JALANDHAR WEATHER
ਜ਼ਿਲ੍ਹੇ ’ਚ ਰਜਿਸਟਰੀਆਂ ਕਰਨ ਲਈ ਡੀ.ਸੀ. ਨੇ 2 ਕਾਨੂੰਗੋ ਤੇ 2 ਸੀਨੀਅਰ ਸਹਾਇਕ ਨੂੰ ਅਧਿਕਾਰ ਦਿੱਤੇ

ਕਪੂਰਥਲਾ, 4 ਮਾਰਚ (ਅਮਰਜੀਤ ਕੋਮਲ)- ਤਹਿਸੀਲਦਾਰਾਂ ਵਲੋਂ ਕੀਤੀ ਗਈ ਹੜ੍ਹਤਾਲ ਕਾਰਨ ਆਮ ਲੋਕਾਂ ਨੂੰ ਰਜਿਸਟਰੀਆਂ ਅਤੇ ਮਾਲ ਵਿਭਾਗ ਨਾਲ ਸੰਬੰਧਿਤ ਹੋਰ ਕੰਮਕਾਰ ਕਰਵਾਉਣ ਲਈ ਆ ਰਹੀਆਂ ਮੁਸ਼ਕਿਲਾਂ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਡਿਪਟੀ ਕਮਿਸ਼ਨਰ ਕਪੂਰਥਲਾ ਅਮਿਤ ਕੁਮਾਰ ਪੰਚਾਲ ਨੇ ਜ਼ਿਲ੍ਹੇ ਵਿਚ ਬੰਦ ਪਿਆ ਰਜਿਸਟਰੀਆਂ ਦਾ ਕੰਮ ਸ਼ੁਰੂ ਕਰਨ ਲਈ 2 ਕਾਨੂੰਗੋ ਤੇ 2 ਸੀਨੀਅਰ ਸਹਾਇਕ ਨੂੰ ਅਗਲੇ ਹੁਕਮਾਂ ਤੱਕ ਅਧਿਕਾਰ ਦਿੱਤੇ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਸ਼ਰਨ ਸਿੰਘ ਐਨ.ਐਸ.ਕੇ. ਸਦਰ ਕਾਨੂੰਗੋ ਦਫ਼ਤਰ ਕਪੂਰਥਲਾ, ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਕਪੂਰਥਲਾ ਤੇ ਜੁਆਇੰਟ ਰਜਿਸਟਰਾਰ ਕਪੂਰਥਲਾ, ਸਰਬਜੀਤ ਸਿੰਘ ਸੀਨੀਅਰ ਸਹਾਇਕ ਦਫ਼ਤਰ ਉਪ ਮੰਡਲ ਮੈਜਿਸਟਰੇਟ ਫਗਵਾੜਾ ਨੂੰ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਫਗਵਾੜਾ, ਗੁਰਵਿੰਦਰ ਸਿੰਘ ਸੀਨੀਅਰ ਸਹਾਇਕ ਦਫ਼ਤਰ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਨੂੰ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਸੁਲਤਾਨਪੁਰ ਲੋਧੀ ਤੇ ਜੁਆਇੰਟ ਸਬ ਰਜਿਸਟਰਾਰ ਤਲਵੰਡੀ ਚੌਧਰੀਆਂ, ਬਿਕਰਮ ਕਾਨੂੰਗੋ ਤਹਿਸੀਲ ਭੁਲੱਥ ਨੂੰ ਸਬ ਰਜਿਸਟਰਾਰ ਤੇ ਜੁਆਇੰਟ ਸਬ ਰਜਿਸਟਰਾਰ ਭੁਲੱਥ ਅਤੇ ਜੁਆਇੰਟ ਸਬ ਰਜਿਸਟਰਾਰ ਢਿਲਵਾਂ ਵਿਚ ਰਜਿਸਟਰੀਆਂ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਅਮਿਤ ਕੁਮਾਰ ਪੰਚਾਲ ਨੇ ਸੰਬੰਧਿਤ ਸਬ ਡਵੀਜ਼ਨ ਦੇ ਐਸ.ਡੀ.ਐਮ. ਨੂੰ ਹਦਾਇਤ ਕੀਤੀ ਕਿ ਉਹ ਰਜਿਸਟਰੀਆਂ ਦੇ ਕੰਮ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਲਈ ਤਹਿਸੀਲਾਂ ਦਾ ਦੌਰਾ ਕਰਨ ਤੇ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਲਈ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਕੋਈ ਇੰਤਜ਼ਾਰ ਨਾ ਕਰਨ ਤੇ ਆਮ ਵਾਂਗ ਅਪਾਇਟਮੈਂਟ ਲੈ ਕੇ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ। ਉਨ੍ਹਾਂ ਕਿਹਾ ਕਿ ਇਹ ਹੁਕਮ ਤੁਰੰਤ ਲਾਗੂ ਹੋਣਗੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ