06-04-2025
ਪੰਜਾਬ
ਬਟਵਾਰਾ ਅਤੇ ਨਰਸੰਹਾਰ
ਲੇਖਕ : ਐਂਡਰਸ ਬਿਓਰਨਹੈਨਸਨ,
ਅਨੁਵਾਦ : ਬਲਵਿੰਦਰ ਕੌਰ
ਪ੍ਰਕਾਸ਼ਕ : ਯੂਨੀਸਟਾਰ ਬੁੱਕਸ ਮੁਹਾਲੀ
ਮੁੱਲ : 400 ਰੁਪਏ, ਸਫ਼ੇ : 154
ਸੰਪਰਕ : 0172-5027427
ਪੰਜਾਬ ਦੀ ਵੰਡ ਅਤੇ ਹਿੰਦੁਸਤਾਨ-ਪਾਕਿਸਤਾਨ ਦੀ ਆਜ਼ਾਦੀ ਉਪਰੰਤ ਇਸ ਵਿਸ਼ੇ ਨਾਲ ਸੰਬੰਧਿਤ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਭਾਵ ਨਾਵਲ, ਕਹਾਣੀ, ਕਵਿਤਾ, ਗ਼ਜ਼ਲ ਤੋਂ ਇਲਾਵਾ ਇਤਿਹਾਸਕਾਰਾਂ ਦੁਆਰਾ ਇਸ ਬਾਰੇ ਲਿਖਣਾ ਨਿਰੰਤਰ ਜਾਰੀ ਹੈ। ਡਾ. ਕਿਰਪਾਲ ਸਿੰਘ, ਖੁਸ਼ਵੰਤ ਸਿੰਘ, ਫਰਖੰਦਾ ਲੋਧੀ, ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ ਆਦਿ ਤੋਂ ਇਲਾਵਾ ਬਰਤਾਨਵੀ ਲੇਖਕਾਂ ਇਆਨਟੈਲਬੋਟ ਆਦਿ ਕੁਝ ਗਿਣਵੇਂ-ਚੁਣਵੇਂ ਨਾਂਅ ਹਨ, ਜਿਨ੍ਹਾਂ ਨੇ ਵੰਡ ਦੇ ਸੰਤਾਪ, ਗੁਰਵੰਤ, ਔਰਤਾਂ ਦੇ ਰੋਣੇ, ਹੱਤਿਆਵਾਂ, ਜ਼ਬਰ ਜਿਨਾਹ, ਜਿਊਂਦਿਆਂ ਨੂੰ ਸਾੜਨ ਦੀਆਂ ਘਟਨਾਵਾਂ ਦਾ ਚਿਤਰਣ ਨਿਰਪੱਖਤਾ ਨਾਲ ਕੀਤਾ ਹੈ। ਪੰਜਾਬ ਦੇ ਬਟਵਾਰੇ ਦੇ ਹੋਰ ਅਨੇਕਾਂ ਦੁਖਾਂਤ ਬੱਚਿਆਂ ਦੀ ਦੁਰਦਸ਼ਾ, ਨਵਜੰਮੇ ਬੱਚਿਆਂ ਨੂੰ ਮੌਤ ਦੇ ਘਾਟ ਉਤਾਰਨਾ, ਧਰਮ-ਪਰਿਵਰਤਨ, ਜ਼ਮੀਨਾਂ ਦੇ ਮਸਲੇ, ਆਰਥਿਕ ਮੰਦਹਾਲੀ ਅਤੇ ਸਮਾਜਿਕ ਪਰਿਵਰਤਨ ਆਦਿ ਵਿਸ਼ਿਆਂ ਦਾ ਵੀ ਇਤਿਹਾਸਕਾਰਾਂ ਤੇ ਸਾਹਿਤਕਾਰਾਂ ਦੁਆਰਾ ਅਨੇਕਾਂ ਵਾਰ ਮੁਲਾਂਕਣ ਤੇ ਪੁਨਰ ਮੁਲਾਂਕਣ ਕੀਤਾ ਗਿਆ ਹੈ।
ਵਿਚਾਰ ਅਧੀਨ ਕਿਤਾਬ 'ਪੰਜਾਬ ਦਾ ਬਟਵਾਰਾ ਅਤੇ ਨਰਸੰਹਾਰ' ਪਹਿਲੀਆਂ ਲਿਖਤਾਂ ਤੋਂ ਵੱਖਰੀ ਵਿਚਾਰਧਾਰਾ ਸਥਾਪਤ ਕਰਨ ਦਾ ਯਤਨ ਹੈ। ਲੇਖਕ ਜੋ ਯੂਰਪੀਅਨ ਮੂਲ ਦਾ ਹੈ ਨੇ 1937 ਤੋਂ 1947 ਦੇ ਦਹਾਕੇ ਦੌਰਾਨ ਵਾਪਰੀਆਂ ਘਟਨਾਵਾਂ ਦਾ ਸਿਲਸਲੇਵਾਰ ਮੁਲਾਂਕਣ ਤੇ ਵਰਨਣ ਕੀਤਾ ਹੈ। 1935 ਦੇ ਭਾਰਤ ਸਰਕਾਰ ਐਕਟ ਪਾਸ ਹੋਣ ਨਾਲ ਪੰਜਾਬ ਵਿਚ ਰਾਜਨੀਤਕ ਸਰਵਉੱਚਤਾ ਲਈ ਸੰਘਰਸ਼ ਦੀ ਸ਼ੁਰੂਆਤ ਹੋਈ ਸੀ। ਪੰਜਾਬ ਦੀ ਰਾਜਨੀਤੀ ਵਿਚ ਉਸ ਸਮੇਂ ਭਾਵੇਂ ਯੂਨੀਨਿਸਟ ਪਾਰਟੀ ਨੂੰ ਸਰਵਉੱਚ ਸਥਾਨ ਸਥਾਪਤ ਸੀ, ਪ੍ਰੰਤੂ ਉਸ ਸਮੇਂ ਮੁਹੰਮਦ ਅਨੀ ਜਿਨਾਹ ਦੁਆਰਾ ਯੂਨੀਨਿਸਟ ਨੇਤਾਵਾਂ ਨੂੰ ਸਿਆਸੀ ਖੇਤਰ ਵਿਚ ਚੁਣੌਤੀ ਦੇਣੀ ਸ਼ੁਰੂ ਕਰ ਦਿੱਤੀ ਸੀ। ਇਸ ਇਤਿਹਾਸਕ ਪਿਛੋਕੜ ਨਾਲ ਆਰੰਭ ਹੁੰਦੀ, ਕਿਤਾਬ ਦੇ ਤਿੰਨ ਭਾਗਾਂ ਨੂੰ ਛੇ ਅਧਿਆਵਾਂ ਵਿਚ ਵੰਡਿਆ ਗਿਆ ਹੈ। ਭਾਗ ਪਹਿਲਾ : ਰਾਜਨੀਤਿਕ ਸ਼ਕਤੀ ਸੰਘਰਸ਼ ਅਤੇ ਫਿਰਕਾਪ੍ਰਸਤੀ ਦੇ ਉਭਾਰ, ਅੱਧ ਅਤੇ ਨਵੇਂ ਅਧਿਆਵਾਂ ਤੇ ਆਧਾਰਿਤ ਹੈ। ਦੂਸਰਾ ਭਾਗ ਆਪਸੀ ਝਗੜਾ ਰਾਵਲ ਪਿੰਡੀ ਕਤਲੇਆਮ ਤੋਂ ਪਹਿਲਾਂ ਅਤੇ ਬਾਅਦ ਅਤੇ ਵੰਡ ਅਤੇ ਸੱਤਾ ਦਾ ਤਬਾਦਲਾ ਨਾਲ ਸੰਬੰਧਿਤ ਹੈ। ਤੀਸਰੇ ਭਾਗ ਨਸਲ ਸਫਾਈ ਅਤੇ ਨਸਲ ਕੁਸ਼ੀ ਨੂੰ ਸਮਰਪਿਤ ਹੈ। ਅੰਤ ਵਿਚ ਅਹਿਮ ਵਿਅਕਤੀਆਂ, ਅੰਗਰੇਜ਼ ਅਫਸਰਾਂ, ਫ਼ੌਜੀ ਅਫਸਰਾਂ, ਭਾਰਤੀ ਨੇਤਾਵਾਂ, ਨਿੱਜੀ ਫ਼ੌਜ, ਰਾਜਨੀਤਕ ਦਲਾਂ ਅਤੇ ਵਿਸ਼ੇ ਨਾਲ ਸੰਬੰਧਿਤ ਕਿਤਾਬਾਂ ਦੀ ਸੂਚੀ ਸ਼ਾਮਿਲ ਕੀਤੀ ਗਈ ਹੈ। ਇਤਿਹਾਸਕ ਪਿਛੋਕੜ ਦੇ ਅਧਿਐਨ ਉਪਰੰਤ ਲੇਖਕ ਇਸ ਸਿੱਟੇ 'ਤੇ ਪਹੁੰਚਦਾ ਨਜ਼ਰ ਆਉਂਦਾ ਹੈ ਕਿ ਫਿਰਕੂ ਹਿੰਸਾ ਨੂੰ ਸੰਗਠਿਤ ਕੀਤਾ ਗਿਆ ਸੀ। 1937-47 ਦੌਰਾਨ ਫਿਰਕੂ ਤਣਾਅ ਨਿਰੰਤਰ ਵਿਕਸਿਤ ਹੁੰਦਾ ਗਿਆ। ਇਸ ਵਿਚ ਨਿੱਜੀ ਫ਼ੌਜਾਂ, ਮੁਸਲਿਮ ਲੀਗ, ਨੈਸ਼ਨਲ ਗਾਰਡ, ਰਾਸ਼ਠਰੀ ਸਵੈਮ ਸੰਘ (ਆਰ.ਐਸ.ਐਸ.) ਅਤੇ ਅਕਾਲ ਫ਼ੌਜ ਆਦਿ ਨੂੰ ਸ਼ਾਮਿਲ ਕਰਕੇ ਯੋਜਨਾਬੱਧ ਤਰੀਕੇ ਨਾਲ ਕੀਤੀ ਗਈ ਤਿਆਰੀ ਸੀ। ਸਿੱਟੇ ਵਜੋਂ ਪੰਜਾਬ ਵੰਡ ਦੀ ਨਸਲਕੁਸ਼ੀ ਨੂੰ ਸੰਪਰਦਾਇਕ ਸੰਗਠਨਾਂ ਦੁਆਰਾ ਪੂਰਨ ਰੂਪ ਵਿਚ ਲਾਗੂ ਕੀਤਾ ਗਿਆ ਸੀ। ਐਂਡਰਸ ਬਿਓਰਨਹੈਨਸਨ ਅਨੁਸਾਰ ਰਾਜ ਦੀ ਸ਼ਮੂਲੀਅਤ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਨਸਲਕੁਸ਼ੀ ਦੀ ਸਥਿਤੀ ਵੱਲ ਨੂੰ ਵੱਧ ਰਹੀਆਂ ਪ੍ਰਕਿਰਿਆਵਾਂ ਦੇ ਅਧਿਐਨ ਵੀ ਵਧੇਰੇ ਜ਼ਰੂਰਤ ਹੈ।
ਆਧੁਨਿਕ ਭਾਰਤ, ਪਾਕਿਸਤਾਨ, ਪੰਜਾਬ ਅਤੇ ਵੰਡ ਆਦਿ ਵਿਸ਼ਿਆਂ ਵਿਚ ਮੁਹਾਰਤ ਹਾਸਲ ਇਤਿਹਾਸਕਾਰ ਇਆਨਟੈਲਬੌਟ ਨੇ ਇਸ ਕਿਤਾਬ ਦੀ ਭੂਮਿਕਾ ਵਿਚ ਲਿਖਿਆ ਹੈ ਕਿ '1947 ਦੇ ਪਾਗਲਣ ਵਿਚ ਬੇਰਹਿਮੀ ਤੋਂ ਪ੍ਰੇਸ਼ਾਨ ਪੰਜਾਬੀ ਭਾਈਚਾਰਕ ਸਦਭਾਵਨਾ ਦੇ ਸੁਹਾਵਣੇ ਦ੍ਰਿਸ਼ਟੀਕੋਣਾਂ ਨੂੰ ਦਰਸਾਉਣ ਵਾਲੇ ਬਿਰਤਾਂਤ ਓਨੇ ਹੀ ਸਰਲ ਹਨ ਜਿੰਨੇ ਕਿ ਦੋ ਰਾਸ਼ਟਰ ਸਿਧਾਂਤ ਸਦੀਵੀ ਭਾਈਚਾਰਕ ਵਖਰੇਵੇਂ ਦਾ ਵਿਸ਼ਲੇਸ਼ਣ ਕਰਦੇ ਹਨ। ਉਸ ਸਮੇਂ ਭਾਈਚਾਰਕ ਤਣਾਅ ਅਤੇ ਬੇਭਰੋਸਗੀ ਗਹਿਰੇ ਸਨ। ਇਸ ਕਿਤਾਬ ਦੀ ਪਹੁੰਚ ਵਿਸ਼ੇ ਨਾਲ ਸੰਬੰਧਿਤ ਪਹੁੰਚ ਵੱਖਰੀ ਤੇ ਨਿਵੇਕਲੀ ਹੈ। ਸੰਖੇਪ ਵਿਚ ਵੰਡ ਨਾਲ ਸੰਬਧਿਤ ਹਿੰਸਾ, ਨਸਲਕੁਸ਼ੀ ਦਸ ਸਾਲ ਦੀ ਅਸ਼ਾਂਤੀ ਦਾ ਸਮਾਂ, ਫਿਰਕੂ ਖਾਨਾਜੰਗੀ ਅਤੇ ਵੰਡ ਸੰਬੰਧੀ ਹੱਦ ਬੰਦੀਆਂ ਆਦਿ ਵਿਸ਼ਿਆਂ ਬਾਰੇ ਅਨੇਕਾਂ ਮੁਢਲੇ ਇਤਿਹਾਸਕ ਸਰੋਤਾਂ, ਖੁਫੀਆ ਰਿਪੋਰਟਾਂ, ਅਖ਼ਬਾਰਾਂ, ਨਾਵਲਾਂ, ਨੇਤਾਵਾਂ ਦੇ ਨਿੱਜੀ ਪੇਪਰਾਂ, ਜੀਵਨ ਡਾਇਰੀਆਂ ਅਤੇ ਹੋਰ ਮਹੱਤਵਪੂਰਨ ਲਿਖਤਾਂ ਦੇ ਆਧਾਰਿਤ ਇਹ ਇਕ ਨਵੀਂ ਵਿਚਾਰਧਾਰਾ ਸਥਾਪਿਤ ਕਰਨ ਲਈ ਕੀਤਾ ਗਿਆ ਸਫਲ ਯਤਨ ਹੈ। ਬਲਵਿੰਦਰ ਕੌਰ ਵਲੋਂ ਪੰਜਾਬੀ ਭਾਸ਼ਾ ਵਿਚ ਕੀਤਾ ਗਿਆ ਅਨੁਵਾਦ ਸਫਲ ਤੇ ਪ੍ਰਸੰਸਾਗਯੋਗ ਹੈ।
-ਮੁਹੰਮਦ ਇਦਰੀਸ
ਮੋਬਾਈਲ : 98141-71786
ਦੇਵ : ਸ਼ਬਦ ਅਕਾਰ
ਸੰਪਾਦਕ : ਡਾ. ਰਘਬੀਰ ਸਿੰਘ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼ ਨਵੀਂ ਦਿੱਲੀ
ਮੁੱਲ : 500 ਰੁਪਏ, ਸਫੇ : 208
ਸੰਪਰਕ : 011-26802488
ਦੇਵ ਸਵਿਟਜ਼ਰਲੈਂਡ ਵਿਚ ਵਸਦਾ ਅਜਿਹਾ ਪੰਜਾਬੀ ਸ਼ਾਇਰ ਹੈ, ਜਿਸ ਦੀ ਰੂਹ ਵਿਚ ਸ਼ਾਇਰੀ ਅਤੇ ਚਿੱਤਰਕਾਰੀ ਦੋਵੇਂ ਹੀ ਕਲਾਵਾਂ ਸਮਾਈਆਂ ਹੋਈਆਂ ਹਨ। ਉਸ ਦੀ ਕਾਵਿ-ਪੁਸਤਕ 'ਮਬਦਾਂਤ' ਲਈ ਉਸ ਨੂੰ ਸਾਹਿਤ ਅਕਾਦਮੀ ਦਾ ਪੁਰਸਕਾਰ ਵੀ ਪ੍ਰਾਪਤ ਹੋ ਚੁੱਕਾ ਹੈ। ਭਾਵੇਂ ਕਿ ਆਮ ਪੰਜਾਬੀ ਪਾਠਕ ਦੇਵ ਨੂੰ ਬਹੁਤਾ ਨਹੀਂ ਜਾਣਦੇ, ਪਰ ਉੱਚ ਅਕਾਦਮਿਕ ਹਲਕਿਆਂ ਵਿਚ ਉਸ ਨੂੰ ਪ੍ਰਵਾਸੀ ਪੰਜਾਬੀ ਕਵਿਤਾ ਦਾ ਸ਼ਾਇਰ ਆਖ ਕੇ ਉਸ ਦੀ ਕਵਿਤਾ ਦਾ ਜ਼ਿਕਰ ਕੀਤਾ ਜਾਂਦਾ ਹੈ। ਦੇਵ ਕਵੀ ਹੋਣ ਦੇ ਨਾਲ-ਨਾਲ ਚਿੱਤਰਕਾਰ ਵੀ ਹੈ, ਇਸ ਬਾਰੇ ਵੀ ਦੇਵ ਨੂੰ ਜਾਣਨ ਵਾਲੇ ਭਲੀ-ਭਾਂਤ ਜਾਣਦੇ ਹਨ। ਡਾ. ਰਘਬੀਰ ਸਿੰਘ ਦੁਆਰਾ ਸੰਪਾਦਿਤ ਵਿਚਾਰ ਅਧੀਨ ਪੁਸਤਕ 'ਦੇਵ : ਸ਼ਬਦ ਅਕਾਰ' ਅਜਿਹੀ ਪੁਸਤਕ ਹੈ, ਜਿਹੜੀ ਦੇਵ ਦੀ ਸ਼ਾਇਰੀ, ਚਿੱਤਰਕਾਰੀ ਅਤੇ ਸ਼ਖ਼ਸੀਅਤ ਦੇ ਬਹੁਤ ਸਾਰੇ ਪਹਿਲੂਆਂ 'ਤੇ ਘੋਖਵੀਂ ਝਾਤ ਪਵਾਉਂਦੀ ਹੈ। ਇਸ ਪੁਸਤਕ ਵਿਚ ਜਿਥੇ ਦੇਵ ਦੀ ਸ਼ਾਇਰੀ ਬਾਰੇ ਆਲੋਚਨਾਤਮਿਕ ਖੋਜ ਪੱਤਰ ਵੱਖ-ਵੱਖ ਵਿਦਵਾਨਾਂ ਵਲੋਂ ਪੇਸ਼ ਕੀਤੇ ਗਏ ਹਨ, ਉਥੇ ਦੇਵ ਨਾਲ ਸੁਕੀਰਤ ਦੀ ਇਕ ਲੰਮੀ ਮੁਲਾਕਾਤ ਦੇ ਨਾਲ-ਨਾਲ ਦੇਵ ਦਾ ਸਵੈ-ਬਿਆਨ ਵੀ ਪੇਸ਼ ਕੀਤਾ ਗਿਆ ਹੈ। ਵਿਦਵਾਨ ਆਲੋਚਕਾਂ ਵਲੋਂ ਲਿਖੇ ਖੋਜ ਪੱਤਰਾਂ ਵਿਚ ਜਿਥੇ ਦੇਵ ਦੀ ਕਵਿਤਾ ਦੀਆਂ ਵੱਖ-ਵੱਖ ਪਰਤਾਂ ਨੂੰ ਪਾਠਕਾਂ ਦੇ ਸਨਮੁੱਖ ਕੀਤਾ ਗਿਆ ਹੈ, ਉਥੇ ਡਾ. ਸਾਧੂ ਸਿੰਘ, ਹਰਜੀਤ ਸਿੰਘ, ਡਾ. ਰਾਜਿੰਦਰਪਾਲ ਸਿੰਘ ਬਰਾੜ ਦੁਆਰਾ ਦੇਵ ਦੀ ਜੀਵਨਸ਼ੈਲੀ ਦੇ ਵੱਖ-ਵੱਖ ਪਹਿਲੂ ਵੀ ਉਜਾਗਰ ਕੀਤੇ ਗਏ ਹਨ, ਭਾਵੇਂ ਕਿ ਇਨ੍ਹਾਂ ਰਚਨਾਵਾਂ ਵਿਚ ਦੇਵ ਦੀ ਸਿਰਜਣਾਤਮਿਕ ਪ੍ਰਤਿਭਾ ਬਾਰੇ ਵੀ ਸੰਵਾਦ ਰਚਾਇਆ ਗਿਆ। ਆਲੋਚਨਾਤਮਿਕ ਦ੍ਰਿਸ਼ਟੀ ਤੋਂ ਦੇਵ ਦੀ ਕਾਵਿ-ਪ੍ਰਕਿਰਿਆ ਬਾਰੇ ਡਾ. ਰਘਬੀਰ ਸਿੰਘ, ਡਾ. ਸੁਤਿੰਦਰ ਸਿੰਘ ਨੂਰ, ਡਾ. ਯੋਗਰਾਜ, ਡਾ. ਸਰਬਜੀਤ ਸਿੰਘ, ਡਾ. ਵਨੀਤਾ, ਡਾ. ਗੁਰਭਗਤ ਸਿੰਘ ਦੇ ਖੋਜ-ਪੱਤਰ ਪੁਸਤਕ ਵਿਚ ਸ਼ਾਮਿਲ ਕੀਤੇ ਗਏ ਹਨ। ਇਨ੍ਹਾਂ ਸਾਰੇ ਹੀ ਖੋਜ ਪੱਤਰਾਂ ਅਤੇ ਲੇਖਾਂ ਵਿਚ ਜਿਥੇ ਦੇਵ ਦੀ ਚਿੱਤਰਕਾਰੀ ਅਤੇ ਰਚਨਾ-ਪ੍ਰਕਿਰਿਆ ਬਾਰੇ ਸੰਵਾਦ ਰਚਾਇਆ ਹੈ, ਉਥੇ ਦੇਵ ਨੂੰ ਆਮ ਪਾਠਕ ਨਾਲ ਜੋੜਨ ਦਾ ਵਸੀਲਾ ਵੀ ਇਸ ਪੁਸਤਕ ਨੂੰ ਬਣਾਇਆ ਗਿਆ ਹੈ। ਦੇਵ ਦੀ ਸ਼ਾਇਰੀ ਅਤੇ ਸ਼ਖ਼ਸੀਅਤ ਬਾਰੇ ਵਿਸਥਾਰਤ ਜਾਣਕਾਰੀ ਅਤੇ ਸੰਵਾਦ ਰਚਾਉਂਦੀ ਇਹ ਪੁਸਤਕ ਉੱਚ-ਅਕਾਦਮਿਕ ਹਲਕਿਆਂ ਵਿਚ ਦੇਵ ਦੀ ਰਚਨਾਕਾਰੀ ਬਾਰੇ ਖੋਜ ਕਰਨ ਵਾਲੇ ਵਿਦਵਾਨਾਂ ਅਤੇ ਖੋਜਾਰਥੀਆਂ ਲਈ ਲਾਹੇਵੰਦ ਸਾਬਤ ਹੋਵੇਗੀ।
-ਡਾ. ਸਰਦੂਲ ਸਿੰਘ ਔਜਲਾ
ਮੋਬਾਈਲ : 98141-68611
ਬੰਦਾ ਬਣ
ਕਵੀ : ਸਰਵਣਬੀਰ ਸਿੰਘ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ ਲੁਧਿਆਣਾ
ਮੁੱਲ : 225 ਰੁਪਏ, ਸਫ਼ੇ : 80
ਸੰਪਰਕ : 9880-11096
'ਬੰਦਾ ਬਣ' ਪੁਸਤਕ ਵਿਚ ਕਵੀ ਸਰਵਣਬੀਰ ਨੇ 21 ਰਚਨਾਵਾਂ ਸ਼ਾਮਿਲ ਕੀਤੀਆਂ ਹਨ। ਇਹ ਪੁਸਤਕ ਦੀ ਭੂਮਿਕਾ 'ਨਿਵੇਕਲਾ ਸਫਰ' ਸਿਰਲੇਖ ਹੇਠ ਲੇਖਕ ਨੇ ਖੁਦ ਹੀ ਲਿਖੀ ਹੈ। ਲੇਖਕ ਨੇ ਇਹ ਪੁਸਤਕ ਆਪਣੇ ਪਿਤਾ ਕਰਨੈਲ ਸਿੰਘ ਅਤੇ ਮਾਤਾ ਚਰਨ ਕੌਰ ਨੂੰ ਸਮਰਪਿਤ ਕੀਤੀ ਹੈ। ਇਸ ਪੁਸਤਕ ਦੇ ਸਿਰਲੇਖ ਵਾਲੀ ਲੰਮੀ ਰਚਨਾ 'ਬੰਦਾ ਬਣ' ਪਾਠਕਾਂ ਦਾ ਵਿਸ਼ੇਸ਼ ਧਿਆਨ ਖਿੱਚਦੀ ਹੈ। ਇਹ ਕਵਿਤਾ ਸਮੁੱਚੀ ਪੁਸਤਕ ਦਾ ਨਿਚੋੜ ਵੀ ਹੈ। ਕਵੀ ਮਨੁੱਖ ਦੀ ਚੇਤਨਾ ਨੂੰ ਹਲੂਣਦਾ ਪ੍ਰਕਿਰਤੀ, ਸਮਾਜ ਅਤੇ ਇਨਸਾਨੀਅਤ ਲਈ ਕੁਝ ਵੱਖਰਾ ਅਤੇ ਵਿਸ਼ੇਸ਼ ਕਰਨ ਦੀ ਪ੍ਰੇਰਨਾ ਦਿੰਦਾ ਹੋਇਆ ਮਨੁੱਖ ਨੂੰ ਸਹੀ ਅਰਥਾਂ ਵਿਚ ਇਨਸਾਨ ਬਣਨ ਲਈ ਪ੍ਰੇਰਦਾ ਹੈ:
ਕਿਸ ਗੱਲ ਦਾ ਹੰਕਾਰ ਕਰੇਂ ਤੂੰ
ਮੁੱਲਾਂ ਦੌਲਤ ਸ਼ੋਹਰਤ ਦਾ
ਤੇਰੀ ਆਪਣੇ ਬੁੱਤ ਦੀ ਵੀ
ਮਿੱਟੀ ਬਣਨੀ ਸਮਸ਼ਾਨ ਦੀ।
ਕਵੀ ਨੇ ਰਾਜਨੀਤਕ ਮਸਲਿਆਂ ਸੰਬੰਧੀ 'ਕਸ਼ਮੀਰ' ਕਵਿਤਾ ਰਾਹੀਂ ਜੰਮੂ-ਕਸ਼ਮੀਰ ਦੀ ਰਾਜਨੀਤਕ ਅਸਥਿਰਤਾ ਸੰਬੰਧੀ ਭਾਵ ਪੂਰਤ ਬਿਆਨ ਕੀਤਾ ਹੈ। ਕਵੀ ਨੇ ਸੀਮਤ ਹੁੰਦੇ ਰਿਸ਼ਤਿਆਂ 'ਤੇ ਵੀ ਚਿੰਤਾ ਪ੍ਰਗਟਾਈ ਹੈ। ਕਵਿਤਾ ਰਿਸ਼ਤੇ ਵੇਖੀ ਜਾ ਸਕਦੀ ਹੈ।
ਕਵੀ 'ਮਾਂ ਬੋਲੀ' ਦਾ ਪਿਆਰਾ ਬਣ ਕੇ ਇਸ ਦੀ ਮਹੱਤਤਾ 'ਤੇ ਝਾਤ ਪਾਉਂਦਾ ਹੈ। ਕਵਿਤਾ 'ਮੈਂ ਨਈਂ ਬਾਲ ਪੜ੍ਹਾਉਣੇ' ਵੇਖੀ ਜਾ ਸਕਦੀ ਹੈ। ਕਵੀ ਨੇ ਆਰਥਿਕ ਥੁੜਾਂ ਦੇ ਮਾਰੇ ਲੋਕਾਂ ਦੀ ਵੇਦਨਾ ਵੀ ਪ੍ਰਗਟ ਕੀਤੀ ਹੈ। 'ਰੱਬ ਦੇ ਪਿਆਰੇ' ਕਵਿਤਾ ਵੇਖੀ ਜਾ ਸਕਦੀ ਹੈ।
ਨਾ ਜਾਤਾਂ ਨਾ ਪਾਤਾਂ ਨਾ ਮਜ਼੍ਹਬਾਂ 'ਚ ਕੱਸਣ
ਜਾਂ ਐਬਾਂ 'ਤੇ ਹੱਸਣ ਜਾਂ ਆਪੇ 'ਤੇ ਹੱਸਣ
ਭਾਵੇਂ ਤਨ 'ਤੇ ਲੀਰਾਂ
ਪਰ ਸਿਦਕੋਂ ਨਾ ਮਾੜੇ
ਹੋਣੇ ਜੱਗ ਲਈ ਕਮਲੇ
ਪਰ ਰੱਬ ਦੇ ਪਿਆਰੇ।
ਸਮੁੱਚੇ ਤੌਰ 'ਤੇ ਇਹ ਕਾਵਿ-ਸੰਗ੍ਰਹਿ ਗਿਣਤੀ ਪੱਖੋਂ ਥੋੜ੍ਹੀਆਂ ਪਰ ਗੁਣਾਤਮਿਕ ਤੌਰ 'ਤੇ ਪ੍ਰਪੱਕ ਰਚਨਾਵਾਂ ਦਾ ਸੰਗ੍ਰਹਿ ਹੈ, ਜੋ ਪਾਠਕਾਂ ਨੂੰ ਵਿਸ਼ੇਸ਼ ਸੇਧ ਦਿੰਦਿਆਂ ਬਹੁਤ ਸਾਰੇ ਵਿਸ਼ਿਆਂ ਬਾਰੇ ਚਿੰਤਨ ਕਰਨ ਲਈ ਮਜਬੂਰ ਕਰਦਾ ਹੈ। ਕਵੀ ਦਾ ਮੰਨਣਾ ਹੈ ਕਿ ਉਸ ਦੀ ਇਹ ਪੁਸਤਕ ਉਸ ਦੇ ਮਾਪਿਆਂ ਲਈ ਵੈਰਾਗ 'ਚੋਂ ਪੈਦਾ ਹੋਈ ਹੈ। 'ਬੰਦਾ ਬਣ' ਦੀ ਹਦਾਇਤ ਵਿਚ ਅਸੀਸਾਂ ਅਤੇ ਦੁਆਵਾਂ ਵੀ ਸ਼ਾਮਿਲ ਹਨ। ਇਸ ਪੁਸਤਕ ਲਈ ਲੇਖਕ ਸਰਵਣਬੀਰ ਸਿੰਘ ਨੂੰ ਮੁਬਾਰਕਬਾਦ ਅਤੇ ਸ਼ੁੱਭ ਕਾਮਨਾਵਾਂ।
-ਪ੍ਰੋ. ਕੁਲਜੀਤ ਕੌਰ
kuljitkaur197@gmail.com
ਹੀਰਿਆਂ ਦੀ ਮੁੱਠ
ਲੇਖਕ : ਸੁਰਿੰਦਰ ਕੁਮਾਰ ਜੱਸੀ
ਪ੍ਰਕਾਸ਼ਕ : ਜੱਸੀ ਬ੍ਰਦਰਜ਼, ਜਮਸ਼ੇਰ ਖਾਸ (ਜਲੰਧਰ)
ਮੁੱਲ : 240 ਰੁਪਏ, ਸਫ਼ੇ : 80
ਸੰਪਰਕ : 98141-27715
ਸ਼ਾਇਰ ਸੁਰਿੰਦਰ ਕੁਮਾਰ ਜੱਸੀ ਆਪਣੇ ਪਲੇਠੇ ਕਾਵਿ-ਸੰਗ੍ਰਹਿ 'ਹੀਰਿਆਂ ਦੀ ਮੁੱਠ' ਨਾਲ ਪੰਜਾਬੀ ਸ਼ਾਇਰੀ ਦੇ ਦਰਵਾਜ਼ੇ 'ਤੇ ਦਸਤਕ ਦੇ ਰਿਹਾ ਹੈ। ਸ਼ਾਇਰ ਨੂੰ ਪ੍ਰਸਿੱਧ ਕਹਾਣੀਕਾਰ ਪ੍ਰੋ. ਡਾ. ਵਰਿਆਮ ਸਿੰਘ ਸੰਧੂ ਦਾ ਵਿਦਿਆਰਥੀ ਹੋਣ ਦਾ ਸਰਫ਼ ਹਾਸਿਲ ਹੈ, ਜਿਨ੍ਹਾਂ ਦੀ ਸੰਗਤ ਕਰਦਿਆਂ ਸ਼ਾਇਰ ਨੇ ਹਰਫਾਂ ਦੀ ਚੋਗ ਚੁਗਣ ਦੇ ਗੁਰ ਹਾਸਿਲ ਕੀਤੇ ਤੇ ਉਨ੍ਹਾਂ ਦੀ ਸੰਗਤ ਬਦੌਲਤ ਹੀ ਇਹ ਕਾਵਿ-ਸੰਗ੍ਰਹਿ ਪਾਠਕਾਂ ਦੀ ਕਚਹਿਰੀ ਵਿਚ ਪਹੁੰਚਿਆਂ ਹੈ। ਸ਼ਾਇਰ ਦੀ ਸ਼ਾਇਰੀ ਦੀ ਤੱਥ-ਵੱਥ ਦੀ ਤੰਦ ਸੂਤਰ ਇਸ ਕਿਤਾਬ ਦੇ ਸਮਰਪਣ ਤੋਂ ਸਹਿਜੇ ਹੀ ਅਸਾਡੇ ਹੱਥ ਆ ਜਾਂਦੀ ਹੈ, ਜਦੋਂ ਉਹ ਆਪਣੇ ਦਾਦੇ ਸ੍ਰੀ ਮੁਨਸ਼ੀ ਰਾਮ, ਦਾਦੀ ਸ੍ਰੀਮਤੀ ਕਰਤਾਰੀ ਜੀ, ਨਾਨਾ ਭਗਤ ਰਾਮ ਮਾਂਗਟ ਅਤੇ ਨਾਨੀ ਸ੍ਰੀਮਤੀ ਹਰਭਜਨ ਕੌਰ ਤੋਂ ਪ੍ਰੇਰਕ ਕਥਾ ਕਹਾਣੀਆਂ ਸੁਣ ਕੇ ਉਨ੍ਹਾਂ ਦੇ ਵਚਨਾਂ ਨੂੰ ਹੀਰਿਆਂ ਦੀ ਮੁੱਠ ਆਖਦਾ ਹੈ ਤੇ ਇਸ ਕਿਤਾਬ ਦਾ ਨਾਮਕਰਨ ਵੀ ਸ਼ਾਇਦ ਇਸੇ ਕਰਕੇ 'ਹੀਰਿਆਂ ਦੀ ਮੁੱਠ' ਰੱਖਿਆ ਹੈ। ਸ਼ਾਇਰ ਅਧਿਆਤਮਿਕਤਾ ਦੇ ਰੰਗ ਵਿਚ ਰੰਗਿਆ ਹੋਇਆ ਹੈ ਤਾਂ ਹੀ ਉਹ ਮਿੱਟੀ ਨੂੰ ਕਾਲੀ, ਸੌਰੀ ਚਿੱਟੀ ਤੇ ਫਿੱਕੀ ਆਖਦਾ ਹੈ ਤੇ ਇਸ ਮਿੱਟੀ ਰਾਹੀਂ ਹੀ ਅਸੀਂ ਕਬਰ ਨਾਂਅ ਦੀ ਮਾਂ ਦੀ ਗੋਦ ਵਿਚ ਸੌਂ ਜਾਣਾ ਹੈ, ਜੋ ਹਿੰਦੂ, ਮੁਸਲਿਮ, ਸਿੱਖ ਅਤੇ ਇਸਾਈਆਂ ਨੂੰ ਵੀ ਸਦਾ ਸਦਾ ਲਈ ਪਰਦਾ ਦੇ ਦਿੰਦੀ ਹੈ। ਸ਼ਾਇਰ ਨਫ਼ਰਤ ਦੀ ਰਾਣੀ 'ਤੇ ਲਾਹਨਤਾਂ ਦੀ ਵਾਛੜ ਕਰਦਾ ਹੋਇਆ ਕਹਿੰਦਾ ਹੈ ਕਿ ਨਫ਼ਰਤਾਂ ਦੀਏ ਰਾਣੀਏ ਤੈਨੂੰ ਤਾਂ ਪੀਰਾਂ-ਫਕੀਰਾਂ ਨੇ ਵੀ ਪਨਾਹ ਨਹੀਂ ਦੇਣੀ।
ਸ਼ਾਇਰ ਇਸ ਜਗਤ ਤਮਾਸ਼ੇ ਨੂੰ ਕੱਠਪੁਤਲੀਆਂ ਦੇ ਨਾਚ ਦਾ ਨਾਂਅ ਦਿੰਦਾ ਹੈ, ਜਿਸ ਨੂੰ ਨਚਾਉਣ ਵਾਲਾ ਉਹਲੇ ਵਿਚ ਤੰਦ ਫੜੀ ਬੈਠਾ ਹੈ, ਸ਼ਾਇਰ ਚੰਗੇਰੇ ਭਵਿੱਖ ਦੀ ਉਮੀਦ ਲੈ ਕੇ ਪ੍ਰਵਾਸੀ ਬੰਦੇ ਦਾ ਦਰਦ ਵੀ ਭਲੀ ਪ੍ਰਕਾਰ ਸਮਝਦਾ ਹੈ ਕਿ ਭਾਵੇਂ ਉਹ ਡਾਲਰਾਂ ਤੇ ਪੌਂਡਾਂ ਦੇ ਅੰਬਾਰ ਇਕੱਠੇ ਕਰੀ ਬੈਠਾ ਹੈ, ਪਰ ਰੱਖੜੀ ਦੇ ਦਿਨ ਸੁੰਨਾ ਗੁੱਟ ਦੇਖ ਕੇ ਜੋ ਉਸ 'ਤੇ ਬੀਤਦੀ ਹੈ। ਉਸ ਦਾ ਦਰਦ ਉਹ ਪ੍ਰਵਾਸੀ ਬੰਦਾ ਹੀ ਜਾਣਦਾ ਹੈ, ਸ਼ਾਇਰ ਬਚਪਨ ਦੀਆਂ ਲਟਬੌਰੀ ਅਠਖੇਲੀਆਂ ਨੂੰ ਯਾਦ ਕਰਕੇ ਪਿਘਲ-ਪਿਘਲ ਜਾਂਦਾ ਹੈ। ਸ਼ਾਇਰ ਨੇ ਹੋਰ ਵਿਭਿੰਨ ਮਾਨਵੀ ਫਿਕਰਾਂ ਤੇ ਸਰੋਕਾਰਾਂ ਨਾਲ ਕਾਵਿਕ ਦਸਤਪੰਜਾ ਲਿਆ ਹੈ ਤੇ ਵਿਸ਼ੇਸ਼ ਕਰਕੇ ਉਹ ਨਸ਼ੇ ਦੇ ਵਪਾਰੀਆਂ ਨੂੰ ਆੜੇ ਹੱਥੀਂ ਲੈਂਦਾ ਹੋਇਆ ਕਹਿੰਦਾ ਹੈ ਕਿ ਪੰਜਾਬ ਅੰਦਰ ਨਸ਼ਿਆਂ ਦਾ ਛੇਵਾਂ ਦਰਿਆ ਵਗਾਉਣ ਵਾਲਿਓ ਬਾਜ਼ ਆ ਜਾਓ ਨਹੀਂ ਤਾਂ ਹਰ ਰੋਜ਼ ਸਿਵਿਆਂ ਤੋਂ ਉੱਠ ਰਹੀਆਂ ਅੱਗ ਦੀਆਂ ਲਾਟਾਂ ਤੁਹਾਨੂੰ ਕਿਤੇ ਵੀ ਢੋਈ ਨਹੀਂ ਦੇਣਗੀਆਂ। ਰੰਗਲੇ ਪੰਜਾਬ ਨੂੰ ਕੰਗਲਾ ਪੰਜਾਬ ਬਣਾਉਣ ਵਾਲਿਆਂ ਨੂੰ ਹਰ ਥਾਂ ਲੋਕ ਥੂ-ਥੂ ਕਰਨਗੇ। 'ਰਾਂਝੇ ਨੂੰ ਖਤ', 'ਜ਼ਰਾ ਸੰਭਲ ਕੇ ਬੋਲੀਂ', 'ਸ਼ੇਰਨੀਆਂ ਬਣ ਜਾਓ', 'ਇਨਕਲਾਬ', 'ਦੇਸ਼ ਦੀ ਆਜ਼ਾਦੀ' ਅਤੇ 'ਗੁਲਾਮੀ ਦੀਆਂ ਬੇੜੀਆਂ', 'ਨਾਮ ਦੀਆਂ ਨਜ਼ਮਾਂ ਵਿਸ਼ੇਸ਼ ਧਿਆਨ ਖਿੱਚਦੀਆਂ ਹਨ। ਨਿਕਟ ਭਵਿੱਖ ਵਿਚ ਸ਼ਾਇਰ ਤੋਂ ਬਿਹਤਰ ਕਲਾਤਮਿਕ ਪ੍ਰਗਟਾਵੇ ਦੀਆਂ ਕਿਰਤਾਂ ਦੀ ਉਡੀਕ ਰਹੇਗੀ।
-ਭਗਵਾਨ ਢਿੱਲੋਂ
ਮੋਬਾਈਲ : 98143-78254
ਅਣਸਮਝੀ ਔਰਤ
ਲੇਖਕ : ਜਗਵੀਰ ਸਿੰਘ ਗਾਗਾ
ਪ੍ਰਕਾਸ਼ਕ : ਡੀ.ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 200 ਰੁਪਏ, ਸਫ਼ੇ : 96
ਸੰਪਰਕ : 94643-49501
ਅਜੋਕੇ ਯੁੱਗ 'ਚ ਬੇਸ਼ੱਕ ਔਰਤ ਮਰਦ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਖੇਤਰਾਂ 'ਚ ਵਧ ਚੜ੍ਹ ਕੇ ਅੱਗੇ ਵਧ ਰਹੀ ਹੈ। ਉਸ ਨੇ ਖ਼ੁਦ ਨੂੰ ਮਰਦ ਨਾਲੋਂ ਬਿਹਤਰ ਹੋਣਾ ਵੀ ਸਾਬਤ ਕਰ ਦਿੱਤਾ ਹੈ। ਇਸ ਦੇ ਬਾਵਜੂਦ ਮਰਦ ਪ੍ਰਧਾਨ ਸਮਾਜ ਦੀ ਅੱਖ ਔਰਤ ਦੀ ਹੋਂਦ ਅਤੇ ਹਸਤੀ ਨੂੰ ਗੌਲਦੀ ਨਹੀਂ। ਜਾਣ-ਬੁੱਝ ਕੇ ਉਸ ਨੂੰ ਅੱਖੋਂ ਪਰੋਖੇ ਕਰਦੀ ਹੈ। ਨਾਵਲਕਾਰ ਜਗਵੀਰ ਸਿੰਘ ਗਾਗਾ ਦਾ ਇਹ ਨਾਵਲ ਇਸ ਕੌੜੇ ਸਭ ਨੂੰ ਬਿਆਨਦਾ ਹੈ। ਇਸ ਨਾਵਲ ਦੀ ਨਾਇਕਾ ਕੁਲਜੀਤ ਇਸੇ ਸੱਚ ਦੀ ਸ਼ਿਕਾਰ ਹੈ। ਉਸ ਦੀ ਜ਼ਿੰਦਗੀ ਦੇ ਅਹਿਮ ਫ਼ੈਸਲੇ ਜਿਨ੍ਹਾਂ ਨੂੰ ਉਸ ਆਜ਼ਾਦੀ ਅਤੇ ਹੱਕ ਨਾਲ ਖ਼ੁਦ ਲੈਣੇ ਸਨ, ਨਹੀਂ ਲੈ ਸਕੀ। ਇਥੋਂ ਤੱਕ ਕਿ ਜੀਵਨ ਸਾਥੀ ਚੁਣਨ ਦਾ ਮਨੁੱਖੀ ਅਧਿਕਾਰ ਵੀ ਉਹ ਨਹੀਂ ਵਰਤ ਸਕੀ। ਘਰਦਿਆਂ ਨੇ ਉਸ 'ਤੇ ਆਪਣੀ ਮਰਜ਼ੀ ਥੋਪ ਦਿੱਤੀ। ਉਸ ਦੀ ਆਤਮਾ ਨੇ ਘਰਦਿਆਂ ਵਲੋਂ ਥੋਪਿਆ ਜੀਵਨ ਸਾਥੀ ਨਹੀਂ ਸਵੀਕਾਰਿਆ ਸੀ। ਨਾ ਉਸ ਨੂੰ ਸਮਝਿਆ ਗਿਆ। ਨਾ ਉਸ ਨੂੰ ਮਨਾਇਆ, ਸਮਝਾਇਆ ਗਿਆ। ਸਾਰੀ ਜ਼ਿੰਦਗੀ 'ਅਣਸਮਝੀ ਔਰਤ' ਬਣ ਕੇ ਕੱਟ ਲਈ। ਕੁਝ ਤਕਨੀਕੀ ਕਮੀਆਂ ਦੇ ਬਾਵਜੂਦ ਇਸ ਨਾਵਲ ਵਿਚ ਵਿਸ਼ੇ ਨੂੰ ਸਪੱਸ਼ਟਤਾ ਨਾਲ ਨਿਭਾਇਆ ਗਿਆ ਹੈ। ਬੋਲੀ 'ਤੇ ਖ਼ੂਬ ਪਕੜ ਸਾਬਤ ਹੁੰਦੀ ਹੈ। ਨਾਵਲ ਜਗਤ ਵਿਚ ਨਾਵਲਕਾਰ ਜਗਵੀਰ ਸਿੰਘ ਗਾਗਾ ਦਾ ਹਾਰਦਿਕ ਸਵਾਗਤ ਹੋਣਾ ਲੋੜੀਂਦਾ ਹੈ। ਚੰਗੀਆਂ-ਭਲੀਆਂ ਰਚਨਾਵਾਂ ਦੀ ਉਸ ਤੋਂ ਭਵਿੱਖ ਵਿਚ ਆਸ ਕੀਤੀ ਜਾ ਸਕਦੀ ਹੈ।
-ਸੁਰਿੰਦਰ ਸਿੰਘ ਕਰਮ ਲਧਾਣਾ
ਮੋਬਾਈਲ : 98146-81444
ਕਿਤਾਬ ਜੋ ਅਜੇ ਬਾਕੀ ਹੈ
ਲੇਖਕ : ਡਾ. ਪਰਮਜੀਤ ਢੀਂਗਰਾ
ਪ੍ਰਕਾਸ਼ਕ : ਰੀਥਿੰਕ ਬੁੱਕਸ ਸੰਗਰੂਰ
ਮੁੱਲ : 499 ਰੁਪਏ, ਸਫੇ : 292
ਸੰਪਰਕ : 94643-46677
ਡਾ. ਪਰਮਜੀਤ ਢੀਂਗਰਾ ਇਕ ਨਿਸ਼ਠਾਵਾਨ ਨਿਰੰਤਰ ਸਿਰਜਕ ਲੇਖਕ ਹੈ। ਉਸ ਦੀਆਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਖੋਜ-ਰੂਪੀ 14 ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਭਾਸ਼ਾ-ਮਾਹਿਰ ਤੇ ਖੋਜੀ ਬਿਰਤੀ ਕਾਰਨ, ਉਸ ਦੀ ਚਰਚਿਤ ਪੁਸਤਕ ਸ਼ਬਦੋ-ਵਣਜਾਰਿਓ (2023) ਜ਼ਿਕਰਯੋਗ ਹੈ। ਇਕ ਦਰਜਨ ਤੋਂ ਵੱਧ ਅਨੁਵਾਦ ਕੀਤੀਆਂ ਪੁਸਤਕਾਂ ਹਨ। ਉਹ ਇਕ ਤਪੱਸਵੀ ਕਲਮਕਾਰ ਹੈ, ਜਿਸ ਦਾ ਅਧਿਐਨ ਪੰਜਾਬੀ ਪੁਸਤਕਾਂ ਦੇ ਨਾਲ-ਨਾਲ ਪੱਛਮੀ ਅੰਗਰੇਜ਼ੀ ਸਾਹਿਤ ਨਾਲ ਲਗਾਓ, ਪੰਜਾਬੀ ਸਾਹਿਤ ਨੂੰ ਅਮੀਰ ਕਰ ਰਿਹਾ ਹੈ। ਰੀਵਿਊ ਅਧੀਨ ਪੁਸਤਕ ਕੋਰੋਨਾ ਮਹਾਂਮਾਰੀ ਦੇ ਕਾਲ ਦੀ ਉਪਲਬਧੀ ਹੈ, ਜਿਸ ਨੂੰ ਗਿਆਨ ਦਾ ਖ਼ਜ਼ਾਨਾ ਕਹਿਣਾ ਉਚਿਤ ਹੋਵੇਗਾ। ਏਨੇ ਬਹੁ-ਵਰਧਕ ਵਿਸ਼ਿਆਂ ਨੂੰ ਪੰਜਾਬੀ ਮਾਂ-ਬੋਲੀ ਰਾਹੀਂ ਰੂਪਾਂਤਰ ਕਰਨਾ, ਇਕ ਦ੍ਰਿੜ੍ਹ ਯੋਜਨਾ ਦਾ ਸਬੂਤ ਹੈ। ਵੱਡਅਕਾਰੀ ਸੁੰਦਰ ਪੁਸਤਕ ਵਿਚ 108 ਵਿਸ਼ਿਆਂ ਰਾਹੀਂ ਆਪਣੇ ਪਾਠ-ਸਿਰੜ ਨੂੰ ਪ੍ਰਸਤੁਤ ਕੀਤਾ ਗਿਆ ਹੈ। ਪੂਰੀ ਪੁਸਤਕ ਦੇ ਵੇਰਵਿਆਂ ਦਾ ਜ਼ਿਕਰ ਕਰਨਾ ਬੜਾ ਮੁਸ਼ਕਿਲ ਹੈ। ਕੁਝ ਚੋਣਵੇਂ ਅੰਸ਼ਾਂ ਬਾਰੇ ਹੀ ਗੱਲ ਕੀਤੀ ਜਾ ਸਕਦੀ। ਸ਼ਬਦ ਦੀ ਸ਼ਕਤੀ ਕ੍ਰਿਸ਼ਮਾ ਕਰਨ ਵਾਲੀ ਹੈ। ਡਾ. ਢੀਂਗਰਾ ਦਾ ਕਹਿਣਾ ਹੈ ਕਿ ਇਸ ਦੌਰ ਵਿਚ ਕਿਤਾਬਾਂ, ਵਿਚਾਰਾਂ, ਲੇਖਕਾਂ, ਸਮਕਾਲੀ ਸਰੋਕਾਰਾਂ, ਚਿੰਤਨ ਨੂੰ ਆਪਣੀ ਸੋਚ ਦਾ ਹਿੱਸਾ ਬਣਾਇਆ। ਪਹਿਲੀ ਰਚਨਾ ਹੈ : ਪੁਰਸ਼ ਬੋਲਦਾ ਹੈ ਅਤੇ ਔਰਤ ਸੁਣਦੀ ਹੈ-ਐਟਵੁੱਡ। ਔਰਤ ਦੀ ਹੋਣੀ ਦੀ ਤ੍ਰਾਸਦੀ। ਜਦੋਂ ਕਿਤਾਬ ਦੀ ਥਾਂ ਬੰਦੂਕ ਲੈ ਲਵੇ, ਯੂਕਰੇਨ ਜੰਗ 'ਚ ਕਿਵੇਂ ਇਕ ਸਿਪਾਹੀ ਕਿਤਾਬ ਨੂੰ ਆਪਣੀ ਜਿੰਦਜਾਨ ਤੋਂ ਵੱਧ ਸਮਝਦਾ। ਮੱਧ ਪ੍ਰਦੇਸ਼ ਦੇ ਗੌਂਡ ਤੇ ਭਾਰੀਆ ਆਪਣੀ ਪੁਸ਼ਤਾਨੀ ਵਿਰਾਸਤ ਨੂੰ ਕਿੰਨੀ ਮੁਹੱਬਤ ਕਰਦੇ। ਗਾਂਧੀ ਤੇ ਜਿਨਾਹ ਦੀ ਦੋਸਤੀ ਦੇ ਪ੍ਰਸੰਗ ਅਜੀਬ ਹਨ। ਦੋਵੇਂ ਗੁਜਰਾਤੀ, ਦੋਵਾਂ ਦੀ ਮਾਂ-ਬੋਲੀ ਗੁਜਰਾਤੀ। ਅਭਿਨੇਤਰੀ ਵਹੀਦਾ ਦਾ ਬਚਪਨ ਤੇ ਸਿਨੇਮਾ ਰੌਚਿਕ ਜਾਣਕਾਰੀ ਵਾਲਾ ਹੈ। ਵਿਕਟਰ ਹਿਊਗੋ ਦੀ ਮੂਰਤੀ ਤੇ ਨਸਲ ਸੋਚ। ਗੋਲੀ ਵਿੰਨ੍ਹੀ ਕਿਤਾਬ ਦੀ ਤਲਾਸ਼ ਜਾਰੀ ਰਹਿੰਦੀ। ਬੱਚੇ ਮਨੁੱਖ ਲਈ ਕੁਦਰਤ ਦਾ ਵਰਦਾਨ ਹਨ, ਇਹ ਗੱਲ ਬੱਚਿਆਂ ਦਾ ਸ਼ਬਦ ਕੋਸ਼ ਰਚਨਾ ਰਾਹੀਂ ਦੱਸੀ ਗਈ ਹੈ। 'ਡੈਡਲੀ-ਕੁਆਇਟ ਸਿਟੀ' ਨਾਵਲ ਹਾਓ ਕੱਵਾਨ ਨੇ ਕਿੰਝ ਲਿਖਿਆ ਕੋਵਿਡ-19 ਦੇ ਦੁਖਾਂਤ ਬਾਰੇ ਹੈ। ਪਿਰਾਮਿਡਾਂ ਦੀ ਦੁਨੀਆ, ਮਿਆਰੀ ਅਨੁਵਾਦ, ਆਲੂ ਸੁੰਦਰੀ ਏਕੇਬਲਾਡ, ਕਸ਼ਮੀਰੀ ਜਨਾਬ ਰਹਿਮਾਨ ਕਵੀ, ਗੁਲਾਮ ਔਰਤ ਹੈਰੀਏਦ ਦਬਮੈਨ ਦੀ ਕੁਰਬਾਨੀ, ਨਾਚੀ ਨੀਲੋ ਬੇਗਮ, ਗੁਲਾਬ ਬਾਈ ਜੋ ਦੰਦ ਕਥਾ ਬਣੀ, ਗਿਰਝਾਂ ਬਾਰੇ ਵੱਖਰੀ ਜਾਣਕਾਰੀ, ਸੁੱਕ ਰਹੇ ਦਰਿਆਵਾਂ ਦੀ ਗਾਥਾ, ਭਾਸ਼ਾ ਤੇ ਮਾਂ-ਬੋਲੀ ਬਹੁਤ ਮੁੱਲਵਾਨ ਗਿਆਨ ਤੇ ਜਾਣਕਾਰੀ, ਕਿਤਾਬ ਬਾਰੇ ਡਾਕਟਰ ਨਾਰੰਗ ਦੇ ਵਿਚਾਰ, ਢਾਕੇ ਦੀ ਮਲਮਲ ਇਕੋਲਿਤਰੀ ਜਾਮਕਾਰੀ, ਪੱਛਮ ਦੇ ਮਹਾਨ ਲੇਖਕਾਂ ਅਤੇ ਰੂਸ ਦੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਅਤੇ ਉਨ੍ਹਾਂ ਦੇ ਨਿੱਜੀ ਜੀਵਨ ਬਾਰੇ ਪੜ੍ਹ ਕੇ ਹੈਰਾਨ ਹੋ ਜਾਂਦਾ ਕਿ ਡਾ. ਢੀਂਗਰਾ ਨੇ ਏਨਾ ਕੁਝ ਕਿਵੇਂ ਪੜ੍ਹ-ਲਿਖ ਲਿਆ। ਕਿੰਨਾ ਹੋਰ ਕੁਝ ਪੜ੍ਹਨਯੋਗ ਹੈ। ਵੱਡਾ ਜ਼ੋਰ ਆਪਣੀ ਧਰਤੀ, ਆਪਣੇ ਸੱਭਿਆਚਾਰ, ਵਿਰਸਾ ਤੇ ਪਰੰਪਰਾਵਾਂ ਨੂੰ ਸਾਂਭਣਾ ਗਿਆਨ ਦੀ ਕੋਸ਼ਕਾਰੀ ਪੁਸਤਕ। ਇਨ੍ਹਾਂ ਸਮਿਆਂ 'ਤਚ ਬਹੁਤ ਜ਼ਰੂਰੀ ਹੈ।
-ਮਨਮੋਹਨ ਸਿੰਘ ਦਾਊਂ
ਮੋਬਾਈਲ : 98151-23900