JALANDHAR WEATHER

ਨਿਊਜ਼ੀਲੈਂਡ ਦੇ ਸਿੱਖਾਂ ਨੇ ਐਸ.ਜੀ.ਪੀ.ਸੀ. ਵਲੋਂ ਜਥੇਦਾਰਾਂ ਸੰਬੰਧੀ ਲਏ ਫੈਸਲੇ ਦੀ ਕੀਤੀ ਘੋਰ ਨਿੰਦਾ

ਆਕਲੈਂਡ, 12 ਮਾਰਚ (ਹਰਮਨਪ੍ਰੀਤ ਸਿੰਘ ਗੋਲੀਆ)- ਨਿਊਜ਼ੀਲੈਂਡ ਦੇ ਗੁਰੂ ਘਰਾਂ ਦੀ ਸਾਂਝੀ ਸੰਸਥਾ ਨਿਊਜ਼ੀਲੈਂਡ ਸੈਂਟਰਲ ਸਿੱਖ ਐਸੋਸੀਏਸ਼ਨ ਨੇ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵਲੋਂ ਬੀਤੇ ਇਕ ਮਹੀਨੇ ਵਿਚ ਤਿੰਨ ਤਖ਼ਤ ਦੇ ਜਥੇਦਾਰਾਂ ਨੂੰ ਜਿਸ ਤਰ੍ਹਾਂ ਲਾਂਭੇ ਕੀਤਾ ਗਿਆ, ਉਸ ਦੀ ਨਿੰਦਾ ਕੀਤੀ ਹੈ। ਸੰਸਥਾ ਨੇ ਐਸ. ਜੀ. ਪੀ. ਸੀ. ਦੀ ਅੰਤਰਿਮ ਕਮੇਟੀ ਅਤੇ ਅਕਾਲੀ ਦਲ ਦੇ ਕੁਝ ਲੀਡਰਾਂ ਵਲੋਂ ਕੀਤੀਆਂ ਜਾ ਰਹੀਆਂ ਆਪ ਹੁਦਰੀਆਂ ਲਈ ਸਖ਼ਤ ਨਿੰਦਾ ਕਰਦੇ ਹੋਏ ਇਸ ਨੂੰ ਸਿੱਖ ਮਰਿਆਦਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਬਿਆਨ ਵਿਚ ਕਿਹਾ ਗਿਆ ਹੈ ਕਿ ਜਿਹੜੀਆਂ ਸੰਸਥਾਵਾਂ ਜਾਂ ਜਥੇਬੰਦੀਆਂ ਨੇ ਤਖਤਾਂ ਸਾਹਮਣੇ ਝੁੱਕਣਾ ਸੀ, ਉਹ ਹੀ ਉਸਨੂੰ ਚੈਲੇਂਜ ਕਰ ਰਹੀਆਂ ਹਨ। ਜਥੇਦਾਰ ਸਾਹਿਬ ਨੂੰ ਥਾਪਣ ਵਾਲੇ 11 ਜਣੇ ਜਿਸ ਤਰ੍ਹਾਂ ਦਾ ਵਿਵਹਾਰ ਕਰ ਰਹੇ ਹਨ, ਉਹ ਸਰਾਸਰ ਸਿੱਖੀ ਤੋਂ ਮੁਨੱਕਰ ਹੈ। ਕਿਉਂਕਿ ਸ਼ਹਾਦਤਾਂ ਦੇ ਕੇ ਬਣੀਆਂ ਇਹ ਸਿੱਖ ਸੰਸਥਾਵਾਂ ਦੇ ਆਗੂ ਗਿਆਨ ਵਿਹੂਣੇ ਅਤੇ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਣ ਦੀ ਬਜਾਏ ਲਿਫ਼ਾਫ਼ੇ ਵਿਚ ਆਏ ਹੁਕਮ ਨੂੰ ਪੜ੍ਹ ਕੇ ਸੁਣਾ ਰਹੇ ਹਨ। ਜਿਸ ਤਰ੍ਹਾਂ ਹਾਸੋਹੀਣੇ ਇਲਜ਼ਾਮ ਲਾ ਕੇ ਜਥੇਦਾਰਾਂ ਦੀ ਤੌਹੀਨ ਕੀਤੀ ਗਈ ਹੈ, ਇਸ ਸਭ ਨੇ ਨਿਊਜ਼ੀਲੈਂਡ ਦੇ ਸਿੱਖਾਂ ਦੇ ਹਿਰਦੇ ਦੁੱਖੀ ਹੋਏ ਹਨ ਅਤੇ ਸਾਫ਼ ਕੀਤਾ ਗਿਆ ਹੈ ਕਿ ਅੰਤਰਿਮ ਕਮੇਟੀ ਨੇ ਜੋ ਫੈਸਲਾ ਲਿਆ ਹੈ, ਉਹ ਸਰਾਸਰ ਗਲਤ ਹੈ। ਇਸੇ ਤਰਾਂ ਸਿੱਖ ਕਾਉਂਸਲ ਆਫ ਨਿਊਜ਼ੀਲੈਂਡ ਵਲੋਂ ਵੀ ਵਿਸ਼ੇਸ ਹੰਗਾਮੀ ਮੀਟਿੰਗ ਕਰ ਕੇ ਜਥੇਦਾਰ ਸਾਹਿਬਾਨ ਨੂੰ ਹਟਾਉਣ ਦੀ ਨਿਖੇਧੀ ਕੀਤੀ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ