JALANDHAR WEATHER

ਸ਼੍ਰੋਮਣੀ ਕਮੇਟੀ ਸਮੇਤ ਹਰ ਸਿੱਖ ਲੋੜਵੰਦ ਸਿੱਖਾਂ ਦੀ ਕਰੇ ਮਦਦ - ਸਿੰਘ ਸਾਹਿਬ

ਸ੍ਰੀ ਅਨੰਦਪੁਰ ਸਾਹਿਬ, 3 ਅਪ੍ਰੈਲ (ਜੇ. ਐਸ. ਨਿੱਕੂਵਾਲ, ਕਰਨੈਲ ਸਿੰਘ)-ਗੁਰੂ ਸਾਹਿਬ ਦਾ ਹੁਕਮ ਹੈ 'ਗਰੀਬ ਦਾ ਮੂੰਹ-ਗੁਰੂ ਕੀ ਗੋਲਕ'। ਇਸ ਸਿਧਾਂਤ ਉਤੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹਰ ਸਿੱਖ ਜਥੇਬੰਦੀ ਤੇ ਹਰ ਇਕ ਸਿੱਖ ਆਪਣੇ ਤੌਰ ਉਤੇ ਲੋੜਵੰਦ ਸਿੱਖਾਂ ਦੀ ਮਦਦ ਕਰੇ। ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ. ਕੁਲਦੀਪ ਸਿੰਘ ਗੜਗੱਜ ਨੇ ਕਹੀ। ਅੱਜ ਗੁਰਮਤਿ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰ ਮਿਲਣੀ ਮੌਕੇ ਉਨ੍ਹਾਂ ਕਿਹਾ ਕਿ ਹੋਰ ਜਗ੍ਹਾ ਉਤੇ ਪੈਸੇ ਖਰਚਣ ਨਾਲੋਂ ਗਰੀਬ ਤੇ ਲੋੜਵੰਦ ਸਿੱਖਾਂ ਦੀ ਬਾਂਹ ਫੜਨੀ ਜ਼ਰੂਰੀ ਹੈ ਤਾਂ ਜੋ ਉਹ ਸਮਾਜ ਵਿਚ ਵਧੀਆ ਤਰੀਕੇ ਨਾਲ ਆਪਣੀ ਤੇ ਆਪਣੇ ਬੱਚਿਆਂ ਦੀ ਜ਼ਿੰਦਗੀ ਬਤੀਤ ਕਰ ਸਕਣ। ਉਨ੍ਹਾਂ ਕਿਹਾ ਕਿ ਹੋਰ ਲੋੜਵੰਦ ਦੀ ਵੀ ਮਦਦ ਕੀਤੀ ਜਾਵੇ ਪਰ ਪਹਿਲਾਂ ਲੋੜਵੰਦ ਸਿੱਖਾਂ ਨੂੰ ਆਪਣੇ ਪੈਰਾਂ ਉਤੇ ਖੜ੍ਹੇ ਕਰਨ ਦੀ ਜ਼ਰੂਰਤ ਹੈ। 

ਉਨ੍ਹਾਂ ਕਿਹਾ ਕਿ ਅੱਜ ਲੋੜ ਹੈ ਸਿੱਖ ਨੌਜਵਾਨਾਂ ਨੂੰ ਆਪਣੇ ਪੰਥ ਵੱਲ ਮੋੜਣ ਦੀ। ਇਸ ਲਈ ਸਾਨੂੰ ਉਨ੍ਹਾਂ ਕੋਲ ਜਾ ਕੇ ਬੈਠਣਾ ਚਾਹੀਦਾ ਹੈ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣ ਕੇ ਹੱਲ ਕੱਢਣਾ ਚਾਹੀਦਾ ਹੈ। ਇਸ ਲਈ ਅਸੀਂ ਸਾਰੇ ਪੰਜਾਬ ਦਾ ਦੌਰਾ ਕਰ ਰਹੇ ਹਾਂ ਤੇ ਸਿੱਖਾਂ ਤੱਕ ਪਹੁੰਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪਾਸਟਰ ਬਜਿੰਦਰ ਤੋਂ ਪੀੜਤ ਪਰਿਵਾਰਾਂ ਵਲੋਂ ਮਿਲ ਕੇ ਆਪਣਾ ਦੁੱਖ ਦੱਸਿਆ ਗਿਆ। ਉਹ ਸਾਡੀਆਂ ਧੀਆਂ-ਭੈਣਾਂ ਹਨ ਤੇ ਉਨ੍ਹਾਂ ਦਾ ਦੁੱਖ ਸੁਣ ਕੇ ਮੈਨੂੰ ਵੀ ਬਹੁਤ ਦੁੱਖ ਹੋਇਆ। ਸਿੰਘ ਸਾਹਿਬ ਨੇ ਸਮੁੱਚੇ ਸਮਾਜ ਨੂੰ ਸੱਦਾ ਦਿੱਤਾ ਕਿ ਅਜਿਹੀ ਮਾੜੀ ਸੋਚ ਵਾਲੇ ਅਨਸਰਾਂ ਤੋਂ ਸਾਰੇ ਧਰਮਾਂ ਦੇ ਲੋਕਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ