ਪਿੰਡ ਲਹਿਰੀ ਦੀ ਵਿਦਿਆਰਥਣ ਜਸ਼ਨਦੀਪ ਕੌਰ ਨੇ ਪੰਜਾਬ 'ਚੋਂ 9ਵਾਂ ਸਥਾਨ ਲਿਆ

ਬਠਿੰਡਾ/ਤਲਵੰਡੀ ਸਾਬੋ/ ਸੀਂਗੋ ਮੰਡੀ, 4 ਅਪ੍ਰੈਲ (ਲਕਵਿੰਦਰ ਸ਼ਰਮਾ)-ਬਠਿੰਡਾ ਜ਼ਿਲ੍ਹੇ ਦੇ ਉਪਮੰਡਲ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦੇ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਜਸ਼ਨਪ੍ਰੀਤ ਕੌਰ ਪੁੱਤਰੀ ਲਖਵੀਰ ਸਿੰਘ ਲਹਿਰੀ ਨੇ ਸਮੁੱਚੇ ਪੰਜਾਬ ਵਿਚੋਂ 592/600 (98.67%) ਅੰਕ ਲੈ ਕੇ 9ਵਾਂ ਰੈਂਕ ਪ੍ਰਾਪਤ ਕੀਤਾ, ਜਿਸ ਉਤੇ ਸਕੂਲ ਪ੍ਰਿੰਸੀਪਲ ਲਖਵਿੰਦਰ ਸਿੰਘ ਸਿੱਧੂ ਨੇ ਖੁਸ਼ੀ ਜ਼ਾਹਿਰ ਕਰਦਿਆਂ ਇਸਦਾ ਸਿਹਰਾ ਸਕੂਲ ਸਟਾਫ ਤੇ ਵਿਦਿਆਰਥਣ ਨੂੰ ਦਿੱਤਾ, ਜਿਸ ਨੇ ਮਿਹਨਤ ਕਰਕੇ ਸਕੂਲ ਤੇ ਮਾਪਿਆਂ ਦਾ ਨਾਮ ਸਮੁੱਚੇ ਪੰਜਾਬ ਵਿਚ ਚਮਕਾਇਆ ਹੈ।ਉਨ੍ਹਾਂ ਦੱਸਿਆ ਕਿ ਗੁਰਸ਼ਰਨ ਸਿੱਧੂ ਪੁੱਤਰੀ ਗੁਰਸੇਵਕ ਸਿੰਘ ਲਹਿਰੀ ਨੇ 587/600 (97.83%) ਅੰਕ ਪ੍ਰਾਪਤ ਕਰਕੇ ਦੂਸਰਾ ਸਥਾਨ ਹਾਸਲ ਕੀਤਾ ਜਦੋਂਕਿ ਕੋਮਲਪ੍ਰੀਤ ਕੌਰ ਪੁੱਤਰੀ ਕ੍ਰਿਸ਼ਨ ਸਿੰਘ ਜਗਾ ਰਾਮ ਤੀਰਥ ਨੇ 581/600 (96.83%) ਅੰਕ ਹਾਸਲ ਕਰਕੇ ਤੀਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਦੱਸਿਆ ਕਿ ਜਸ਼ਨਦੀਪ ਕੌਰ ਨੇ ਗਣਿਤ ਅਤੇ ਸਮਾਜਿਕ ਵਿਗਿਆਨ ਵਿਸ਼ਿਆਂ ਵਿਚੋਂ 100-100 ਅੰਕ, ਗੁਰਸ਼ਰਨ ਸਿੱਧੂ ਨੇ ਹਿੰਦੀ, ਗਣਿਤ ਅਤੇ ਵਿਗਿਆਨ ਵਿਸ਼ੇ ਵਿਚੋਂ 100/100 ਅੰਕ ਅਤੇ ਕੋਮਲਪ੍ਰੀਤ ਕੌਰ ਨੇ ਪੰਜਾਬੀ ਵਿਸ਼ੇ ਵਿਚੋਂ 100/100 ਅੰਕ ਪ੍ਰਾਪਤ ਕਰਕੇ ਮਾਰਕਾ ਮਾਰਿਆ। ਸਕੂਲ ਪ੍ਰਬੰਧਕੀ ਕਮੇਟੀ ਪ੍ਰਧਾਨ ਸ਼੍ਰੀਮਤੀ ਜਸਵਿੰਦਰ ਕੌਰ ਸਿੱਧੂ ਅਤੇ ਸਕੱਤਰ ਸ਼੍ਰੀਮਤੀ ਪਰਮਜੀਤ ਕੌਰ ਨੇ ਵਧੀਆ ਨਤੀਜੇ ਲਈ ਵਿਦਿਆਰਥੀਆਂ, ਉਨ੍ਹਾਂ ਦੇ ਮਾਤਾ-ਪਿਤਾ ਅਤੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਉਮੀਦ ਕੀਤੀ ਕਿ ਇਹ ਵਿਦਿਆਰਥੀ ਭਵਿੱਖ ਵਿਚ ਵੀ ਸ਼ਾਨਦਾਰ ਪ੍ਰਾਪਤੀਆਂ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਮ ਰੌਸ਼ਨ ਕਰਦੇ ਰਹਿਣਗੇ।