪ੍ਰੈਲ (ਉਪਮਾ ਡਾਗਾ ਪਾਰਥ)-ਵਕਫ਼ ਸੰਪਤੀਆਂ ਦੇ ਪ੍ਰਬੰਧਨ ਦਾ ਹੋਕਾ ਦਿੰਦੇ ਵਕਫ਼ ਸੋਧ ਬਿੱਲ, ਜੋ ਬੱਧਵਾਰ ਨੂੰ ਲੋਕ ਸਭਾ 'ਚ ਪਾਸ ਹੋ ਗਿਆ ਸੀ, 'ਤੇ ਹੁਣ ਰਾਜ ਸਭਾ ਦੀ ਮੋਹਰ ਵੀ ਲੱਗ ਗਈ ਹੈ | ਰਾਜ ਸਭਾ 'ਚ 13 ਘੰਟਿਆਂ ਤੋਂ ਵੱਧ ਸਮੇਂ ਦੀ ਬਹਿਸ ਤੋਂ ਬਾਅਦ ਦੇਰ ਰਾਤ 2.35 ਵਜੇ ਹੋਈ ਵੋਟਿੰਗ ਦੌਰਾਨ ਬਿੱਲ ਦੇ ਸਮਰਥਨ 'ਚ 128 ਅਤੇ ਵਿਰੋਧ 'ਚ 95 ਵੋਟਾਂ ਪਈਆਂ | ਸੰਸਦ 'ਚ ਪਾਸ ਹੋਣ ਤੋਂ ਬਾਅਦ ਹੁਣ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਵਕਫ ਸੋਧ ਬਿੱਲ ਕਾਨੂੰਨ ਬਣ ਜਾਵੇਗਾ | ਰਾਜ ਸਭਾ 'ਚ ਬਹਿਸ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਾਂਗਰਸ ਤੇ ਹੋਰ ਵਿਰੋਧੀ ਪਾਰਟੀਆਂ 'ਤੇ ਵਕਫ਼ ਸੋਧ ਬਿੱਲ ਜ਼ਰੀਏ ਮੁਸਲਿਮ ਭਾਈਚਾਰੇ ਨੂੰ ਡਰਾਉਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਕੇਂਦਰ ਸਰਕਾਰ 'ਸਭਕਾ ਸਾਥ, ਸਭਕਾ ਵਿਕਾਸ' ਦੇ ਉਦੇਸ਼ ਤਹਿਤ ਸਾਰਿਆਂ ਲਈ ਕੰਮ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਵਕਫ਼ ਬੋਰਡ ਇਕ ਸੰਵਿਧਾਨਕ ਸੰਸਥਾ ਹੈ ਅਤੇ ਇਸ ਨੂੰ ਧਰਮ ਨਿਰਪੱਖ ਹੋਣਾ ਚਾਹੀਦਾ ਹੈ, ਫਿਰ ਵੀ ਅਸੀਂ ਇਸ 'ਤੇ ਗੈਰ-ਮੁਸਲਮਾਨਾਂ ਦੀ ਗਿਣਤੀ ਨੂੰ ਸੀਮਤ ਕੀਤਾ ਹੈ | ਕੇਂਦਰੀ ਮੰਤਰੀ ਨੇ ਕਿਹਾ ਕਿ ਵਕਫ਼ ਬਿੱਲ ਨਾਲ ਮੁਸਲਮਾਨਾਂ ਨੂੰ ਅਸੀਂ ਨਹੀਂ ਡਰਾ ਰਹੇ, ਬਲਕਿ ਵਿਰੋਧੀ ਪਾਰਟੀਆਂ ਡਰਾ ਰਹੀਆਂ ਹਨ | ਕੇਂਦਰੀ ਮੰਤਰੀ ਨੇ ਕਿਹਾ ਕਿ ਅਸੀਂ ਵਿਰੋਧੀਆਂ ਦੇ ਕਈ ਸੁਝਾਵਾਂ ਨੂੰ ਮੰਨਿਆ ਹੈ | ਉਨ੍ਹਾਂ ਕਿਹਾ ਕਿ ਜਦੋਂ ਪਹਿਲੀ ਵਾਰ ਵਕਫ਼ ਸੋਧ ਬਿੱਲ ਦਾ ਮਸੌਦਾ ਤਿਆਰ ਕੀਤਾ ਗਿਆ ਸੀ ਅਤੇ ਜੋ ਬਿੱਲ ਅਸੀਂ ਪਾਸ ਕਰ ਰਹੇ ਹਾਂ ਉਸ 'ਚ ਬਹੁਤ ਸਾਰੇ ਬਦਲਾਅ ਕੀਤੇ ਗਏ ਹਨ | ਜੇਕਰ ਅਸੀਂ ਕਿਸੇ ਦੇ ਸੁਝਾਅ ਨਹੀਂ ਮੰਨੇ ਹੁੰਦੇ ਤਾਂ ਇਹ ਬਿੱਲ ਪੂਰੀ ਤਰ੍ਹਾਂ ਅਲੱਗ ਹੁੰਦਾ | ਉਨ੍ਹਾਂ ਕਿਹਾ ਕਿ ਜੇ.ਪੀ.ਸੀ. ਦੇ ਮੈਂਬਰ ਖ਼ੁਦ ਜੇ.ਪੀ.ਸੀ 'ਚ ਬੈਠਦੇ ਹਨ ਅਤੇ ਦੋਸ਼ ਲਗਾਉਂਦੇ ਹਨ ਕਿ ਜੇ.ਪੀ.ਸੀ 'ਚ ਉਨ੍ਹਾਂ ਦੀ ਗੱਲ ਨਹੀਂ ਸੁਣੀ ਗਈ | ਜੇਕਰ ਜੇ.ਪੀ.ਸੀ. 'ਚ ਬਹੁਮਤ ਨੂੰ ਮਨਜ਼ੂਰੀ ਮਿਲ ਗਈ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ | ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜਿਜੂ ਨੇ ਵਕਫ਼ ਸੋਧ ਬਿੱਲ 2025 ਰਾਜ ਸਭਾ ਵਿਚ ਪੇਸ਼ ਕਰਦਿਆਂ ਕਿਹਾ ਕਿ ਤਜਵੀਜ਼ਤ ਬਿੱਲ ਨਾ ਤਾਂ ਮੁਸਲਮਾਨਾਂ ਦੇ ਖ਼ਿਲਾਫ਼ ਹੈ ਤੇ ਨਾ ਹੀ ਇਸ ਨਾਲ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਕੋਈ ਮਨਸ਼ਾ ਹੈ | ਉਨ੍ਹਾਂ ਕਿਹਾ ਕਿ ਇਸ ਬਿੱਲ ਦਾ ਇਕੋ-ਇਕ ਮਕਸਦ ਵਕਫ਼ ਜਾਇਦਾਦਾਂ ਦੀ ਕਾਰਜਸ਼ੀਲਤਾ ਵਿਚ ਸੁਧਾਰ, ਪੇਚੀਦਗੀਆਂ ਨੂੰ ਮੁਖਾਤਬ ਹੋਣਾ, ਪਾਰਦਰਸ਼ਤਾ ਯਕੀਨੀ ਬਣਾਉਣਾ ਤੇ ਤਕਨਾਲੋਜੀ ਆਧਾਰਿਤ ਪ੍ਰਬੰਧਨ ਲੈ ਕੇ ਆਉਣਾ ਹੈ | ਜ਼ਿਕਰਯੋਗ ਹੈ ਕਿ ਲੋਕ ਸਭਾ ਨੇ 12 ਘੰਟੇ ਦੇ ਕਰੀਬ ਚੱਲੀ ਬਹਿਸ ਮਗਰੋਂ ਵੀਰਵਾਰ ਅੱਧੀ ਰਾਤ ਨੂੰ 288-232 ਵੋਟਾਂ ਨਾਲ ਬਿੱਲ 'ਤੇ ਰਸਮੀ ਮੋਹਰ ਲਾ ਦਿੱਤੀ ਸੀ | ਰਿਜਿਜੂ ਨੇ ਸਾਂਝੀ ਸੰਸਦੀ ਕਮੇਟੀ ਵਲੋਂ ਤਿਆਰ ਕੀਤੇ ਬਿੱਲ ਨੂੰ ਉਪਰਲੇ ਸਦਨ 'ਚ ਪੇਸ਼ ਕਰਦੇ ਹੋਏ ਕਿਹਾ ਕਿ ਤਜਵੀਜ਼ਤ ਕਾਨੂੰਨ ਦਾ ਧਰਮ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਪਰ ਇਹ ਸਿਰਫ ਜਾਇਦਾਦਾਂ ਨਾਲ ਸੰਬੰਧਿਤ ਹੈ | ਉਨ੍ਹਾਂ ਕਿਹਾ ਕਿ ਬਿੱਲ ਦਾ ਮਕਸਦ ਵਕਫ਼ ਬੋਰਡ 'ਚ ਸਾਰੀਆਂ ਮੁਸਲਿਮ ਸੰਪਰਦਾਵਾਂ ਨੂੰ ਸ਼ਾਮਿਲ ਕਰਨਾ ਹੈ | 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ