25-03-2025
ਜਾਅਲੀ ਵੋਟਰ
ਭਾਰਤੀ ਚੋਣ ਕਮਿਸ਼ਨ ਨੇ ਨਿਪਟਾਰਾ ਕਰਦਿਆਂ ਕਿਹਾ ਕਿ ਡੁਪਲੀਕੇਟ ਵੋਟਰ ਕਾਰਡ ਨੰਬਰ ਦਾ ਮਤਲਬ ਜਾਅਲੀ ਵੋਟਰ ਨਹੀਂ ਹੁੰਦਾ। ਵੋਟਰ ਕਾਰਡ ਨੰਬਰ ਤੋਂ ਇਲਾਵਾ ਵੋਟਰ ਦੀ ਪਛਾਣ ਲਈ ਹੋਰ ਵੀ ਦਸਤਾਵੇਜ਼ ਹੁੰਦੇ ਹਨ। ਇਸ ਤੋਂ ਇਲਾਵਾ ਕਮਿਸ਼ਨ ਨੇ ਕਿਹਾ ਹੈ ਕਿ ਕੁਝ ਰਾਜਾਂ 'ਚ ਈ.ਪੀ.ਆਈ.ਸੀ. ਅਲਫਾਨਿਊਮੇਰਿਕ ਲੜੀ ਦੀ ਵਰਤੋਂ ਕੀਤੀ ਤੇ ਵੱਖ-ਵੱਖ ਰਾਜਾਂ 'ਚ ਵੱਖ ਵਿਧਾਨ ਸਭਾ ਹਲਕਿਆਂ 'ਚ ਵੋਟਰਾਂ ਨੂੰ ਡੁਪਲੀਕੇਟ ਈ.ਪੀ.ਆਈ.ਸੀ. ਨੰਬਰ ਅਲਾਟ ਕੀਤੇ ਜਾਣ ਦੀ ਗੁੰਜਾਇਸ਼ ਬਣੀ ਰਹੀ। ਚੋਣ ਕਮਿਸ਼ਨ ਨੇ ਪਿਛਲੇ ਸਮਿਆਂ ਤੋਂ ਏਨੀ ਪਾਰਦਰਸ਼ਤਾ ਕੀਤੀ ਹੈ ਕਿ ਜਾਅਲੀ ਵੋਟਰ ਦੀ ਗੁੰਜਾਇਸ਼ ਨਹੀਂ ਹੁੰਦੀ। ਇਕੋ ਨਾਮ ਦੇ ਵੋਟਰਾਂ ਦੀ ਵਾਰ-ਵਾਰ ਤਫਤੀਸ਼ ਕੀਤੀ ਜਾਂਦੀ ਹੈ। ਇਕੋ ਤਰ੍ਹਾਂ ਦੀਆਂ ਜਾਪਦੀਆਂ ਫੋਟੋਆਂ ਵੀ ਵਾਰ-ਵਾਰ ਪੜਤਾਲ ਕਰਕੇ ਸਹੀ ਕੀਤੀਆਂ ਜਾਂਦੀਆਂ ਹਨ। ਹਰ ਤਰ੍ਹਾਂ ਪਾਰਦਰਸ਼ੀ ਢੰਗ ਅਪਣਾਉਣ ਲਈ ਚੋਣ ਕਮਿਸ਼ਨ ਨੇ ਵੱਖ-ਵੱਖ ਵਿਧੀ ਵਿਧਾਨ ਅਤੇ ਪੜਾਅ ਨਿਰਧਾਰਨ ਕੀਤੇ ਹੋਏ ਹਨ। ਥੋੜ੍ਹੀ ਕੀਤਿਆਂ ਗ਼ਲਤੀ ਦੀ ਗੁੰਜਾਇਸ਼ ਨਹੀਂ ਹੁੰਦੀ। ਆਪਣੇ ਪੱਧਰ 'ਤੇ ਕਮਿਸ਼ਨ ਹਰ ਪਾਰਦਰਸ਼ੀ ਲਈ ਵਚਨਬੱਧਤਾ ਦੁਹਰਾਉਣਾ ਹੈ। ਕੁਝ ਸਮਾਂ ਪਹਿਲਾਂ ਜਾਅਲੀ ਵੋਟਰ ਬਣ ਜਾਂਦੇ ਸਨ, ਹੁਣ ਜਾਅਲੀ ਵੋਟਰ ਦੀ ਗੁੰਜਾਇਸ਼ ਨਹੀਂ ਹੈ ਕਿਉਂਕਿ ਹਰ ਪੜਾਅ 'ਤੇ ਚੈੱਕਨਟ ਕੰਮ ਕਰਦਾ ਹੈ।
-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।
ਮਰੀਜ਼ਾਂ ਦਾ ਆਰਥਕ ਸ਼ੋਸ਼ਣ...
ਪਹਿਲੇ ਸਮਿਆਂ ਵਿਚ ਲੋਕ ਵੈਦ ਨੂੰ ਹੀ ਡਾਕਟਰ ਸਮਝਦੇ ਸਨ। ਵੈਦ ਨਬਜ਼ ਦੇਖ ਕੇ ਬਿਮਾਰੀ ਦੱਸ ਦਿੰਦੇ ਹਨ। ਮਰੀਜ਼ ਨੂੰ ਸਹੀ ਹੋਣ ਲਈ ਜੜ੍ਹੀ-ਬੂਟੀਆਂ ਦੁਆਰਾ ਤਿਆਰ ਕੀਤੀ ਦਵਾਈ ਮੁਫ਼ਤ ਸੇਵਾ ਵਜੋਂ ਦਿੰਦੇ ਤੇ ਮਰੀਜ਼ ਜੇਕਰ ਸ਼ਰਧਾ ਨਾਲ ਪੈਸੇ ਦੇ ਜਾਂਦਾ ਸੀ ਤਾਂ ਖਿੜੇ ਮੱਥੇ ਪ੍ਰਵਾਨ ਕਰ ਲੈਂਦੇ ਸਨ। ਸ਼ਹਿਰਾਂ ਵਿਚ ਕਲੀਨਿਕ ਤੇ ਡਾਕਟਰ ਦੀ ਫੀਸ ਦੀ ਫੀਸ 100 ਤੋਂ 200 ਰੁਪਏ ਤੱਕ ਲਿਖੀ ਆਮ ਮਿਲ ਜਾਂਦੀ ਹੈ। ਇਸ ਸਮੇਂ ਡਾਕਟਰੀ ਇਲਾਜ ਏਨਾ ਮਹਿੰਗਾ ਹੋ ਗਿਆ ਹੈ ਸਿਰਫ਼ 10 ਫ਼ੀਸਦੀ ਲੋਕ ਹੀ ਮਹਿੰਗਾ ਇਲਾਜ ਕਰਵਾ ਸਕਦੇ ਹਨ। ਕਰੋੜਾਂ ਰੁਪਏ ਨਾਲ ਬਣੇ ਹਸਪਤਾਲ ਦੇ ਖਰਚੇ ਦੀ ਵਸੂਲੀ ਮਰੀਜ਼ਾਂ ਦੀ ਲੁੱਟ ਕਰਕੇ ਸਾਲ ਵਿਚ ਹੀ ਪੂਰੀ ਕੀਤੀ ਜਾਂਦੀ ਹੈ। ਹਸਪਤਾਲ ਵੀ ਉਥੇ ਖੁੱਲ੍ਹੇ ਹਨ ਜਿਥੇ ਪੈਸੇ ਵਾਲੀਆਂ ਆਸਾਮੀਆਂ ਹੀ ਹੋਣ। ਸਨਅਤੀ ਸ਼ਹਿਰ ਲੁਧਿਆਣਾ ਵਿਚ ਡਾਕਟਰਾਂ ਦੀ ਕਾਫੀ ਭਰਮਾਰ ਹੈ। ਕਲੀਨਿਕਾਂ ਵਾਲੇ ਡਾਕਟਰ ਵੀ ਮੋਟੀ ਕਮਾਈ ਕਰਦੇ ਹਨ। ਮੁਫ਼ਤ ਮੈਡੀਕਲ ਕੈਂਪ ਡਾਕਟਰਾਂ ਨੇ ਸ਼ੋਸ਼ਾ ਬਣਾਇਆ ਹੋਇਆ ਹੈ। ਇਹ ਕੈਂਪ ਇਸੇ ਕਲੱਬ ਜਾਂ ਸੁਸਾਇਟੀ ਦੇ ਸਹਿਯੋਗ ਨਾਲ ਘੰਟਾ ਜਾਂ ਦੋ ਘੰਟੇ ਲਗਾਇਆ ਜਾਂਦਾ ਹੈ। ਇਸ ਮੈਡੀਕਲਕੈਂਪ ਦਾ ਫਾਇਦਾ ਇਹ ਹੁੰਦਾ ਹੈ, ਇਸ ਵਿਚ ਡਾਕਟਰ ਦੇ ਨਾਂਅ ਦਾ ਪ੍ਰਚਾਰ ਹੁੰਦਾ ਹੈ। ਅਖ਼ਬਾਰਾਂ ਵਿਚ ਵਧਾ-ਚੜ੍ਹਾਅ ਕੇ ਰਿਪੋਰਟ ਲਗਵਾਈ ਜਾਂਦੀ ਹੈ। ਨਾਲੇ ਪੁੰਨ ਨਾਲੇ ਫਲੀਆਂ ਵਾਲੀ ਕਹਾਵਤ ਡਾਕਟਰਾਂ ਦੀ ਸਹੀ ਦਿਸ਼ਾ ਦਰਸਾਉਂਦੀ ਹੈ। ਪਰ ਸਾਰੇ ਡਾਕਟਰ ਇਕੋ ਜਿਹੇ ਨਹੀਂ ਹੁੰਦੇ। ਬੁਹਤ ਸਾਰੇ ਡਾਕਟਰ ਚੰਗੇ ਵੀ ਹੁੰਦੇ ਹਨ। ਇਹ ਮੈਡੀਕਲ ਕੈਂਪ ਨਿਰਸੁਆਰਥ ਜਾਰੀ ਰਹਿਣੇ ਚਾਹੀਦੇ ਹਨ।
-ਡਾ. ਨਰਿੰਦਰ ਭੱਪਰ ਝਬੇਲਵਾਲੀ
ਮਿਲਾਵਟ ਦਾ ਕਹਿਰ
ਅੱਜ ਇਨਸਾਨ ਅਨੇਕਾਂ ਹੀ ਬਿਮਾਰੀਆਂ ਨਾਲ ਘਿਰਿਆ ਹੋਇਆ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲਦੀਆਂ ਹਨ ਕਿ ਛੋਟੀ ਉਮਰ ਵਿਚ ਹੀ ਕਈ ਬੱਚੇ ਅਨੇਕਾਂ ਨਾਮੁਰਾਦ ਬਿਮਾਰੀਆਂ ਨਾਲ ਪੀੜਤ ਹਨ। ਜੇ ਅਸੀਂ ਸਾਫ਼ ਸੁਥਰਾ ਤੇ ਵਧੀਆ ਖਾਣਾ ਖਾਵਾਂਗੇ ਤਾਂ ਹੀ ਤੰਦਰੁਸਤ ਰਹਿ ਸਕਦੇ ਹਾਂ। ਪਰ ਅੱਜ ਦੇ ਸਮੇਂ ਵਿਚ ਮਿਲਾਵਟ ਬਹੁਤ ਵੱਡੀ ਚੁਣੌਤੀ ਬਣ ਗਈ ਹੈ। ਬੇਈਮਾਨੀ ਤੇ ਪੈਸੇ ਦੇ ਲਾਲਚੀ ਲੋਕਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਆਮ ਤੌਰ 'ਤੇ ਸਿਹਤ ਵਿਭਾਗ ਤਿਉਹਾਰਾਂ ਦੇ ਸੀਜ਼ਨ 'ਚ ਹੀ ਸਰਗਰਮ ਹੁੰਦਾ ਹੈ। ਪਿੱਛੇ ਜਿਹੇ ਖਬਰ ਪੜ੍ਹਨ ਨੂੰ ਮਿਲੀ ਸੀ ਕਿ ਦਿੱਲੀ ਵਿਖੇ ਤਕਰੀਬਨ ਪਿਛਲੇ 20 ਸਾਲਾਂ ਤੋਂ ਬਿਨਾਂ ਦੁੱਧ ਤੋਂ ਵੱਖ-ਵੱਖ ਰਸਾਇਣਕ ਤੱਤਾਂ ਤੇ ਜਾਨਵਰਾਂ ਦੀ ਚਰਬੀ ਨਾਲ ਦੇਸੀ ਘਿਓ ਤਿਆਰ ਕਰਨ ਵਾਲੀ ਫੈਕਟਰੀ 'ਤੇ ਛਾਪਾ ਮਾਰਿਆ ਗਿਆ। ਪਤਾ ਨਹੀਂ ਕਿੰਨੇ ਲੋਕਾਂ ਨੇ ਅਜਿਹਾ ਨਿਰਾ ਜ਼ਹਿਰ ਖਾਧਾ ਹੋਵੇਗਾ। ਆਮ ਤੌਰ 'ਤੇ ਜੋ ਦੋਧੀ ਦੁੱਧ ਪਾਉਂਦੇ ਹਨ, ਉਹ ਵੀ ਤਰ੍ਹਾਂ-ਤਰ੍ਹਾਂ ਦੇ ਪਾਊਡਰ ਮਿਲਾ ਕੇ ਦੁੱਧ ਵੇਚ ਰਹੇ ਹਨ। ਸੁਣਨ ਵਿਚ ਆਉਂਦਾ ਹੈ ਕਿ ਨਕਲੀ ਦੁੱਧ ਵਿਚ ਵਾਸ਼ਿੰਗ ਪਾਊਡਰ ਤੇ ਹੋਰ ਜ਼ਹਿਰੀਲੇ ਤੱਤ ਮਿਲਾ ਕੇ ਉਸ ਨੂੰ ਪਰੋਸਿਆ ਜਾ ਰਿਹਾ ਹੈ। ਮਠਿਆਈ ਖਾਣ ਦਾ ਤਾਂ ਅੱਜਕਲ ਬਿਲਕੁਲ ਵੀ ਧਰਮ ਨਹੀਂ ਹੈ। ਤਿਉਹਾਰਾਂ ਦੇ ਸੀਜ਼ਨ ਵਿਚ ਤਰ੍ਹਾਂ-ਤਰ੍ਹਾਂ ਦੇ ਮਠਿਆਈਆਂ ਵਿਚ ਰੰਗ ਲਗਾ ਕੇ ਨਕਲੀ ਮਠਿਆਈਆਂ ਨਾਲ ਦੁਕਾਨਾਂ ਸਜ ਜਾਂਦੀਆਂ ਹਨ। ਮਿਲਾਵਟੀ ਚੀਜ਼ਾਂ ਖਾਣ ਨਾਲ ਅੱਜ ਲੋਕ ਕੈਂਸਰ, ਬਲੱਡ ਪ੍ਰੈਸ਼ਰ, ਦਮਾ, ਸ਼ੂਗਰ ਹੋਰ ਵੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਮੁਨਾਫ਼ਾਖੋਰਾਂ ਖਿਲਾਫ਼ ਸਰਕਾਰ ਨੂੰ ਸਖ਼ਤੀ ਨਾਲ ਪੇਸ਼ ਆਉਣਾ ਚਾਹੀਦਾ ਹੈ।
-ਸੰਜੀਵ ਸਿੰਘ ਸੈਣੀ, ਮੁਹਾਲੀ
ਸਾਫ਼ ਸਫਾਈ ਦੀ ਆਦਤ ਪਾਓ
ਸਾਫ਼-ਸਫਾਈ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ। ਜੇਕਰ ਸਾਡਾ ਆਲਾ-ਦੁਆਲਾ ਸਾਫ਼ ਹੋਵੇਗਾ ਤਾਂ ਅਸੀਂ ਵੀ ਤੰਦਰੁਸਤ ਰਹਾਂਗੇ। ਸਾਡੇ ਦੇਸ਼ ਵਿਚ ਸਭ ਤੋਂ ਜ਼ਿਆਦਾ ਕੂੜਾ ਪ੍ਰਬੰਧਨ ਦੀ ਲੋੜ ਹੈ। ਸਾਨੂੰ ਗਿੱਲਾ ਤੇ ਸੁੱਕਾ ਕੂੜਾ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। ਸਾਨੂੰ ਆਪਣੇ ਘਰਾਂ ਦੇ ਨਾਲ ਹੀ ਗਲੀ ਮੁਹੱਲਿਆਂ ਵਿਚ ਵੀ ਸਫਾਈ ਰੱਖਣੀ ਚਾਹੀਦੀ ਹੈ। ਸਫਾਈ ਨਾਲ ਜਿਥੇ ਤੰਦਰੁਸਤੀ ਰਹਿੰਦੀ ਹੈ, ਉਥੇ ਖੁਸ਼ਹਾਲੀ ਵੀ ਆਉਂਦੀ ਹੈ। ਸਭ ਨੂੰ ਕੂੜੇ ਪ੍ਰਬੰਧਨ ਲਈ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ। ਸਫਾਈ ਮੁਹਿੰਮ ਕੁਝ ਦਿਨਾਂ ਦੀ ਨਹੀਂ, ਸਗੋਂ ਹਮੇਸ਼ਾ ਲਈ ਰਹਿਣੀ ਚਾਹੀਦੀ ਹੈ।
-ਲਵਪ੍ਰੀਤ ਕੌਰ
ਗੱਲਾਂ 'ਚ ਨਾ ਆਓ
ਕਿਸੇ ਦੀਆਂ ਗੱਲਾਂ 'ਚ ਨਾ ਆਉਣਾ ਤੇ ਮੁਸੀਬਤ 'ਚ ਨਾ ਘਬਰਾਉਣਾ ਕੰਧ ਉੱਤੇ ਲਿਖਿਆ ਇਕ ਅਜਿਹਾ ਸੱਚ ਹੈ ਕਿ ਜੇਕਰ ਇਨਸਾਨ ਇਸ ਗੱਲ ਨੂੰ ਪੱਲੇ ਬੰਨ੍ਹ ਲਵੇ ਤਾਂ ਉਹ ਜ਼ਿੰਦਗੀ ਭਰ ਮਾਰ ਨਹੀਂ ਖਾਂਦਾ। ਅਜੀਤ ਮੈਗਜ਼ੀਨ 'ਚ ਮਾਸਟਰ ਜਰਨੈਲ ਸਿੰਘ ਦੀ ਪ੍ਰੇਰਕ ਕਹਾਣੀ 'ਬਾਜ਼ ਦੀ ਸਿੱਖਿਆ' ਇਕ ਅਜਿਹੀ ਕਹਾਣੀ ਹੈ। ਬਾਜ਼ ਵਲੋਂ ਦਿੱਤੀ ਸਿੱਖਿਆ ਤੋਂ ਪਤਾ ਚੱਲਦਾ ਹੈ ਕਿ ਇਨਸਾਨ ਨੂੰ ਛੇਤੀ ਕੀਤੇ ਕਿਸੇ ਦੀਆਂ ਗੱਲਾਂ ਉੱਤੇ ਭਰੋਸਾ ਨਹੀਂ ਕਰਨਾ ਚਾਹੀਦਾ। ਜ਼ਿੰਦਗੀ 'ਚ ਸੁਣੋ ਸਭ ਦੀ ਪਰ ਯਕੀਨ ਉਦੋਂ ਹੀ ਕਰੋ ਜਦੋਂ ਤੁਹਾਨੂੰ ਪਤਾ ਲੱਗ ਜਾਵੇ ਕਿ ਬੰਦਾ ਭਰੋਸਾ ਕਰਨ ਦੇ ਕਾਬਲ ਹੈ। ਇਸ ਤੋਂ ਇਲਾਵਾ ਜੇ ਇਨਸਾਨ ਦੀ ਜ਼ਿੰਦਗੀ 'ਚ ਕੋਈ ਮੁਸੀਬਤ ਆਉਂਦੀ ਹੈ ਤਾਂ ਕਦੇ ਘਬਰਾਵੋ ਨਾ। ਕਿਉਂਕਿ ਰਾਤ ਤੋਂ ਪਿੱਛੇ ਦਿਨ ਜ਼ਰੂਰ ਚੜ੍ਹਦਾ ਹੈ।
-ਲੈਕਚਰਾਰ ਅਜੀਤ ਖੰਨਾ
ਐਮ.ਏ. ਐਮ.ਫਿਲ, ਐਮ.ਜੇ.ਐਮ.ਸੀ.ਬੀ.ਐੱਡ)