ਗਲੀਆਂ-ਨਾਲੀਆਂ ਦੇ ਪ੍ਰੋਜੈਕਟ ਦਾ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਰੱਖਿਆ ਨੀਂਹ-ਪੱਥਰ

ਮੰਡੀ ਲਾਧੂਕਾ, 22 ਮਾਰਚ (ਮਨਪ੍ਰੀਤ ਸਿੰਘ ਸੈਣੀ)-ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਬੱਧ ਹੈ ਅਤੇ ਪਿਛਲੀਆਂ ਸਰਕਾਰਾਂ ਵਲੋਂ ਅਣਗੌਲੇ ਇਲਾਕਿਆਂ ਦੇ ਵਿਕਾਸ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਹ ਗੱਲ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਅੱਜ ਮੰਡੀ ਲਾਧੂਕਾ ਦੇ ਪਿੰਡ ਬਸਤੀ ਚੰਡੀਗੜ੍ਹ ਵਿਚ ਗਲੀਆਂ-ਨਾਲੀਆਂ ਦੇ ਪ੍ਰੋਜੈਕਟ ਦਾ ਨੀਂਹ-ਪੱਥਰ ਰੱਖਣ ਮੌਕੇ ਆਖੀ। ਇਸ ਪਿੰਡ ਵਿਚ ਪਹਿਲੀ ਵਾਰ ਮੁਹੱਲੇ ਦੀਆਂ ਗਲੀਆਂ-ਨਾਲੀਆਂ 19 ਲੱਖ ਰੁਪਏ ਖਰਚ ਕਰਕੇ ਬਣਾਈਆਂ ਜਾ ਰਹੀਆਂ ਹਨ। ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਿੰਡਾਂ ਦੇ ਲੋਕ ਵੀ ਸ਼ਹਿਰਾਂ ਵਰਗੇ ਵਿਕਾਸ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਇਲਾਕਿਆਂ ਦੇ ਵਿਕਾਸ ਲਈ ਉਪਰਾਲੇ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦੀ ਇਲਾਕੇ ਦੇ ਵਿਕਾਸ ਮਹੱਤਵਪੂਰਨ ਹੈ ਤੇ ਇਸ ਲਈ ਸਰਕਾਰ ਵਲੋਂ ਵਿਆਪਕ ਯੋਜਨਾਬੰਦੀ ਕੀਤੀ ਗਈ ਹੈ।
ਇਸ ਮੌਕੇ ਵਿਧਾਇਕ ਨੇ ਵਿਸ਼ੇਸ਼ ਤੌਰ ਉਤੇ ਜ਼ਿਕਰ ਕਰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਮੁਫਤ ਬਿਜਲੀ ਦੀ ਦਿੱਤੀ ਗਈ ਸਹੂਲਤ ਨਾਲ 85 ਫੀਸਦੀ ਘਰਾਂ ਨੂੰ ਜ਼ੀਰੋ ਬਿਜਲੀ ਦੇ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਮਹਿੰਗਾਈ ਦੇ ਦੌਰ ਵਿਚ ਇਹ ਸਹੂਲਤ ਲੋਕਾਂ ਲਈ ਵਰਦਾਨ ਸਿੱਧ ਹੋਈ ਹੈ। ਇਸ ਦੌਰਾਨ ਪਿੰਡ ਦੀ ਸਰਪੰਚ ਗੁਰਮੀਤ ਕੌਰ ਤੋਂ ਇਲਾਵਾ ਹਰਨੇਕ ਸਿੰਘ, ਬਲਜਿੰਦਰ ਸਿੰਘ ਬੱਖੂ ਸ਼ਾਹ, ਬੌਬੀ ਸੇਤੀਆ, ਰਮੇਸ਼ ਕੰਬੋਜ ਹੌਜ਼ਗੰਦੜ, ਰਾਜਬੀਰ ਸਿੰਘ ਲਾਧੂਕਾ ਸਮੇਤ ਵੱਡੀ ਗਿਣਤੀ ਵਿਚ ਪਿੰਡ ਅਤੇ ਇਲਾਕੇ ਦੇ ਲੋਕ ਹਾਜ਼ਰ ਸਨ।