ਮੁਸਲਿਮ ਰਾਖਵੇਂਕਰਨ ਨੂੰ ਲੈ ਕੇ ਰਾਜ ਸਭਾ ’ਚ ਹੋਇਆ ਹੰਗਾਮਾ

ਨਵੀਂ ਦਿੱਲੀ, 24 ਮਾਰਚ- ਕਰਨਾਟਕ ਵਿਚ ਸਰਕਾਰੀ ਠੇਕਿਆਂ ਵਿਚ ਮੁਸਲਮਾਨਾਂ ਲਈ ਰਾਖਵੇਂਕਰਨ ਦੇ ਮੁੱਦੇ ’ਤੇ ਅੱਜ ਰਾਜ ਸਭਾ ਵਿਚ ਵੱਡਾ ਹੰਗਾਮਾ ਹੋਇਆ। ਸਦਨ ਵਿਚ, ਕੇਂਦਰੀ ਮੰਤਰੀਆਂ ਕਿਰੇਨ ਰਿਜੀਜੂ ਅਤੇ ਜੇ.ਪੀ. ਨੱਢਾ ਨੇ ਕਾਂਗਰਸ ਵਿਰੁੱਧ ਇਕ ਤੋਂ ਬਾਅਦ ਇਕ ਦੋਸ਼ ਲਗਾਏ, ਜਿਸ ਦਾ ਜਵਾਬ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕ ਅਰਜੁਨ ਖੜਗੇ ਨੇ ਦਿੱਤਾ। ਖੜਗੇ ਦੇ ਜਵਾਬ ਤੋਂ ਬਾਅਦ ਵੀ ਹੰਗਾਮਾ ਜਾਰੀ ਰਿਹਾ। ਇਸ ਤੋਂ ਬਾਅਦ ਕਾਰਵਾਈ ਮੁਲਤਵੀ ਕਰ ਦਿੱਤੀ ਗਈ। ਜਿਵੇਂ ਹੀ ਸਦਨ ਦੀ ਕਾਰਵਾਈ ਸ਼ੁਰੂ ਹੋਈ, ਸਪੀਕਰ ਜਗਦੀਪ ਧਨਖੜ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰੇਨ ਰਿਜੀਜੂ ਨੂੰ ਬੋਲਣ ਦਾ ਮੌਕਾ ਦਿੱਤਾ। ਰਿਜੀਜੂ ਨੇ ਕਿਹਾ ਕਿ ਇਕ ਸੀਨੀਅਰ ਕਾਂਗਰਸੀ ਨੇਤਾ, ਜੋ ਸੰਵਿਧਾਨਕ ਅਹੁਦੇ ’ਤੇ ਹੈ, ਨੇ ਕਿਹਾ ਹੈ ਕਿ ਪਾਰਟੀ ਮੁਸਲਮਾਨਾਂ ਨੂੰ ਰਾਖਵਾਂਕਰਨ ਪ੍ਰਦਾਨ ਕਰਨ ਲਈ ਸੰਵਿਧਾਨ ਵਿਚ ਬਦਲਾਅ ਕਰੇਗੀ। ਅਸੀਂ ਇਸ ਬਿਆਨ ਨੂੰ ਹਲਕੇ ਵਿਚ ਨਹੀਂ ਲੈ ਸਕਦੇ। ਇਹ ਬਿਆਨ ਕਿਸੇ ਆਮ ਪਾਰਟੀ ਨੇਤਾ ਵਲੋਂ ਨਹੀਂ ਸਗੋਂ ਕਿਸੇ ਸੰਵਿਧਾਨਕ ਅਹੁਦੇ ’ਤੇ ਬੈਠੇ ਵਿਅਕਤੀ ਵਲੋਂ ਆਇਆ ਹੈ। ਇਹ ਬਹੁਤ ਗੰਭੀਰ ਹੈ। ਉਨ੍ਹਾਂ ਕਿਹਾ ਕਿ ਧਰਮ-ਅਧਾਰਤ ਰਾਖਵਾਂਕਰਨ ਪ੍ਰਦਾਨ ਕਰਨ ਲਈ ਸੰਵਿਧਾਨ ਨੂੰ ਬਦਲਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਕਾਂਗਰਸੀ ਆਗੂ ਸੰਵਿਧਾਨ ਦੀ ਕਿਤਾਬ ਨੂੰ ਆਪਣੀਆਂ ਜੇਬਾਂ ਵਿਚ ਰੱਖਦੇ ਹਨ, ਪਰ ਇਸ ਨੂੰ ਕਮਜ਼ੋਰ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਪ੍ਰਧਾਨ ਨੂੰ ਪਾਰਟੀ ਦੀ ਸਥਿਤੀ ਸਪੱਸ਼ਟ ਕਰਨੀ ਚਾਹੀਦੀ ਹੈ ਅਤੇ ਸਦਨ ਅਤੇ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਾਂਗਰਸ ਮੁਸਲਮਾਨਾਂ ਨੂੰ ਰਾਖਵਾਂਕਰਨ ਦੇਣ ਲਈ ਸੰਵਿਧਾਨ ਵਿਚ ਸੋਧ ਕਿਉਂ ਕਰਨਾ ਚਾਹੁੰਦੀ ਹੈ?