JALANDHAR WEATHER

19-03-2025

 ਨਿਤਿਨ ਗਡਕਰੀ ਦਾ ਦਰਦ

ਪਿਛਲੇ ਦਿਨੀਂ ਸੰਪਾਦਕੀ 'ਚ 'ਨਿਤਿਨ ਗਡਕਰੀ ਦਾ ਦਰਦ' ਆਏ ਦਿਨ ਦੇਸ਼ ਦੀਆਂ ਸੜਕਾਂ 'ਤੇ ਵਾਪਰਦੇ ਹਾਦਸਿਆਂ 'ਚ ਹੁੰਦੀਆਂ ਲੱਖਾਂ ਮੌਤਾਂ ਨੂੰ ਘਟਾਉਣ ਲਈ ਸਾਰਥਿਕ ਉਪਰਾਲਿਆਂ ਦੀ ਮੰਗ ਕਰਦਾ ਹੈ। ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵਲੋਂ ਸੜਕ ਹਾਦਸਿਆਂ ਬਾਰੇ ਦਰਸਾਏ ਗਏ ਅੰਕੜੇ ਭਿਆਨਕ ਸੜਕੀ ਹਾਦਸਿਆਂ ਨੂੰ ਘਟਾਉਣ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਗੰਭੀਰਤਾ ਨਾਲ ਉਪਰਾਲੇ ਕਰਨ ਦੀ ਮੰਗ ਕਰਦੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸੜਕਾਂ ਅਤੇ ਪੁਲਾਂ ਦੇ ਨਿਰਮਾਣ 'ਚ ਤਕਨੀਕੀ ਤਰੁਟੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਸੜਕ ਨਿਰਮਾਣ ਦੇ ਕਾਰਜਾਂ 'ਚ ਲੱਗੇ ਤਕਨੀਕੀ ਅਮਲੇ ਦੀ ਜਵਾਬਦੇਹੀ ਦੀ ਮੰਗ ਕਰਦੇ ਹਨ। ਭਾਵੇਂ ਦੇਸ਼ ਅੰਦਰ ਆਵਾਜਾਈ ਦੀ ਸਮੱਸਿਆ ਨੂੰ ਹਾਲ ਕਰਨ ਲਈ ਵੱਡੇ ਪੱਧਰ 'ਤੇ ਸੜਕਾਂ ਦਾ ਨਿਰਮਾਣ ਹੋ ਰਿਹਾ ਹੈ, ਪਰ ਸੜਕ ਨਿਰਮਾਣ 'ਚ ਰਹਿੰਦੀਆਂ ਤਰੁਟੀਆਂ, ਚੌਂਕਾਂ, ਟ੍ਰੈਫਿਕ ਬੱਤੀਆਂ, ਮੋੜਾਂ ਨੂੰ ਦਰਸਾਉਂਦੇ ਬੋਰਡ ਲਗਾਉਣ ਦੇ ਨਾਲ-ਨਾਲ ਸੜਕਾਂ 'ਤੇ ਬਹੁਤੀ ਥਾਈਂ ਹਾਦਸਿਆਂ ਦਾ ਕਾਰਨ ਬਣਦੇ ਤੰਗ ਪੁਲਾਂ ਨੂੰ ਚੌੜਾ ਕਰਨ ਤੋਂ ਇਲਾਵਾ ਆਵਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਸਖ਼ਤੀ ਵਰਤਣ ਦੀ ਲੋੜ ਹੈ ਤਾਂ ਕਿ ਅਜਿਹੇ ਸਾਰਥਿਕ ਉਪਰਾਲਿਆਂ ਨਾਲ ਸੜਕੀ ਹਾਦਸਿਆਂ ਨੂੰ ਘਟਾਇਆ ਜਾ ਸਕੇ।

-ਮਨੋਹਰ ਸਿੰਘ ਸੱਗੂ
ਧੂਰੀ ਸੰਗਰੂਰ।\

ਨਸ਼ਾ ਮੁਕਤ ਪੰਜਾਬ ਦੀ ਸਿਰਜਣਾ

ਪੰਜਾਬ ਵਿਚ ਨਸ਼ੇ ਦੀ ਲਤ ਇਕ ਵੱਡੀ ਸਮਾਜਿਕ ਅਤੇ ਆਰਥਿਕ ਸਮੱਸਿਆ ਬਣ ਚੁੱਕੀ ਹੈ। ਨੌਜਵਾਨ ਵੱਧ ਗਿਣਤੀ ਵਿਚ ਨਸ਼ਿਆਂ ਦੀ ਲਪੇਟ ਵਿਚ ਆ ਰਹੇ ਹਨ, ਜੋ ਸੂਬੇ ਦੀ ਉਨਤੀ, ਲੋਕਾਂ ਦੀ ਤੰਦਰੁਸਤੀ ਅਤੇ ਪਰਿਵਾਰਕ ਜੀਵਨ 'ਤੇ ਨਕਾਰਾਤਮਿਕ ਪ੍ਰਭਾਵ ਪਾ ਰਿਹਾ ਹੈ। ਜੇਕਰ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਹੈ ਤਾਂ ਸਰਕਾਰ, ਪਰਿਵਾਰ ਅਤੇ ਸਮਾਜ ਨੂੰ ਮਿਲ ਕੇ ਕੰਮ ਕਰਨਾ ਪਵੇਗਾ। ਸਾਡੇ ਨੌਜਵਾਨ ਹੀ ਪੰਜਾਬ ਦਾ ਭਵਿੱਖ ਹਨ, ਇਸ ਲਈ ਸਾਨੂੰ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਕਰਨੀ ਚਾਹੀਦੀ ਹੈ।

-ਅਮਨਿੰਦਰ ਸਿੰਘ ਰਾਮਗੜ੍ਹ, ਸੈਣੀਆਂ।

ਈਰਖਾ

ਜਦੋਂ ਸਾਡੀ ਸੋਚ ਤੋਂ ਉਲਟ ਕੋਈ ਗੱਲ ਹੁੰਦੀ ਹੈ ਭਾਵ ਕੋਈ ਵਿਰੋਧ ਹੁੰਦਾ ਹੈ ਤਾਂ ਕੁਝ ਲੋਕਾਂ ਅੰਦਰ ਈਰਖਾ ਦੀ ਭਾਵਨਾ ਪੈਦਾ ਹੁੰਦੀ ਹੈ। ਈਰਖਾ ਇਨਸਾਨ ਦਾ ਦਿਮਾਗ ਖਰਾਬ ਕਰ ਦਿੰਦੀ ਹੈ। ਦਿਮਾਗੀ ਤੌਰ 'ਤੇ ਤੰਦਰੁਸਤ ਵਿਅਕਤੀ ਈਰਖਾ ਨਹੀਂ ਕਰਦਾ ਸਗੋਂ ਉਹ ਇਸ ਨੂੰ ਸ਼ਾਂਤੀ ਨਾਲ ਚੰਗੀ ਸੋਚ ਵਿਚ ਤਬਦੀਲ ਕਰ ਦਿੰਦਾ ਹੈ। ਜਦੋਂ ਕਿ ਦਿਮਾਗੀ ਤੌਰ 'ਤੇ ਕਮਜ਼ੋਰ ਵਿਅਕਤੀ ਇਸ ਨੂੰ ਮਨ ਵਿਚ ਵਸਾ ਲੈਂਦੇ ਹਨ। ਗੁੱਸਾ ਇਨਸਾਨ ਦਾ ਸੰਤੁਲਨ ਖਰਾਬ ਕਰ ਦਿੰਦਾ ਹੈ, ਉਹ ਈਰਖਾ ਨਾਲ ਭਰ ਜਾਂਦਾ ਹੈ। ਕਈ ਵਾਰ ਲੋਕ ਮਾੜੀ ਮੋਟੀ ਗੱਲ 'ਤੇ ਹੀ ਗੁੱਸੇ ਵਿਚ ਅੱਗ ਬਬੂਲਾ ਹੋ ਜਾਂਦੇ ਹਨ। ਜਿਸ ਦਾ ਵੱਡਾ ਕਾਰਨ ਇਕੱਲਾਪਨ ਹੈ।

-ਰਾਕੇਸ਼ ਕੁਮਾਰ ਸ਼ਰਮਾ ਪੀ.ਪੀ.ਐਸ.
ਰਿਟਾਇਰਡ ਪ੍ਰਿੰਸੀਪਲ ਪੰਜਾਬ ਜੇਲ੍ਹ ਟ੍ਰੇਨਿੰਗ ਸੰਸਥਾ ਪਟਿਆਲਾ।

ਦੇਰ ਆਏ, ਦਰੁਸਤ ਆਏ

ਪੰਜਾਬ ਸਰਕਾਰ ਇਕ ਵਾਰ ਫਿਰ ਨਸ਼ਿਆਂ ਦੇ ਖਿਲਾਫ਼ ਸਖ਼ਤ ਹੋਈ ਨਜ਼ਰ ਆ ਰਹੀ ਹੈ। ਪਹਿਲਾਂ ਵੀ ਕਈ ਵਾਰ ਨਸ਼ਿਆਂ ਨੂੰ ਲੈ ਕੇ ਸਖਤੀ ਹੋਈ ਸੀ। ਪਤਾ ਨਹੀਂ ਕਿਉਂ ਸਰਕਾਰ ਫਿਰ ਜਲਦੀ ਢਿੱਲੀ ਪੈ ਜਾਂਦੀ ਹੈ। ਹੁਣ ਸਰਕਾਰ ਨੇ ਐਕਸ਼ਨ ਲੈਂਦੇ ਹੋਏ ਕਈ ਨਸ਼ਾ ਵੇਚਣ ਵਾਲਿਆਂ ਦੇ ਉਨ੍ਹਾਂ ਘਰਾਂ 'ਤੇ ਬੁਲਡੋਜ਼ਰ ਅਤੇ ਜੇ.ਸੀ.ਬੀ. ਚਲਾਈ ਹੈ, ਜੋ ਨਸ਼ਾ ਵੇਚਣ ਵਾਲਿਆਂ ਨੇ ਨਸ਼ਾ ਵੇਚ ਕੇ ਬਣਾਏ ਸਨ। ਪਰ ਸਰਕਾਰ ਇਹ ਸਖ਼ਤ ਐਕਸ਼ਨ ਲੈਣ ਵਿਚ ਬਹੁਤ ਹੀ ਜ਼ਿਆਦਾ ਲੇਟ ਹੋ ਚੁੱਕੀ ਹੈ। ਜਦੋਂ ਕਿ ਪਹਿਲਾਂ ਸਰਕਾਰ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਸੀ ਕਿ ਸਰਕਾਰ ਬਣਦੇ ਹੀ ਸਭ ਤੋਂ ਪਹਿਲਾਂ ਨਸ਼ੇ ਖਤਮ ਕੀਤੇ ਜਾਣਗੇ। ਫਿਰ ਸਰਕਾਰ ਨੇ ਇਕ ਦੋ ਵਾਰ ਪੰਦਰਾਂ ਅਗਸਤ ਦਾ ਵੀ ਸਮਾਂ ਦਿੱਤਾ ਸੀ ਪਰ ਨਸ਼ਿਆਂ ਦੀ ਕੋਈ ਰੋਕਥਾਮ ਨਹੀਂ ਹੋਈ ਹੈ। ਨਸ਼ਿਆਂ ਦਾ ਬੋਲਬਾਲਾ ਜਿਵੇਂ ਸਰਕਾਰ ਬਣਨ ਤੋਂ ਪਹਿਲਾਂ ਸੀ ਅੱਜ ਵੀ ਉਸੇ ਤਰ੍ਹਾਂ ਬਰਕਰਾਰ ਹੈ।
ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਨਸ਼ਿਆਂ ਦੇ ਖਾਤਮੇ ਨੂੰ ਲੈ ਕੇ ਪੂਰੀ ਸਖਤੀ ਵਰਤੀ ਜਾਵੇ। ਇਕੱਲੇ ਬਿਆਨ ਦੇਣ, ਸੈਮੀਨਾਰ ਕਰਵਾਉਣ, ਅਖ਼ਬਾਰਾਂ ਵਿਚ ਫੋਟੋਆਂ ਪਾਉਣ ਨਾਲ ਕੁਝ ਵੀ ਨਹੀਂ ਹੋਣਾ। ਸਰਕਾਰ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਨਸ਼ਿਆਂ ਦਾ ਮੁੱਦਾ ਕਈ ਸਰਕਾਰਾਂ ਦੀ ਬਲੀ ਲੈ ਚੁੱਕਾ ਹੈ। ਨਸ਼ੇ ਨੇ ਲੋਕਾਂ ਦੇ ਬਹੁਤ ਜ਼ਿਆਦਾ ਘਰ ਬਰਬਾਦ ਕਰ ਦਿੱਤੇ ਹਨ।

-ਗੁਰਤੇਜ ਸਿੰਘ ਖੁਡਾਲ
ਭਾਗੂ ਰੋਡ, ਬਠਿੰਡਾ।

ਪੁੱਤ ਬਣਿਆ ਕਪੁੱਤ

 

ਹਾਲ ਹੀ ਵਿਚ ਇਕ ਪੁੱਤ ਵਲੋਂ ਆਪਣੀ ਬਜ਼ੁਰਗ ਮਾਂ ਨੂੰ ਗੁਜ਼ਾਰਾ ਭੱਤਾ ਦੇਣ ਤੋਂ ਬਚਣ ਲਈ ਹਾਈਕੋਰਟ ਵਿਚ ਪਟੀਸ਼ਨ ਪਾ ਕੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਹੈ। ਜੋ ਮਾਂ-ਬਾਪ ਆਪਣੀ ਔਲਾਦ ਨੂੰ ਪੜ੍ਹਾਉਣ ਲਈ ਪਤਾ ਨਹੀਂ ਕਿੰਨੀ ਕੁ ਮਿਹਨਤ ਕਰਦੇ ਹਨ, ਅੱਜ ਓਹੀ ਔਲਾਦ ਬਜ਼ੁਰਗ ਮਾਂ ਪਿਓ ਨੂੰ ਘਰ ਵਿਚ ਨਹੀਂ ਰੱਖਣਾ ਚਾਹੁੰਦੀ। ਕਿਹੋ ਜਿਹਾ ਸਮਾਂ ਆ ਚੁੱਕਿਆ ਹੈ। ਕਿਉਂ ਬਜ਼ੁਰਗਾਂ ਦੀ ਏਨੀ ਬੇਕਦਰੀ ਹੋ ਰਹੀ ਹੈ। ਪ੍ਰਸ਼ਾਸਨਿਕ ਅਧਿਕਾਰੀਆਂ ਕੋਲ ਬਜ਼ੁਰਗ ਆਪਣੀ ਦਰਖਾਸਤ ਲੈ ਕੇ ਜਾਂਦੇ ਹਨ। ਕੋਈ ਸੁਣਵਾਈ ਨਹੀਂ ਹੁੰਦੀ। ਬਿਰਧ ਆਸ਼ਰਮਾਂ ਵਿਚ ਬਜ਼ੁਰਗਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਹਰ ਰੋਜ਼ ਕਿਸੇ ਨਾ ਕਿਸੇ ਅਖ਼ਬਾਰ ਵਿਚ ਬਜ਼ੁਰਗਾਂ ਦੀ ਬੇਕਦਰੀ ਦੀ ਖ਼ਬਰ ਆਮ ਪੜ੍ਹਨ ਨੂੰ ਮਿਲਦੀ ਹੈ। ਚੰਗੀ ਪੈਨਸ਼ਨ ਲੈਣ ਵਾਲੇ ਬਜ਼ੁਰਗਾਂ ਨੂੰ ਵੀ ਘਰ ਵਿਚ ਰਹਿਣ ਲਈ ਥਾਂ ਤੱਕ ਨਹੀਂ ਹੈ। ਬਜ਼ੁਰਗ ਦੱਸਦੇ ਹਨ ਕਿ ਸਾਡੀ ਪੈਨਸ਼ਨ ਨਾਲ ਹੀ ਇਹ ਬੱਚੇ ਘਰ ਦਾ ਗੁਜ਼ਾਰਾ ਕਰਦੇ ਹਨ, ਫਿਰ ਵੀ ਚੰਗੀ ਤਰ੍ਹਾਂ ਉਨ੍ਹਾਂ ਨੂੰ ਰੋਟੀ ਨਹੀਂ ਦਿੰਦੇ ਹਨ। ਵਿਚਾਰ ਕਰਨ ਵਾਲੀ ਗੱਲ ਹੈ ਕਿ ਜੋ ਬਜ਼ੁਰਗ ਸਿਰਫ਼ ਬੁਢਾਪਾ ਪੈਨਸ਼ਨ ਲੈ ਰਹੇ ਹੋਣ, ਉਨ੍ਹਾਂ ਨਾਲ ਕੀ ਬੀਤਦੀ ਹੋਣੀ। ਬੱਚਿਆਂ ਨੇ ਜ਼ਮੀਨਾਂ ਜਾਇਦਾਦਾਂ ਆਪਣੇ ਨਾਂਅ ਕਰਵਾ ਕੇ ਬਜ਼ੁਰਗਾਂ ਨੂੰ ਘਰੋਂ ਕੱਢ ਦਿੱਤਾ ਹੈ। ਨੌਜਵਾਨਾਂ ਨੂੰ ਬਜ਼ੁਰਗਾਂ ਦੀ ਗੱਲ ਸੁਣਨੀ ਚਾਹੀਦੀ ਹੈ। ਆਪਸੀ ਪਿਆਰ ਰੱਖਣਾ ਚਾਹੀਦਾ ਹੈ। ਬਜ਼ੁਰਗਾਂ ਕੋਲ ਜ਼ਿੰਦਗੀ ਦਾ ਨਿਚੋੜ ਹੁੰਦਾ ਹੈ।

-ਸੰਜੀਵ ਸਿੰਘ ਸੈਣੀ
ਮੋਹਾਲੀ।