ਕੁਤਾਹੀ ਵਰਤਣ 'ਤੇ ਈ. ਟੀ. ਓ. ਵਲੋਂ ਪੰਜਾਬ ਰੋਡਵੇਜ਼ ਦਾ ਇੰਸਪੈਕਟਰ ਮੁਅੱਤਲ

ਜੰਡਿਆਲਾ ਗੁਰੂ, 4 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਸ. ਹਰਭਜਨ ਸਿੰਘ ਈ. ਟੀ. ਓ. ਨੇ ਅੱਜ ਅਚਨਚੇਤ ਹੀ ਪੰਜਾਬ ਰੋਡਵੇਜ਼ ਦੇ ਜੀ. ਟੀ. ਰੋਡ ਜੰਡਿਆਲਾ ਗੁਰੂ ਵਿਖੇ ਬਣੇ ਅੱਡੇ ਉਤੇ ਚੈਕਿੰਗ ਕੀਤੀ ਅਤੇ ਅੱਡੇ ਉਤੇ ਸਰਕਾਰ ਵਲੋਂ ਤਾਇਨਾਤ ਕੀਤੇ ਪੰਜਾਬ ਰੋਡਵੇਜ਼ ਦੇ ਇੰਸਪੈਕਟਰ ਰਜਿੰਦਰ ਸਿੰਘ ਦੇ ਗੈਰ-ਹਾਜ਼ਰ ਪਾਏ ਜਾਣ ਉਤੇ ਨੌਕਰੀ ਤੋਂ ਕੁਤਾਹੀ ਵਰਤਣ ਦੇ ਦੋਸ਼ਾਂ ਤਹਿਤ ਉਸ ਨੂੰ ਮੁਅੱਤਲ ਕਰ ਦਿੱਤਾ। ਇਸ ਸਬੰਧੀ ਜਨਰਲ ਮੈਨੇਜਰ ਪੰਜਾਬ ਰੋਡਵੇਜ਼ ਅੰਮ੍ਰਿਤਸਰ-1 ਵਲੋਂ ਉਕਤ ਇੰਸਪੈਕਟਰ ਦੇ ਜਾਰੀ ਕੀਤੇ ਮੁਅੱਤਲੀ ਹੁਕਮਾਂ ਅਨੁਸਾਰ ਰਜਿੰਦਰ ਸਿੰਘ ਨੂੰ 462 ਪੰਜਾਬ ਰੋਡ ਅੰਮ੍ਰਿਤਸਰ 1, ਜਿਸ ਦੀ ਡਿਊਟੀ ਜੀ. ਟੀ. ਰੋਡ ਜੰਡਿਆਲਾ ਗੁਰੂ ਅੱਡੇ ਉਤੇ ਲਗਾਈ ਗਈ ਸੀ ਅਤੇ ਉਹ ਮੌਕੇ ਤੋਂ ਗੈਰ ਹਾਜ਼ਰ ਪਾਇਆ ਗਿਆ, ਜਿਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਕੀਤੀ ਗਈ।