28-03-2025
ਗ਼ਰੀਬ ਬੱਚਿਆਂ ਦਾ ਮੁਫ਼ਤ ਦਾਖਲਾ
ਪੰਜਾਬ ਸਰਕਾਰ ਪ੍ਰਾਈਵੇਟ ਸਕੂਲਾਂ ਵਿਚ 25 ਫ਼ੀਸਦੀ ਗਰੀਬ ਵਿਦਿਆਰਥੀਆਂ ਲਈ ਮੁਫਤ ਦਾਖਲਾ ਯਕੀਨੀ ਬਣਾਵੇ। ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ 19 ਫਰਵਰੀ, 2025 ਨੂੰ 'ਰਾਈਟ ਟੂ ਐਜੂਕੇਸ਼ਨ ਐਕਟ' ਦੀ ਪੂਰੀ ਪਾਲਣਾ ਕਰਨ ਸੰਬੰਧੀ ਆਦੇਸ਼ ਦਿੱਤੇ ਹਨ, ਇਸ ਫ਼ੈਸਲੇ ਅਨੁਸਾਰ ਸਾਰੇ ਪ੍ਰਾਈਵੇਟ ਸਕੂਲਾਂ ਨੂੰ ਸੈਸ਼ਨ 2025-26 ਦੌਰਾਨ ਆਪਣੇ ਸਕੂਲਾਂ ਵਿਚ 25 ਫ਼ੀਸਦੀ ਸੀਟਾਂ 'ਤੇ ਆਰਥਿਕ ਤੌਰ 'ਤੇ ਕਮਜ਼ੋਰ ਅਤੇ ਪਛੜੇ ਵਰਗ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇਣਾ ਜ਼ਰੂਰੀ ਹੈ, ਪਰ ਦੇਖਣ ਵਿਚ ਆਇਆ ਹੈ ਕਿ ਪ੍ਰਾਈਵੇਟ ਸਕੂਲ ਇਸ ਸੰਬੰਧੀ ਟਾਲ-ਮਟੋਲ ਦੀ ਨੀਤੀ ਅਪਣਾ ਕੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਪ੍ਰਾਈਵੇਟ ਸਕੂਲਾਂ ਨੂੰ ਇਕ ਪੱਤਰ ਜਾਰੀ ਕਰੇ ਜਿਸ ਤਹਿਤ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਅਤੇ ਪਛੜੇ ਵਰਗ ਦੇ ਵਿਦਿਆਰਥੀਆਂ ਲਈ 25 ਫ਼ੀਸਦੀ ਦਾਖ਼ਲਾ ਯਕੀਨੀ ਬਣਾਇਆ ਜਾਵੇ।
-ਪ੍ਰੋ. ਮਨਜੀਤ ਤਿਆਗੀ
'ਸਟੇਟ ਐਵਾਰਡੀ', ਮਾਲੇਰਕੋਟਲਾ।
ਟੁੱਟੀਆਂ ਸੜਕਾਂ 'ਤੇ ਟੋਲ ਪਲਾਜ਼ੇ ਕਿਉਂ?
ਜੀ.ਟੀ. ਰੋਡ 'ਤੇ ਹਰਿਆਣੇ ਤੋਂ ਸ਼ੰਭੂ ਬਾਰਡਰ ਰਾਹੀਂ ਦਾਖਲ ਹੋ ਕੇ ਬਹੁਤ ਸਾਰੇ ਲੋਕ ਹੋਰ ਸੂਬਿਆਂ ਤੋਂ ਰੋਜ਼ਾਨਾ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਲਈ ਇਸ ਸੜਕ ਉੱਪਰੋਂ ਲੰਘਦੇ ਹਨ। ਜੇਕਰ ਦੋਰਾਹੇ ਤੋਂ ਲੁਧਿਆਣੇ ਤੋਂ ਬਾਹਰਲੇ ਬਾਈਪਾਸ ਰਾਹੀਂ ਸਿੱਧਾ ਫਿਲੌਰ ਨੂੰ ਨਿਕਲਣਾ ਹੋਵੇ ਤਾਂ ਪਹਿਲਾਂ ਟੋਲ ਪਲਾਜ਼ਾ ਚਾਹਰ ਆਉਂਦਾ ਹੈ, ਜੋ ਕਾਰਾਂ ਲਈ ਇਕ ਪਾਸੇ ਵਾਸਤੇ 40 ਰੁਪਏ ਦਾ ਹੈ, ਦੂਜਾ ਥੋੜੇ ਕਿਲੋਮੀਟਰ ਅੱਗੇ ਚੱਲ ਕੇ ਫਿਲੌਰ ਕਰਾਸ ਕਰਨ ਤੋਂ ਪਹਿਲਾਂ ਲਾਡੋਵਾਲ ਟੋਲ ਪਲਾਜ਼ਾ 220 ਰੁਪਏ, ਫਿਰ ਕਰਤਾਰਪੁਰ ਲੰਘ ਕੇ ਢਿਲਵਾਂ ਟੋਲ ਪਲਾਜ਼ਾ 65 ਰੁਪਏ, ਅੱਗੇ ਨਿੱਝਰਪੁਰ ਟੋਲ ਪਲਾਜ਼ਾ 60 ਰੁਪਏ ਆਉਂਦਾ ਹੈ। ਲੁਧਿਆਣੇ ਤੋਂ 385 ਰੁਪਏ ਅੰਮ੍ਰਿਤਸਰ ਤੱਕ ਦੇ ਕੇ ਵੀ ਬਹੁਤੇ ਥਾਈਂ ਖੱਡਿਆਂ 'ਤੋਂ ਲੰਘਣਾ ਪੈਂਦਾ ਹੈ। ਕਈ ਥਾਵਾਂ 'ਤੇ ਪੁਲ ਅਧੂਰੇ ਅਜੇ ਬਣ ਰਹੇ ਹਨ। ਸੜਕ ਉੱਪਰ ਗੰਦਗੀ, ਮਿੱਟੀ ਦੇ ਢੇਰ ਆਮ ਸਵਾਗਤ ਕਰਦੇ ਹਨ। ਸੜਕ ਦੁਆਲੇ ਜੰਗਲੇ ਟੁੱਟੇ ਪਏ ਹਨ। ਅਵਾਰਾ ਡੰਗਰਾਂ ਲਈ ਸੜਕਾਂ 'ਤੇ ਆਉਣਾ ਬਹੁਤ ਸੌਖਾ ਹੈ। ਕਿਤੇ ਵੀ ਮੇਨਟੀਨੈਂਸ ਵਾਲੀ ਕੋਈ ਗੱਲ ਨਹੀਂ ਦਿਸਦੀ। ਸਿੱਖੀ ਦੇ ਧੁਰੇ ਵਜੋਂ ਜਾਣੇ ਜਾਂਦੇ ਇਸ ਇਤਿਹਾਸਕ ਸ਼ਹਿਰ ਦੇ ਦਰਸ਼ਨਾਂ ਲਈ ਬਾਹਰਲੇ ਦੇਸ਼ਾਂ ਤੋਂ ਨਿੱਤ ਆਉਂਦੀਆਂ ਸੰਗਤਾਂ ਦੇ ਮਨਾਂ 'ਚ ਪੰਜਾਬ ਦੇ ਵਿਕਾਸ ਦੀਆਂ ਗੱਲਾਂ ਨੂੰ ਝੂਠੇ ਪਾਉਣ ਵਾਲੀ ਗੱਲ ਇਸ ਸੜਕ ਤੋਂ ਜ਼ਰੂਰ ਲੱਗੇਗੀ। ਘੱਟੋ-ਘੱਟ ਇਸ ਇਤਿਹਾਸਕ ਜਰਨੈਲੀ ਸੜਕ ਦੀ ਸੁੰਦਰੀਕਰਨ ਵਾਲੀ ਦਿੱਖ ਲਈ ਤਾਂ ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਉਪਰਾਲਾ ਕਰਨਾ ਚਾਹੀਦਾ ਹੈ।
-ਮੇਜਰ ਸਿੰਘ ਨਾਭਾ
ਸਾਰਥਕ ਜੀਵਨ
ਅੱਜਕੱਲ੍ਹ ਹਰ ਕੋਈ ਆਪਣੇ ਆਪ ਨੂੰ ਸਥਾਪਿਤ ਕਰਨ ਦੀ ਵਿਵਸਥਾ ਲਈ ਤਾਣ ਲਗਾ ਰਿਹਾ ਹੈ। ਜ਼ਬਾਨ ਰਾਹੀਂ ਤੇਜ਼ਾਬ ਛਿੜਕਦਾ, ਅੱਖਾਂ ਰਾਹੀਂ ਝੂਠ ਬੋਲਦਾ, ਕੰਨਾ ਰਾਹੀਂ ਵਿਸ਼ ਡੋਲ੍ਹ ਰਿਹਾ ਹੈ। ਹਰ ਕੋਈ ਕਾਹਲ ਵਿਚ ਹੈ। ਹਰ ਕੋਈ ਆਪਣਾ ਸਟੇਟਸ ਉੱਚਾ ਚੁੱਕਣ ਲਈ ਹਰ ਹਰਬਾ ਵਰਤ ਕੇ ਆਮ ਇਨਸਾਨ ਤੋਂ ਦੂਰੀ ਬਣਾ ਰਿਹਾ ਹੈ। ਫੋਨ ਭਾਵੇਂ ਅੱਜ ਹਰ ਕਿਸੇ ਕੋਲ ਵੱਡੇ-ਵੱਡੇ ਨੇ ਪਰ ਇਕ ਦੂਜੇ ਦਾ ਹਾਲ-ਚਾਲ ਨਹੀਂ ਪੁੱਛਣੇ ਸਗੋਂ ਉਸ ਨੇ ਮੈਨੂੰ ਤਾਂ ਕਦੇ ਫੋਨ ਲਾਇਆ ਨੀਂ? ਅਸੀਂ ਫੋਨ ਕਾਲਾਂ 'ਤੇ ਰੋਸੇ ਸ਼ਿਕਵੇ ਵਧਾ ਇਕ ਦੂਜੇ ਤੋਂ ਨਾਤਾ ਤੋੜ ਬੈਠਦੇ ਹਾਂ। ਅੱਜ ਕੁਦਰਤ ਦੁਆਰਾ ਦਿੱਤੇ ਗਏ ਸਮੇਂ 'ਚੋਂ ਕੁਦਰਤ ਦੁਆਰਾ ਭੇਜੇ ਗਏ ਇਨਸਾਨ ਕੋਲ ਇਨਸਾਨ ਲਈ ਸਮਾਂ ਨਹੀਂ ਹੈ। ਇਹ ਜੀਵਨ ਬਹੁਤ ਛੋਟਾ ਹੈ। ਇਸ ਨੂੰ ਸਾਰਥਕ ਬਣਾਉਣ ਲਈ, ਸਾਰਥਕ ਕੰਮਾਂ ਵਿਚ ਲਾ ਕੇ ਹੀ ਸਾਰਥਕ ਬਣਾਇਆ ਜਾ ਸਕਦਾ ਹੈ। ਛੋਟੀਆਂ-ਛੋਟੀਆਂ ਸਰਗਰਮੀਆਂ ਰਾਹੀਂ ਜ਼ਿੰਦਗੀ ਦੇ ਮੰਚ 'ਤੇ ਹਾਜ਼ਰੀ ਸਦੀਵੀ ਬਣਾਈ ਜਾ ਸਕਦੀ ਹੈ। ਅਮੀਰੀ ਅਤੇ ਗਰੀਬੀ ਵੀ ਜ਼ਿੰਦਗੀ ਦੇ ਦੋ ਪੱਖ ਨੇ ਜਿਵੇਂ ਚਾਨਣ ਅਤੇ ਹਨੇਰ। ਆਓ! ਆਪਣੇ ਮਨਾਂ ਦੇ ਬਨੇਰਿਆਂ ਤੋਂ ਈਰਖਾ ਦੇ ਦੀਪ ਬੁਝਾ ਕੇ ਚੱਲਦੇ ਅਨਾਰਾਂ ਵਰਗਾ ਚਾਨਣ ਵੰਡ ਸਾਰਥਕ ਜੀਵਨ ਦੀ ਸ਼ੁਰੂਆਤ ਕਰੀਏ।
-ਜਸਬੀਰ ਦੱਧਾਹੂਰ
ਪਿੰਡ ਤੇ ਡਾ. ਦੱਧਾਹੂਰ, ਰਾਇਕੋਟ (ਲੁਧਿਆਣਾ)