ਖ਼ਾਲਸਾਈ ਰੰਗ ਵਿਚ ਰੰਗਿਆ ਗਿਆ ਸ੍ਰੀ ਅਨੰਦਪੁਰ ਸਾਹਿਬ

ਸ੍ਰੀ ਅਨੰਦਪੁਰ ਸਾਹਿਬ ,14 ਮਾਰਚ (ਜੇ ਐੱਸ ਨਿੱਕੂਵਾਲ, ਕਰਨੈਲ ਸਿੰਘ ) - ਖ਼ਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਕੌਮੀ ਜੋੜ ਮੇਲਾ ਹੋਲਾ ਮਹੱਲਾ ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਵਿਚ ਪੂਰੇ ਜੋਬਨ 'ਤੇ ਹੈ ਸਮੁੱਚਾ ਸ੍ਰੀ ਅਨੰਦਪੁਰ ਸਾਹਿਬ ਖ਼ਾਲਸਾਈ ਰੰਗ ਵਿਚ ਰੰਗਿਆ ਗਿਆ ਹੈ। ਲੱਖਾਂ ਦੀ ਗਿਣਤੀ ਵਿਚ ਸੰਗਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੇ ਹੋਰ ਗੁਰਧਾਮਾਂ 'ਤੇ ਨਤਮਸਤਕ ਹੋ ਰਹੀਆਂ ਹਨ। ਨਿਹੰਗ ਸਿੰਘਾਂ ਵਲੋਂ ਆਪਣੀਆਂ ਛਾਉਣੀਆਂ 'ਤੇ ਡੇਰੇ ਲਾਏ ਹੋਏ ਹਨ ਅਤੇ ਗੁਰਮਤਿ ਦੀਵਾਨਾਂ ਦੇ ਨਾਲ ਨਾਲ ਲੰਗਰ ਚੱਲ ਰਹੇ ਹਨ। ਸਾਰਾ ਇਲਾਕਾ ਜਿੱਥੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿਚ ਗੂੰਜ ਰਿਹਾ ਹੈ ਉੱਥੇ ਹੀ ਛਾਉਣੀ ਨਿਹੰਗ ਸਿੰਘ ਬਾਬਾ ਬੁੱਢਾ ਦਲ ਵਿਖੇ ਬਾਬਾ ਬਲਵੀਰ ਸਿੰਘ ਅਕਾਲੀ ਦੀ ਅਗਵਾਈ ਹੇਠ ਮੁਕਾਬਲੇ ਚੱਲ ਰਹੇ ਹਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪੰਜਾਬ ਸਰਕਾਰ ਦੀ ਸਮੁੱਚੀ ਲੀਡਰਸ਼ਿਪ ਨੇ ਮੱਥਾ ਟੇਕਿਆ ਹੈ , ਉੱਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵਿਚ ਮਨਪ੍ਰੀਤ ਸਿੰਘ ਇਆਲੀ , ਗੁਰਪਤਾਪ ਸਿੰਘ ਵੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬਮੱਥਾ ਟੇਕਿਆ। ਪ੍ਰਸ਼ਾਸਨ ਵਲੋਂ ਰੂਪਨਗਰ ਰੇਂਜ ਦੇ ਆਈ.ਜੀ. ਹਰਚਰਨ ਸਿੰਘ ਭੁੱਲਰ ,ਜ਼ਿਲ੍ਹਾ ਪੁਲਿਸ ਮੁਖੀ ਗੁਰਮੀਤ ਸਿੰਘ ਖੁਰਾਨਾ ,ਡਿਪਟੀ ਕਮਿਸ਼ਨਰ ਰੂਪਨਗਰ ਹਿਮਾਂਸ਼ੂ ਜੈਨ, ਮੇਲਾ ਅਫ਼ ਸਰ ਕੰਮ ਐਸ.ਡੀ.ਐਮ. ਜਸਪ੍ਰੀਤ ਸਿੰਘ ਸਮੇਤ ਸਮੁੱਚਾ ਅਮਲਾ ਪ੍ਰਬੰਧਾਂ ਦੀ ਦੇਖਰੇਖ ਕਰ ਰਿਹਾ ਹੈ ।