ਤਿੰਨ ਦਿਨਾਂ 'ਚ ਦੁਕਾਨਦਾਰਾਂ ਨੂੰ ਸੜਕਾਂ 'ਤੇ ਕੀਤੇ ਨਾਜਾਇਜ਼ ਕਬਜ਼ੇ ਛੱਡਣ ਦੀ ਚਿਤਾਵਨੀ - ਐੱਸ.ਡੀ.ਐੱਮ.

ਗੁਰੂਹਰਸਹਾਏ (ਫਿਰੋਜ਼ਪੁਰ), 12 ਮਾਰਚ (ਕਪਿਲ ਕੰਧਾਰੀ, ਹਰਚਰਨ ਸਿੰਘ ਸੰਧੂ)-ਫਿਰੋਜ਼ਪੁਰ-ਫਾਜ਼ਿਲਕਾ ਜੀ.ਟੀ. ਰੋਡ ਉਤੇ ਵੱਧ ਰਹੇ ਸੜਕੀ ਹਾਦਸਿਆਂ ਨੂੰ ਵੇਖਦਿਆਂ ਪਿੰਡਾਂ ਅੰਦਰ ਸੜਕ ਦੀ ਜਗ੍ਹਾ ਉਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਲੈ ਕੇ ਪ੍ਰਸ਼ਾਸਨ ਸਖਤ ਹੋ ਗਿਆ ਹੈ। ਉਧਰ ਗੁਰੂਹਰਸਹਾਏ ਦੇ ਐੱਸ.ਡੀ.ਐੱਮ. ਮੈਡਮ ਦਿਵਿਆ ਪੀ. ਤੇ ਉਪ ਕਪਤਾਨ ਪੁਲਿਸ ਸਤਨਾਮ ਸਿੰਘ ਵਲੋਂ ਗੋਲੂ ਕਾ ਮੋੜ, ਪਿੰਡੀ ਵਿਖੇ ਅੱਡਿਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਵਲੋਂ ਦੁਕਾਨਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੜਕੀ ਹਾਦਸੇ ਲਗਾਤਾਰ ਵੱਧ ਰਹੇ ਹਨ ਤੇ ਨਾਜਾਇਜ਼ ਕਬਜ਼ੇ ਸੜਕੀ ਹਾਦਸਿਆਂ ਦਾ ਕਾਰਨ ਬਣ ਰਹੇ ਹਨ ਤੇ ਇਸ ਨਾਲ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਉਨ੍ਹਾਂ ਦੁਕਾਨਦਾਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਤਿੰਨ ਦਿਨਾਂ ਦੇ ਅੰਦਰ-ਅੰਦਰ ਸੜਕ ਦੀ ਜਗ੍ਹਾ ਉਤੇ ਕੀਤੇ ਨਾਜਾਇਜ਼ ਕਬਜ਼ੇ ਛੱਡ ਦਿੱਤੇ ਜਾਣ ਨਹੀਂ ਤਾਂ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਡੀ.ਐੱਸ.ਪੀ. ਸਤਨਾਮ ਸਿੰਘ ਨੇ ਕਿਹਾ ਕਿ ਰੋਜ਼ ਸੜਕੀ ਹਾਦਸੇ ਵਾਪਰ ਰਹੇ ਹਨ ਤੇ ਲੋਕਾਂ ਵਲੋਂ ਨਾਜਾਇਜ਼ ਕਬਜ਼ਿਆਂ ਰਾਹੀਂ ਦੁਕਾਨਾਂ ਦੇ ਅੱਗੇ ਦੁਕਾਨਾਂ ਪਾ ਰੱਖੀਆਂ ਹਨ। ਉਨ੍ਹਾਂ ਕਿਹਾ ਕਿ ਤਿੰਨ ਦਿਨਾਂ ਦਾ ਸਮਾਂ ਇਨ੍ਹਾਂ ਨੂੰ ਦਿੱਤਾ ਗਿਆ ਹੈ। ਜੇਕਰ ਕਬਜ਼ੇ ਨਹੀਂ ਛੱਡਣਗੇ ਤਾਂ ਪੀਲੇ ਪੰਜੇ ਨਾਲ ਕਬਜ਼ੇ ਛੁਡਾਏ ਜਾਣਗੇ। ਇਸ ਮੌਕੇ ਸੁਪਰਡੈਂਟ ਕੇਵਲ ਕ੍ਰਿਸ਼ਨ, ਵਿਸ਼ਾਲ ਮਹਿਤਾ, ਕਾਨੂੰਗੋ ਮੈਡਮ ਸੁਨੰਦਾ, ਪਟਵਾਰੀ ਜਸਪ੍ਰੀਤ ਸਿੰਘ ਸਮੇਤ ਆਦਿ ਪ੍ਰਸ਼ਾਸਨ ਦੇ ਅਧਿਕਾਰੀ ਹਾਜ਼ਰ ਸਨ।