ਗੁਰੂ ਕੀ ਵਡਾਲੀ ਵਿਖੇ ਪੁਲਿਸ ਵਲੋਂ ਨਸ਼ਿਆਂ ਵਿਰੁੱਧ ਸਰਚ ਆਪ੍ਰੇਸ਼ਨ

ਛੇਹਰਟਾ, 29 ਮਾਰਚ (ਪੱਤਰ ਪ੍ਰੇਰਕ)-ਮੁੱਖ ਮੰਤਰੀ ਪੰਜਾਬ ਤੇ ਡੀ.ਜੀ.ਪੀ. ਦੀਆਂ ਹਦਾਇਤਾਂ ਉਤੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰਨ ਲਈ ਨਸ਼ਾਂ ਤਸਕਰਾਂ ਨੂੰ ਨੱਥ ਪਾਉਣ ਲਈ ਯੁੱਧ ਨਸ਼ਿਆਂ ਵਿਰੁੱਧ ਅਭਿਆਨ ਚਲਾਇਆ ਜਾ ਰਿਹਾ ਹੈ, ਜਿਸ ਤਹਿਤ ਅੱਜ ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਦੇ ਇਲਾਕਾ ਗੁਰੂ ਕੀ ਵਡਾਲੀ ਛੇਹਰਟਾ ਵਿਖੇ 300 ਦੇ ਕਰੀਬ ਜਵਾਨਾਂ ਵਲੋਂ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਸ਼ਸ਼ੀ ਪ੍ਰਭਾ ਦੁਵੇਦੀ ਸਪੈਸ਼ਲ ਡੀ.ਜੀ.ਪੀ., ਰੇਲਵੇ, ਪੰਜਾਬ ਵਲੋਂ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਚਲਾਏ ਜਾ ਰਹੇ ਸਰਚ ਆਪਰੇਸ਼ਨ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਸ਼ਿਵਦਰਸ਼ਨ ਸਿੰਘ ਸੰਧੂ, ਏ.ਸੀ.ਪੀ. ਵੈਸਟ ਤੇ ਹੋਰ ਅਧਿਕਾਰੀ ਹਾਜ਼ਰ ਹਨ।
ਸ਼ਸ਼ੀ ਪ੍ਰਭਾ ਸਪੈਸ਼ਲ ਡੀ.ਜੀ.ਪੀ., ਰੇਲਵੇ ਪੰਜਾਬ ਨੇ ਕਿਹਾ ਕਿ ਨਸ਼ੇ ਦਾ ਧੰਦਾ ਕਰਨ ਵਾਲਿਆਂ ਖਿਲਾਫ ਪੁਲਿਸ ਵਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਸ ਦੇ ਨਾਲ-ਨਾਲ ਨਸ਼ੇ ਦੇ ਮਾੜੇ ਪ੍ਰਭਾਵਾਂ ਤੇ ਇਸ ਨਾਲ ਹੋਣ ਵਾਲੇ ਨੁਕਸਾਨ ਬਾਰੇ ਪੁਲਿਸ ਵਲੋਂ ਪਬਲਿਕ ਪਲੇਸ, ਸਕੂਲਾਂ, ਕਾਲਜਾਂ ਤੇ ਹੋਰ ਵਿੱਦਿਅਕ ਅਦਾਰਿਆਂ ਵਿਖੇ ਮੀਟਿੰਗਾਂ ਕਰਕੇ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।