ਅਚਾਨਕ ਗੋਲੀ ਲੱਗਣ ਕਾਰਨ ਇਕ ਏ.ਐਸ.ਆਈ. ਦੀ ਮੌਤ

ਕਪੂਰਥਲਾ, 4 ਅਪ੍ਰੈਲ (ਅਮਨਜੋਤ ਸਿੰਘ ਵਾਲੀਆ)- ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਈ.ਵੀ.ਐਮ. ਮਸ਼ੀਨਾਂ ਦੇ ਗੋਦਾਮ ਵਿਚ ਅਚਾਨਕ ਗੋਲੀ ਲੱਗਣ ਕਾਰਨ ਏ.ਐਸ.ਆਈ. ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਨਰਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਅਮਨ ਇਨਕਲੇਵ, ਜੋ ਕਿ ਪੁਲਿਸ ਲਾਈਨ ਵਿਖੇ ਤਾਇਨਾਤ ਸੀ ਅਤੇ ਕਾਫ਼ੀ ਸਮੇਂ ਤੋਂ ਮੈਡੀਕਲ ਛੁੱਟੀ ’ਤੇ ਚੱਲ ਰਿਹਾ ਸੀ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵੇਅਰ ਹਾਊਸ ਈ.ਵੀ.ਐਮ. ਮਸ਼ੀਨਾਂ ਦੇ ਗੋਦਾਮ ਵਿਚ ਆਪਣੇ ਸਾਥੀ ਨੂੰ ਮਿਲਣ ਗਿਆ ਤਾਂ ਅਚਾਨਕ ਗੋਲੀ ਚੱਲ ਪਈ, ਜੋ ਉਸ ਦੀ ਛਾਤੀ ਵਿਚ ਵੱਜਣ ਕਾਰਨ ਉਹ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ ਜਿੱਥੇ ਡਿਊਟੀ ਡਾਕਟਰ ਨਵਨੀਤ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ’ਚ ਰਖਵਾ ਦਿੱਤਾ ਗਿਆ ਹੈ। ਇਸ ਸੰਬੰਧੀ ਥਾਣਾ ਸਦਰ ਮੁਖੀ ਕੰਵਰਜੀਤ ਸਿੰਘ ਬੱਲ ਨੇ ਦੱਸਿਆ ਕਿ ਏ.ਐਸ.ਆਈ. ਦੀ ਅਚਾਨਕ ਗੋਲੀ ਲੱਗਣ ਕਾਰਨ ਮੌਤ ਹੋਈ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।