JALANDHAR WEATHER

ਨਗਰ ਨਿਗਮ ਤੇ ਟਰੈਫ਼ਿਕ ਪੁਲਿਸ ਨੇ ਨਾਜਾਇਜ਼ ਕਬਜ਼ੇ ਹਟਵਾਏ

ਕਪੂਰਥਲਾ, 26 ਮਾਰਚ (ਅਮਨਜੋਤ ਸਿੰਘ ਵਾਲੀਆ)-ਨਗਰ ਨਿਗਮ ਅਤੇ ਟਰੈਫ਼ਿਕ ਪੁਲਿਸ ਵਲੋਂ ਸਾਂਝੇ ਤੌਰ 'ਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਟਰੈਫਿਕ ਜਸਵੀਰ ਸਿੰਘ ਨੇ ਦੱਸਿਆ ਕਿ ਅੱਜ ਨਗਰ ਨਿਗਮ ਦੇ ਸਹਿਯੋਗ ਨਾਲ ਸ਼ਹੀਦ ਭਗਤ ਸਿੰਘ ਚੌਕ ਤੋਂ ਪੁਰਾਣੀ ਸਬਜ਼ੀ ਮੰਡੀ, ਲੱਕੜ ਬਾਜ਼ਾਰ, ਫੁਆਰਾ ਚੌਕ, ਸੁਲਤਾਨਪੁਰ ਰੋਡ ਤੇ ਕਾਲਜ ਰੋਡ 'ਤੇ ਦੁਕਾਨਦਾਰਾਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਇਆ ਅਤੇ ਇਸ ਦੌਰਾਨ ਦੁਕਾਨਦਾਰਾਂ ਵਲੋਂ ਮਿੱਥੀ ਹੱਦ ਤੋਂ ਬਾਹਰ ਰੱਖੇ ਗਏ ਸਾਮਾਨ ਨੂੰ ਨਿਗਮ ਵਲੋਂ ਜ਼ਬਤ ਵੀ ਕੀਤਾ ਗਿਆ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਚਿਤਾਵਨੀ ਦਿੱਤੀ ਕਿ ਅੱਗੇ ਤੋਂ ਉਹ ਆਪਣਾ ਸਾਮਾਨ ਦੁਕਾਨ ਦੀ ਮਿੱਥੀ ਹੱਦ ਅੰਦਰ ਹੀ ਰੱਖਣ ਤਾਂ ਜੋ ਕਿਸੇ ਕਿਸਮ ਦੀ ਟਰੈਫ਼ਿਕ ਸਮੱਸਿਆ ਪੈਦਾ ਨਾ ਹੋਵੇ। ਨਿਗਮ ਦੇ ਸਕੱਤਰ ਸੁਸ਼ਾਂਤ ਭਾਟੀਆ ਨੇ ਦੱਸਿਆ ਕਿ ਸ਼ਹਿਰ ਦੇ ਜਿਨ੍ਹਾਂ ਦੁਕਾਨਦਾਰਾਂ ਨੇ ਹਾਲੇ ਤੱਕ ਬਣਦਾ ਆਪਣਾ ਪ੍ਰੋਪਰਟੀ ਟੈਕਸ ਨਹੀਂ ਭਰਿਆ, ਉਹ ਜਲਦ ਤੋਂ ਜਲਦ ਟੈਕਸ ਭਰਨ, ਇਸ ਤੋਂ ਇਲਾਵਾ ਸਟੇਟ ਗੁਰਦੁਆਰਾ ਸਾਹਿਬ ਦੇ ਬਾਹਰ ਕਾਲਜ ਰੋਡ ਦੀਆਂ ਦੁਕਾਨਾਂ ਦੇ ਦੁਕਾਨਦਾਰਾਂ ਵਲੋਂ ਅਜੇ ਤੱਕ ਪ੍ਰਾਪਰਟੀ ਟੈਕਸ ਜਮ੍ਹਾ ਨਹੀਂ ਕਰਵਾਇਆ ਗਿਆ, ਜਿਸ ਸਬੰਧੀ ਉਨ੍ਹਾਂ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤੇ ਗਏ ਸਨ।

ਉਨ੍ਹਾਂ ਦੱਸਿਆ ਕਿ ਅੱਜ ਮੁੜ ਦੁਕਾਨਦਾਰਾਂ ਵਲੋਂ ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਨਗਰ ਨਿਗਮ ਪਾਸੋਂ ਦੋ ਦਿਨ ਦਾ ਹੋਰ ਸਮਾਂ ਮੰਗਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਟੈਕਸ ਜਮ੍ਹਾ ਨਾ ਹੋਇਆ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਨਗਰ ਨਿਗਮ ਸਕੱਤਰ ਸੁਸ਼ਾਂਤ ਭਾਟੀਆ, ਟਰੈਫ਼ਿਕ ਇੰਚਾਰਜ ਦਰਸ਼ਨ ਸਿੰਘ, ਨਗਰ ਨਿਗਮ ਦੇ ਇੰਸਪੈਕਟਰ ਭਜਨ ਸਿੰਘ, ਏ.ਐਸ.ਆਈ. ਦਵਿੰਦਰਪਾਲ ਸਿੰਘ ਚਾਹਲ, ਏ.ਐਸ.ਆਈ. ਦਿਲਬਾਗ ਸਿੰਘ ਟਾਂਡੀ, ਏ.ਐਸ.ਆਈ. ਬਲਜਿੰਦਰ ਸਿੰਘ, ਏ.ਐਸ.ਆਈ. ਪ੍ਰੀਤਮ ਸਿੰਘ, ਵਿੱਕੀ ਕਸ਼ਯਪ, ਦੀਪਕ ਕੁਮਾਰ, ਮੌਂਟੀ, ਸੰਦੀਪ ਕੁਮਾਰ, ਰੰਮੀ, ਵਿੱਕੀ ਕਸ਼ਯਪ ਆਦਿ ਹਾਜ਼ਰ ਸਨ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ