![](/cmsimages/20250211/4776988__psd new raamanb water-recovered-recovered.jpg)
ਅੰਮ੍ਰਿਤਸਰ, 11 ਫਰਵਰੀ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪੰਜਾਬ ਤੋਂ ਬਾਹਰਲੇ ਸੂਬਿਆਂ ਵਿਚ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਰਾਮ ਸਿੰਘ ਰਾਠੌਰ ਨੂੰ ਸਿੱਖ ਮਿਸ਼ਨ ਕਰਨਾਟਕਾ, ਗੋਆ ਅਤੇ ਗੁਜਰਾਤ ਵਿਖੇ ਆਨਰੇਰੀ ਤੌਰ ’ਤੇ ਇੰਚਾਰਜ ਵਜੋਂ ਸੇਵਾਵਾਂ ਸੌਂਪੀਆਂ ਹਨ। ਇਸ ਸਬੰਧ ਵਿਚ ਬੀਤੇ ਕੱਲ੍ਹ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਨੇ ਉਨ੍ਹਾਂ ਨੂੰ ਅਧਿਕਾਰਤ ਪੱਤਰ ਸੌਂਪ ਕੇ ਕਾਰਜਸ਼ੀਲ ਕੀਤਾ। ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠ ਧਰਮ ਪ੍ਰਚਾਰ ਕਮੇਟੀ ਵਲੋਂ ਸੰਗਤ ਨੂੰ ਗੁਰਮਤਿ ਨਾਲ ਜੋੜਨ ਅਤੇ ਸਿੱਖ ਰਹਿਣੀ ਵਿਚ ਪ੍ਰਪੱਕ ਰਹਿਣ ਲਈ ਪ੍ਰੇਰਣਾ ਵਾਸਤੇ ਜਿਥੇ ਪੰਜਾਬ ਅੰਦਰ ਵੱਡੀ ਗਿਣਤੀ ਵਿਚ ਪ੍ਰਚਾਰਕ, ਕਵੀਸ਼ਰ ਤੇ ਢਾਡੀ ਜਥੇ ਸੇਵਾ ਨਿਭਾਅ ਰਹੇ ਹਨ, ਉਥੇ ਹੀ ਵੱਖ-ਵੱਖ ਸੂਬਿਆਂ ਵਿਚ ਸਥਾਪਤ ਕੀਤੇ ਸਿੱਖ ਮਿਸ਼ਨ ਵੀ ਜ਼ਿੰਮੇਵਾਰੀ ਨਿਭਾਅ ਰਹੇ ਹਨ। ਉਨ੍ਹਾਂ ਕਿਹਾ ਕਿ ਸਿੱਖ ਪ੍ਰਚਾਰ ਦੀ ਇਸੇ ਹੀ ਭਾਵਨਾ ਅਨੁਸਾਰ ਐਡਵੋਕੇਟ ਧਾਮੀ ਵਲੋਂ ਸ. ਰਾਮ ਸਿੰਘ ਰਾਠੌਰ ਨੂੰ ਸਿੱਖ ਮਿਸ਼ਨ ਕਰਨਾਟਕਾ, ਗੋਆ ਅਤੇ ਗੁਜਰਾਤ ਵਿਖੇ ਆਨਰੇਰੀ ਇੰਚਾਰਜ ਲਗਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਰਾਮ ਸਿੰਘ ਨੂੰ ਇਨ੍ਹਾਂ ਸੂਬਿਆਂ ਵਿਚ ਸਿੱਖ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦੇ ਨਾਲ-ਨਾਲ ਉਥੇ ਵੱਸਦੇ ਸਿੱਖ ਪਰਿਵਾਰਾਂ ਦੇ ਵੇਰਵੇ ਇਕੱਤਰ ਕਰਕੇ ਦਫ਼ਤਰ ਧਰਮ ਪ੍ਰਚਾਰ ਕਮੇਟੀ ਵਿਖੇ ਭੇਜਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸ. ਕਾਹਲਵਾਂ ਨੇ ਕਿਹਾ ਕਿ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਸ. ਰਾਠੌਰ ਦੇ ਨਾਲ ਹੋਰ ਪ੍ਰਚਾਰਕਾਂ ਦੀ ਵੀ ਤਾਇਨਾਤੀ ਕੀਤੀ ਜਾਵੇਗੀ।