ਸਿੱਖ ਪਰਿਵਾਰ ਨੇ ਹੋਲੀ ਦੇ ਦਿਨ ਮਸਜਿਦ ਨੂੰ ਦਾਨ ਕੀਤੀਆਂ ਦੋ ਦੁਕਾਨਾਂ

ਸਮਰਾਲਾ (ਲੁਧਿਆਣਾ), 14 ਮਾਰਚ (ਰਾਮ ਗੋਪਾਲ ਸੋਫ਼ਤ) - ਧਾਰਮਿਕ ਪ੍ਰੰਪਰਾਵਾਂ ਨਾਲ ਜੁੜੇ ਰੰਗਾਂ ਦੇ ਤਿਉਹਾਰ ਹੋਲੀ ’ਤੇ ਸਥਾਨਕ ਢਿੱਲੋਂ ਪਰਿਵਾਰ ਨੇ ਸ਼ਹਿਰ ਦੇ ਮੁੱਖ ਚੋਂਕ ਵਿਚ ਜਾਮਾ ਮਸਜਿਦ ਦੇ ਨਾਲ ਲੱਗਦੀਆਂ ਦੋ ਦੁਕਾਨਾਂ ਮਸਜਿਦ ਨੂੰ ਭੇਂਟ ਕਰਕੇ ਵਿਲੱਖਣ ਮਿਸਾਲ ਪੇਸ਼ ਕਰ ਦਿੱਤੀ ਹੈ। ਅੱਜ ਜੁੰਮੇ ਦੀ ਨਮਾਜ਼ ਮੌਕੇ ਪਹਿਲਾ ਹੀ ਮੁਸਲਮ ਭਾਈਚਾਰੇ ਦਾ ਵੱਡਾ ਇੱਕਠ ਮਸਜਿਦ ਵਿਚ ਹਾਜ਼ਰ ਸੀ, ਜਿੱਥੇ ਪਹੁੰਚ ਕੇ ਹਰਸਿਮਰਤ ਸਿੰਘ ਢਿੱਲੋਂ ਨੇ ਆਪਣੀਆਂ ਦੋਵੇਂ ਦੁਕਾਨਾਂ ਮਸਜਿਦ ਦੇ ਪ੍ਰਬੰਧਕਾਂ ਨੂੰ ਸੌਂਪ ਦਿੱਤੀਆ। ਉਨ੍ਹਾਂ ਇਸ ਮੌਕੇ ਉੱਤੇ ਕਿਹਾ ਕਿ, ਉਸ ਦੀਆਂ ਇਹ ਦੁਕਾਨਾਂ ਨੇਕ ਕੰਮ ਦੇ ਲੇਖੇ ਲੱਗ ਗਈਆਂ ਹਨ। ਇਸ ਮੌਕੇ ’ਤੇ ਮੁਸਲਮਾਨ ਭਾਈਚਾਰੇ ਦੇ ਆਗੂੁਆਂ ਵਲੋਂ ਢਿੱਲੋਂ ਪਰਿਵਾਰ ਦੇ ਇਸ ਕਾਰਜ਼ ਪ੍ਰਤੀ ਧੰਨਵਾਦ ਪ੍ਰਗਟਾਉਂਦਿਆ ਕਿਹਾ ਕਿ, ਅੱਜ ਭਾਈਚਾਰੇ ’ਚ ਜਿੱਥੇ ਖੁਸ਼ੀ ਦੀ ਲਹਿਰ ਹੈ, ਉੱਥੇ ਇਹ ਕਾਰਜ ਪੰਜਾਬੀਆਂ ਵਿਚ ਆਪਸੀ ਭਾਈਚਾਰਕ ਸਾਂਝ ਦੀ ਵਿਲੱਖਣ ਮਿਸਾਲ ਹੈ।