ਕੁਝ ਸਮੇਂ ’ਚ ਸ਼ੁਰੂ ਹੋਵੇਗੀ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਵਿਚਾਲੇ ਮੀਟਿੰਗ

ਚੰਡੀਗੜ੍ਹ, 19 ਮਾਰਚ (ਅਜਾਇਬ ਸਿੰਘ ਔਜਲਾ)- ਸੰਯੁਕਤ ਕਿਸਾਨ ਮੋਰਚਾ ਅਤੇ ਕੇਂਦਰ ਸਰਕਾਰ ਦੇ ਮੰਤਰੀਆਂ ਦਰਮਿਆਨ ਹੋਣ ਜਾ ਰਹੀ ਮੀਟਿੰਗ ਕੁਝ ਪਲਾਂ ਵਿਚ ਸ਼ੁਰੂ ਹੋਵੇਗੀ। ਕੇਂਦਰੀ ਮੰਤਰੀਆਂ ਦਾ ਵਫ਼ਦ ਮੀਟਿੰਗ ਵਾਲੀ ਥਾਂ ’ਤੇ ਪੁੱਜ ਚੁੱਕਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਪੁੱਜ ਗਏ ਹਨ। ਉਨ੍ਹਾਂ ਦੇ ਨਾਲ ਪੰਜਾਬ ਦੇ ਮੁੱਖ ਸਕੱਤਰ ਅਤੇ ਪੰਜਾਬ ਦੇ ਡੀ.ਜੀ.ਪੀ. ਵੀ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਪੁੱਜ ਗਏ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦਾ 13 ਮੈਂਬਰੀ ਵਫ਼ਦ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਵਿਚ ਇਸ ਮੀਟਿੰਗ ਦਾ ਹਿੱਸਾ ਬਣਿਆ ਹੈ। ਦੂਜੇ ਪਾਸੇ ਕਿਸਾਨ ਮਜ਼ਦੂਰ ਮੋਰਚਾ ਤੇ ਆਗੂ ਸਰਵਣ ਸਿੰਘ ਪੰਧੇਰ ਦੀ ਅਗਵਾਈ ਹੇਠ ਇਨੇ ਹੀ ਮੈਂਬਰ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਆਏ ਹਨ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਪੀਯੂਸ਼ ਗੋਇਲ ਅਤੇ ਪ੍ਰਹਿਲਾਦ ਜੋਸ਼ੀ ਕੇਂਦਰ ਸਰਕਾਰ ਦੇ ਬਹੁਤ ਸਾਰੇ ਅਧਿਕਾਰੀਆਂ ਨਾਲ ਮੀਟਿੰਗ ਦਾ ਹਿੱਸਾ ਬਣੇ ਹਨ । ਦੂਜੇ ਪਾਸੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁਡੀਆਂ ਅਤੇ ਫੂਡ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਵੀ ਪੰਜਾਬ ਦੇ ਵੱਡੇ ਅਧਿਕਾਰੀਆਂ ਨਾਲ ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਪੁੱਜ ਚੁੱਕੇ ਹਨ। ਇਹ ਵੀ ਚਰਚਾ ਹੈ ਕਿ ਕੇਂਦਰ ਸਰਕਾਰ ਦੇ ਵੱਡੇ ਅਧਿਕਾਰੀਆਂ ਦਾ ਇਸ ਮੀਟਿੰਗ ਦਾ ਹਿੱਸਾ ਬਣਨਾ ਇਹ ਦਰਸਾਉਂਦਾ ਹੈ ਕਿ ਸ਼ਾਇਦ ਕਿਸਾਨ ਜਥੇਬੰਦੀਆਂ ਨਾਲ ਕਿਤੇ ਨਾ ਕਿਤੇ ਜਾ ਕੇ ਕਿਸਾਨੀ ਮੰਗਾਂ ਦਾ ਜ਼ਰੂਰ ਕੋਈ ਹੱਲ ਕੱਢਿਆ ਜਾਵੇ, ਜਿਸ ਤੋਂ ਕਿਸਾਨ ਆਗੂ ਵੀ ਉਤਸ਼ਾਹਤ ਦਿਖਾਈ ਦੇ ਰਹੇ ਹਨ। ਬਾਕੀ ਸੱਤਵੇਂ ਗੇੜ ਦੀ ਇਹ ਮੀਟਿੰਗ ’ਚ ਕੀ ਹੁੰਦਾ ਹੈ, ਇਹ ਮੀਟਿੰਗ ’ਤੇ ਨਿਰਭਰ ਹੈ ਤੇ ਮੀਟਿੰਗ ਐਮ.ਐਸ.ਪੀ. ਮੁੱਦੇ ’ਤੇ ਕਿੱਥੇ ਜਾ ਕੇ ਖੜਦੀ ਹੈ, ਇਹ ਵੇਖਣ ਵਾਲੀ ਗੱਲ ਹੋਵੇਗੀ।