ਡੱਲੇਵਾਲ ਸਮੇਤ ਹੋਰ ਆਗੂ ਗ੍ਰਿਫਤਾਰ ਕੀਤੇ ਜਾਣ ਮਗਰੋਂ ਕਿਸਾਨਾਂ ਵਲੋਂ ਖਨੌਰੀ ਧਰਨੇ ਦੇ ਰਸਤੇ ਸੀਲ
ਪਾਤੜਾਂ/ਖਨੌਰੀ, 19 ਮਾਰਚ (ਜਗਦੀਸ਼ ਸਿੰਘ ਕੰਬੋਜ/ਬਲਵਿੰਦਰ ਸਿੰਘ ਥਿੰਦ)-ਮੀਟਿੰਗ ਮਗਰੋਂ ਚੰਡੀਗੜ੍ਹ ਤੋਂ ਪਰਤ ਰਹੇ ਜਗਜੀਤ ਸਿੰਘ ਡੱਲੇਵਾਲ ਅਤੇ ਹੋਰ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕੀਤੇ ਜਾਣ ਮਗਰੋਂ ਖਨੌਰੀ ਬਾਰਡਰ ਉਤੇ ਕਿਸਾਨਾਂ ਦੇ ਚੱਲ ਰਹੇ ਧਰਨੇ ਵਿਚ ਕਾਫੀ ਹਲਚਲ ਦੇਖਣ ਨੂੰ ਮਿਲ ਰਹੀ ਹੈ। ਧਰਨੇ ਵਿਚ ਮੌਜੂਦ ਕਿਸਾਨ ਆਗੂਆਂ ਵਲੋਂ ਮੋਰਚੇ ਵਿਚ ਇਕ ਜਗ੍ਹਾ ਇਕੱਠੇ ਹੋਣ ਦੀਆਂ ਅਪੀਲਾਂ ਲਾਊਡ ਸਪੀਕਰ ਰਾਹੀਂ ਕੀਤੀਆਂ ਜਾ ਰਹੀਆਂ ਹਨ। ਫੋਨਾਂ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਇਸ ਧਰਨੇ ਵਿਚ ਵੱਡੀ ਗਿਣਤੀ ਵਿਚ ਪਹੁੰਚਣ ਦੀਆਂ ਅਪੀਲਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਧਰਨੇ ਵਿਚ ਮੌਜੂਦ ਕਿਸਾਨਾਂ ਵਲੋਂ ਇਕੱਠੇ ਹੋ ਕੇ ਧਰਨੇ ਵਿਚ ਜਾਣ ਵਾਲੇ ਰਸਤੇ ਨੂੰ ਸੀਲ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਇਹ ਵੀ ਸੂਚਨਾ ਮਿਲੀ ਹੈ ਕਿ ਛੇਤੀ ਹੀ ਇਸ ਧਰਨੇ ਵਿਚ ਪੁਲਿਸ ਪੁੱਜਣ ਵਾਲੀ ਹੈ ਅਤੇ ਕਿਸੇ ਸਮੇਂ ਵੀ ਪੁਲਿਸ ਵਲੋਂ ਇਸ ਧਰਨੇ ਉੱਤੇ ਕਾਰਵਾਈ ਕੀਤੀ ਜਾ ਸਕਦੀ ਹੈ।