ਭਾਰਤ ਤੇ ਮਾਰੀਸ਼ਸ ਵਿਚਾਲੇ ਹੋਏ 8 ਸਮਝੌਤੇ

ਪੋਰਟ ਲੁਈਸ, 12 ਮਾਰਚ- ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਾਰੀਸ਼ਸ ਦੌਰੇ ਦਾ ਦੂਜਾ ਦਿਨ ਹੈ। ਉਨ੍ਹਾਂ ਨੇ ਅੱਜ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ। ਦੋਵਾਂ ਦੇਸ਼ਾਂ ਵਿਚਕਾਰ 8 ਸਮਝੌਤੇ ਕੀਤੇ ਗਏ ਹਨ। ਇਸ ਤੋਂ ਬਾਅਦ ਦੋਵਾਂ ਆਗੂਆਂ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ। ਸੰਬੋਧਨ ਵਿਚ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨਚੰਦਰ ਰਾਮਗੁਲਮ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਡੀ ਆਜ਼ਾਦੀ ਦੀ 57ਵੀਂ ਵਰ੍ਹੇਗੰਢ ਦੇ ਰਾਸ਼ਟਰੀ ਦਿਵਸ ਸਮਾਰੋਹ ਵਿਚ ਆਪਣੀ ਮੌਜੂਦਗੀ ਨਾਲ ਸਾਨੂੰ ਸਨਮਾਨਿਤ ਕੀਤਾ ਹੈ। ਉਨ੍ਹਾਂ ਦੀ ਮੌਜੂਦਗੀ ਦੋਵਾਂ ਦੇਸ਼ਾਂ ਦੇ ਚੰਗੇ ਸੰਬੰਧਾਂ ਦਾ ਸਬੂਤ ਹੈ। ਜਦੋਂ ਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ 1.4 ਅਰਬ ਭਾਰਤੀਆਂ ਵਲੋਂ, ਮੈਂ ਮਾਰੀਸ਼ਸ ਦੇ ਲੋਕਾਂ ਨੂੰ ਉਨ੍ਹਾਂ ਦੇ ਰਾਸ਼ਟਰੀ ਦਿਵਸ ’ਤੇ ਵਧਾਈ ਦਿੰਦਾ ਹਾਂ। ਇਹ ਮੇਰਾ ਸੁਭਾਗ ਹੈ ਕਿ ਮੈਨੂੰ ਇਕ ਵਾਰ ਫਿਰ ਮਾਰੀਸ਼ਸ ਦੇ ਰਾਸ਼ਟਰੀ ਦਿਵਸ ’ਤੇ ਇੱਥੇ ਆਉਣ ਦਾ ਮੌਕਾ ਮਿਲਿਆ। ਭਾਰਤ ਅਤੇ ਮਾਰੀਸ਼ਸ ਨਾ ਸਿਰਫ਼ ਹਿੰਦ ਮਹਾਸਾਗਰ ਨਾਲ ਜੁੜੇ ਹੋਏ ਹਨ, ਸਗੋਂ ਸਾਂਝੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨਾਲ ਵੀ ਜੁੜੇ ਹੋਏ ਹਨ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਮੋਦੀ ਨੇ ਮਾਰੀਸ਼ਸ ਦੇ ਸਾਬਕਾ ਪ੍ਰਧਾਨ ਮੰਤਰੀ ਪ੍ਰਵਿੰਦ ਕੁਮਾਰ ਜਗਨਨਾਥ ਅਤੇ ਵਿਰੋਧੀ ਧਿਰ ਦੇ ਨੇਤਾ ਜਾਰਜ ਪੀਅਰੇ ਨਾਲ ਮੁਲਾਕਾਤ ਕੀਤੀ।