ਕੋਟਸ਼ਮੀਰ ਤੋਂ ਵਿਅਕਤੀ ਦੀ ਲਾਸ਼ ਬਰਾਮਦ

ਕੋਟਫੱਤਾ, (ਮਾਨਸਾ), 27 ਮਾਰਚ (ਰਣਜੀਤ ਸਿੰਘ ਬੁੱਟਰ)- ਕੋਟਸ਼ਮੀਰ ਦੀ ਬਠਿੰਡਾ ਮਾਨਸਾ ਰੋਡ ’ਤੋਂ ਕੋਟਫੱਤਾ ਵਾਲੇ ਪਾਸੇ ਝਾੜੀਆਂ ’ਚ ਇਕ ਵਿਅਕਤੀ ਦੀ ਲਾਸ਼ ਪਏ ਹੋਣ ਦੀ ਸੂਚਨਾ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਰਾਜਪਾਲ ਸਿੰਘ ਸਰਾਂ ਨੂੰ ਮਿਲੀ, ਜਿਨ੍ਹਾਂ ਮੌਕੇ ’ਤੇ ਪਹੁੰਚ ਕੇ ਦੇਖਿਆ ਕਿ ਝਾੜੀਆਂ ਵਿਚ ਇਕ ਵਿਅਕਤੀ ਦੀ ਲਾਸ਼ ਪਈ ਹੈ, ਜਿਸ ਨੂੰ ਗਲ ਤੋਂ ਕੁੱਤਿਆਂ ਨੇ ਖਾਧਾ ਹੋਇਆ ਹੈ। ਪੁਲਿਸ ਵਲੋਂ ਲਾਸ਼ ਦੀ ਛਾਣ-ਬੀਣ ਕੀਤੀ ਤਾਂ ਜੇਬ ਵਿਚੋਂ ਆਧਾਰ ਕਾਰਡ ’ਤੇ ਕੁਝ ਫੋਟੋਆਂ ਮਿਲੀਆਂ। ਆਧਾਰ ਕਾਰਡ ਤੋਂ ਮਿ੍ਰਤਕ ਦੀ ਪਹਿਚਾਣ ਜਗਤਾਰ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਗਲੀ ਨੰਬਰ 8/9 ਆਦਰਸ਼ ਨਗਰ ਬਠਿੰਡਾ ਵਜੋਂ ਹੋਈ ਪਰ ਪੁਲਿਸ ਨੇ ਪੜਤਾਲ ਕਰਨ ’ਤੇ ਪਾਇਆ ਗਿਆ ਕਿ 8 ਸਾਲ ਪਹਿਲਾਂ ਮਿ੍ਰਤਕ ਵਿਅਕਤੀ ਆਦਰਸ਼ ਨਗਰ ਵਿਚ ਕਿਸੇ ਕਿਰਾਏ ਦੇ ਮਕਾਨ ’ਚ ਰਹਿੰਦਾ ਸੀ, ਇਸ ਲਈ ਮਿ੍ਰਤਕ ਵਿਅਕਤੀ ਦੇ ਵਾਰਿਸ ਨਾ ਮਿਲ ਸਕੇ ਤੇ ਲਾਸ਼ ਨੂੰ ਸਹਾਰਾ ਜਨ ਸੇਵਾ ਬਠਿੰਡਾ ਦੇ ਸਹਿਯੋਗ ਨਾਲ ਸ਼ਨਾਖਤ ਲਈ 72 ਘੰਟੇ ਲਈ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਚ ਰੱਖ ਦਿੱਤਾ ਗਿਆ। ਜੇਕਰ ਕਿਸੇ ਨੂੰ ਵੀ ਇਸ ਮਿ੍ਰਤਕ ਵਿਅਕਤੀ ਬਾਰੇ ਕੋਈ ਸੂਚਨਾ ਮਿਲਦੀ ਹੈ ਤਾਂ ਕੋਟਸ਼ਮੀਰ ਚੌਂਕੀ ਦੇ ਇੰਚਾਰਜ ਰਾਜਪਾਲ ਸਿੰਘ ਸਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ।