ਗੱਡੀ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਹੋਣ ਤੋਂ ਹੋਇਆ ਬਚਾਅ
ਮੱਖੂ (ਫ਼ਿਰੋਜ਼ਪੁਰ), 2 ਅਪ੍ਰੈਲ (ਕੁਲਵਿੰਦਰ ਸਿੰਘ ਸੰਧੂ) - ਨੈਸ਼ਨਲ ਹਾਈਵੇ 54 ਮੱਖੂ ਦੋਸਾਂਝ ਹਵੇਲੀ ਦੇ ਨਜ਼ਦੀਕ ਇਕ ਗੱਡੀ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਜ਼ੀਰਾ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾ ਰਹੀ ਇਕ ਫੋਰਡ ਈਕੋ ਸਪੋਰਟ ਗੱਡੀ ਅਚਾਨਕ ਬੰਦ ਹੋਣ ਕਾਰਨ ਗੱਡੀ ਚਲਾ ਰਿਹਾ ਹਰੀਸ਼ ਕੁਮਾਰ ਪੁੱਤਰ ਜਤਿੰਦਰ ਕੁਮਾਰ ਵਾਸੀ ਸ੍ਰੀ ਅੰਮ੍ਰਿਤਸਰ ਸਾਹਿਬ ਆਪਣੇ ਸਾਥੀ ਸਮੇਤ ਬਾਹਰ ਨਿਕਲਿਆ ਤਾਂ ਉਨ੍ਹਾਂ ਦੇਖਿਆ ਬੋਨਟ ਵਿਚੋਂ ਧੂਆਂ ਨਿਕਲਿਆ ਹੈ ਅਤੇ ਉਨ੍ਹਾਂ ਦੇ ਦੇਖਦਿਆਂ ਦੇਖਦਿਆਂ ਅਚਾਨਕ ਗੱਡੀ ਅੱਗ ਦੀ ਚਪੇਟ ਵਿਚ ਆ ਗਈ। ਕੁਝ ਮਿੰਟਾਂ ਵਿਚ ਹੀ ਗੱਡੀ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਮੱਖੂ ਥਾਣੇ ਦੀ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ।