JALANDHAR WEATHER

ਪਲਾਟ ਦੇ ਮਸਲੇ ਨੂੰ ਲੈ ਕੇ ਚੱਲੀਆਂ ਗੋਲੀਆਂ, 3 ਵਿਅਕਤੀ ਫੱਟੜ

ਰਾਮ ਤੀਰਥ, 17 ਮਾਰਚ (ਧਰਵਿੰਦਰ ਸਿੰਘ ਔਲਖ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਰਾਮ ਤੀਰਥ ਵਿਖੇ 2 ਕਨਾਲ 11 ਮਰਲੇ ਪਲਾਟ ਨੂੰ ਲੈ ਕੇ ਦੋ ਧਿਰਾਂ ਵਿਚ ਹੋਈ ਲੜਾਈ ਦਰਮਿਆਨ ਤਿੰਨ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਜਾਣਕਾਰੀ ਦਿੰਦਿਆਂ ਕਮਲਜੀਤ ਪੁੱਤਰ ਸਵ. ਸਲਵਿੰਦਰ ਪਾਲ ਸਾਬਕਾ ਸਰਪੰਚ ਪਿੰਡ ਕਲੇਰ ਨੇ ਦੱਸਿਆ ਕਿ ਉਨ੍ਹਾਂ ਦੀ ਜਗ੍ਹਾ ਵਿਚ ਉਨ੍ਹਾਂ ਦਾ ਤਾਇਆ ਚਮਨ ਲਾਲ, ਕਰਨ ਪੁੱਤਰ ਚਮਨ ਲਾਲ, ਗੁਰਪ੍ਰਤਾਪ ਸਿੰਘ ਪੱਧਰੀ, ਜੁਗਰਾਜ ਸਿੰਘ ਪੁੱਤਰ ਗੁਰਪ੍ਰਤਾਪ ਸਿੰਘ ਆਦਿ ਧੱਕੇ ਨਾਲ ਉਸਾਰੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਜਦੋਂ ਰਾਮ ਤੀਰਥ ਚੌਕੀ ਵਿਖੇ ਰਿਪੋਰਟ ਦੇ ਕੇ ਪੁਲਿਸ ਮੁਲਾਜ਼ਮਾਂ ਦੇ ਨਾਲ ਉਸ ਜਗ੍ਹਾ ਉਤੇ ਗਏ ਤਾਂ ਉਕਤ ਵਿਅਕਤੀਆਂ ਨੇ ਉਨ੍ਹਾਂ ਉਤੇ ਗੋਲੀਆਂ ਅਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਰਣਧੀਰ ਸਿੰਘ ਉਰਫ਼ ਕਾਲਾ ਪੁੱਤਰ ਅਨੂਪ ਸਿੰਘ ਖਿਆਲਾ ਕਲਾਂ ਵਲੋਂ ਕਥਿਤ ਤੌਰ ਉਤੇ ਰਿਵਾਲਵਰ ਨਾਲ ਗੋਲੀਆਂ ਚਲਾਈਆਂ ਗਈਆਂ ਤੇ ਨਾਲ ਹੀ ਪਰਮਜੀਤ ਸਿੰਘ ਅਤੇ ਜਗਤਾਰ ਸਿੰਘ ਪੀਟਰ ਹੋ ਗਏ, ਜਦੋਂਕਿ ਜਗਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਦੀ ਲੱਤ ਉਤੇ ਦਾਤਰ ਮਾਰ ਕੇ ਉਸ ਨੂੰ ਵੀ ਗੰਭੀਰ ਜ਼ਖਮੀ ਕਰ ਦਿੱਤਾ। ਕਮਲਜੀਤ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਬਾਹਰੋਂ ਬਹੁਤ ਸਾਰੇ ਵਿਅਕਤੀ ਲੜਾਈ-ਝਗੜਾ ਕਰਨ ਵਾਸਤੇ ਲਿਆਂਦੇ ਹੋਏ ਸਨ। ਉਸ ਨੇ ਸਪੱਸ਼ਟ ਕੀਤਾ ਕਿ ਉਸ ਦਾ ਤਾਇਆ ਚਮਨ ਲਾਲ 40 ਸਾਲ ਪਹਿਲਾਂ ਆਪਣਾ ਹਿੱਸਾ ਅਤੇ ਜ਼ਮੀਨ ਲੈ ਕੇ ਇਥੋਂ ਜਾ ਚੁੱਕਾ ਹੈ ਅਤੇ ਹੁਣ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ ਤਾਂ ਉਸਨੇ ਦੁਬਾਰਾ ਉਨ੍ਹਾਂ ਦੀ ਜਾਇਦਾਦ ਉਤੇ ਹੱਕ ਜਿਤਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਹੁਣ ਉਨ੍ਹਾਂ ਦੇ ਪਲਾਟ ਉਤੇ ਨਾਜਾਇਜ਼ ਉਸਾਰੀ ਕੀਤੀ ਜਾ ਰਹੀ ਸੀ, ਜਦੋਂਕਿ ਇਸਦਾ ਕੇਸ ਅਦਾਲਤ ਵਿਚ ਚੱਲ ਰਿਹਾ ਹੈ। ਦੋ ਗੋਲੀਆਂ ਲੱਗਣ ਨਾਲ ਗੰਭੀਰ ਜ਼ਖਮੀ ਹੋਏ ਪਰਮਜੀਤ ਨੂੰ ਗੁਰੂ ਨਾਨਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ, ਜਦੋਂਕਿ ਜਗਤਾਰ ਸਿੰਘ ਪੀਟਰ ਅਤੇ ਜਗਜੀਤ ਸਿੰਘ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਜ਼ੇਰੇ ਇਲਾਜ ਹਨ। ਚੌਕੀ ਰਾਮ ਤੀਰਥ ਦੇ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵਿਚਕਾਰ ਜ਼ਮੀਨ ਦਾ ਝਗੜਾ ਸੀ , ਇਸ ਕਾਰਨ ਹੋਈ ਲੜਾਈ ਵਿਚ ਦੋ ਵਿਅਕਤੀਆਂ ਨੂੰ ਗੋਲੀਆਂ ਲੱਗੀਆਂ ਹਨ, ਦੋਵਾਂ ਧਿਰਾਂ ਦੇ ਵਿਅਕਤੀ ਜ਼ਖ਼ਮੀ ਹੋਏ ਹਨ, ਜੋ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਹਨ ਅਤੇ ਪੁਲਿਸ ਵਲੋਂ ਜਾਂਚ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ