JALANDHAR WEATHER

11-02-2025

 ਸੜਕੀ ਹਾਦਸਿਆਂ ਤੋਂ ਬਚੋ

ਹੁਣ ਉੱਤਰੀ ਭਾਰਤ ਸਮੇਤ ਪੰਜਾਬ ਵਿਚ ਸਰਦੀ ਦਾ ਮੌਸਮ ਸ਼ੁਰੂ ਹੋਣ ਨਾਲ ਧੁੰਦ ਅਤੇ ਕੋਰੇ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਅਸੀਂ ਆਮ ਤੌਰ 'ਤੇ ਆਪਣੇ ਰੋਜ਼ ਦੇ ਕੰਮਾਂ ਲਈ ਸੜਕੀ ਸਾਧਨਾਂ ਦੀ ਵਰਤੋਂ ਕਰਦੇ ਹਾਂ। ਸੰਘਣੀ ਧੁੰਦ ਪੈਣ ਕਾਰਨ ਸੜਕਾਂ 'ਤੇ ਅੱਗੇ-ਪਿੱਛੇ ਕਝ ਵੀ ਦਿਖਾਈ ਨਹੀਂ ਦਿੰਦਾ ਹੈ। ਇਸੇ ਕਰਕੇ ਹੀ ਪਿਛਲੇ ਸਾਲਾਂ ਵਿਚ ਕਈ ਭਿਆਨਕ ਸੜਕੀ ਹਾਦਸੇ ਵਾਪਰ ਜਾਂਦੇ ਹਨ। ਸਾਨੂੰ ਗੱਡੀ ਨੂੰ ਚਲਾਉਂਦੇ ਸਮੇਂ ਕਾਹਲੀ ਨਹੀਂ ਕਰਨੀ ਚਾਹੀਦੀ ਸਾਡੀ ਕਾਹਲੀ ਅਤੇ ਡਰਾਈਵਰ ਦੀ ਲਾਪ੍ਰਵਾਹੀ ਦੁਖਦਾਈ ਘਟਨਾ ਨੂੰ ਅੰਜ਼ਾਮ ਦੇ ਜਾਂਦੀ ਹੈ। ਧੁੰਦ ਦੇ ਦਿਨਾਂ ਦੌਰਾਨ ਆਪਣੀ ਗੱਡੀ ਦੀ ਰਫ਼ਤਾਰ ਨੂੰ ਹੌਲੀ ਰੱਖੋ ਦੂਸਰੀਆਂ ਗੱਡੀਆਂ ਹੋ ਸਕੇ ਤਾਂ ਓਵਰਟੇਕ ਨਾ ਕਰੋ। ਹੈੱਡ ਲਾਈਟ ਨੂੰ ਲੋਅ ਬੀਮ 'ਤੇ ਰੱਖਣਾ ਚਾਹੀਦਾ ਤਾਂ ਜੋ ਦੂਸਰੀ ਤਰਫ਼ੋਂ ਤੋਂ ਆ ਰਹੀ ਗੱਡੀ ਆਸਾਨੀ ਨਾਲ ਦਿਸ ਸਕੇ ਅਤੇ ਉਸ ਦੀ ਸਥਿਤੀ ਬਾਰੇ ਵੀ ਪਤਾ ਲੱਗ ਸਕੇ। ਸਾਨੂੰ ਸੜਕ 'ਤੇ ਬਣੀ ਸਫੈਦ ਪੱਟੀ ਦੇ ਨਾਲ ਹੀ ਵਾਹਨ ਨੂੰ ਚਲਾਉਣਾ ਚਾਹੀਦਾ ਹੈ ਅਤੇ ਦੂਸਰੀ ਗੱਡੀ ਦੇ ਵਿਚਕਾਰ ਫਾਸਲਾ ਬਣਾ ਕੇ ਚੱਲਣਾ ਚਾਹੀਦਾ ਹੈ ਤਾਂ ਜੋ ਅਚਾਨਕ ਬਰੇਕ ਲਗਾਉਣ 'ਤੇ ਜਗ੍ਹਾ ਮਿਲ ਜਾਵੇ। ਨਹਿਰਾਂ, ਸੇਮ ਨਾਲੇ ਤੇ ਛੱਪੜਾਂ ਆਦਿ ਕੋਲ ਦੀ ਲੰਘਦੇ ਸਮੇਂ ਵਾਹਨ ਦੀ ਰਫਤਾਰ ਘੱਟ ਰੱਖੋ।
ਧੁੰਦ ਵਿਚ ਆਪਣੇ ਵਾਹਨ ਦੇ ਚਾਰੋਂ ਇੰਡੀਕੇਟਰ ਇਕੱਠੇ ਜਗਾ ਕੇ ਰੱਖੋ ਰਿਫਲੈਕਟਰ ਤੇ ਰੇਡੀਅਮ ਟੇਪ ਗੱਡੀ ਦੇ ਅੱਗੇ-ਪਿੱਛੇ ਜ਼ਰੂਰ ਲਗਾਓ। ਗੱਡੀ ਨੂੰ ਹਮੇਸ਼ਾ ਆਪਣੀ ਲਾਈਨ ਵਿਚ ਹੀ ਚਲਾਓ ਅਤੇ ਜੇਕਰ ਗੱਡੀ ਨੂੰ ਸੜਕ 'ਤੇ ਰੋਕਣਾ ਹੋਵੇ ਤਾਂ ਉਸ ਨੂੰ ਸੜਕ ਤੋਂ ਥੱਲੇ ਉਤਾਰ ਕੇ ਰੋਕਣਾ ਚਾਹੀਦਾ ਹੈ ਅਤੇ ਗੱਡੀ ਦੇ ਡਿੱਪਰ ਲਾਈਟਾਂ ਨੂੰ ਚਲਦੀਆਂ ਰੱਖੋ।
ਤੁਹਾਡੇ ਦੁਆਰਾ ਵਰਤੀਆਂ ਗਈਆਂ ਸਾਵਧਾਨੀਆਂ ਤੁਹਾਨੂੰ ਹੀ ਨਹੀਂ ਸਗੋਂ ਦੂਸਰਿਆਂ ਨੂੰ ਵੀ ਦੁਰਘਟਨਾ ਤੋਂ ਬਚਾ ਸਕਦੀਆਂ ਹਨ।

-ਗੁਰਪ੍ਰੀਤ ਸਿੰਘ ਗਿੱਲ

ਪਗੜੀ ਸੰਭਾਲ ਜੱਟਾ

ਪਿਛਲੇ ਸਮੇਂ ਤੋਂ ਕਿਸਾਨਾਂ ਅਤੇ ਸਰਕਾਰ ਵਿਚਕਾਰ ਕਸ਼ਮਕਸ਼ ਚੱਲ ਰਹੀ ਹੈ। ਹੁਣ ਉਹ ਸ਼ੰਭੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਅਤੇ ਦਿੱਲੀ ਕੂਚ ਕਰਨਾ ਚਾਹੁੰਦੇ ਹਨ। ਕਿਸਾਨ ਦੂਸ਼ਣਬਾਜ਼ੀ ਅਤੇ ਮੁਕਾਬਲੇਬਾਜ਼ੀ ਕਰਦੇ ਲੱਗਦੇ ਹਨ। ਵੱਖੋ-ਵੱਖ ਰਸਤੇ ਅਪਣਾ ਕੇ ਕੁਝ ਵੀ ਪੱਲੇ ਨਹੀਂ ਪੈਣਾ। ਬੀਤੇ ਤੋਂ ਸਬਕ ਲੈਣਾ ਚਾਹੀਦਾ ਹੈ। ਹੁਣ ਡੱਲੇਵਾਲ ਮਰਨ ਵਰਤ ਲਈ ਬਜਿੱਦ ਹੋ ਕੇ ਬੈਠ ਗਏ ਹਨ। ਚੰਗੀ ਗੱਲ ਹੈ ਕਿ ਕਿਸਾਨਾਂ ਦੇ ਹਿਤਾਂ ਦੀ ਰਾਖੀ ਹੋਵੇ। ਸਰਬ ਪ੍ਰਵਾਣਿਤ ਰਣਨੀਤੀ ਬਣਾ ਕੇ ਕਿਸਾਨੀ ਦਾ ਨਕਸ਼ਾ ਨਜ਼ਰੀਆ ਚਿਤਰਨ ਅਤੇ ਸੰਘਰਸ਼ ਦੀ ਰੂਪ-ਰੇਖਾ ਲਈ ਕਿਸਾਨ ਆਗੂਆਂ ਨੂੰ ਇਕਜੁੱਟ ਹੋ ਕੇ ਸੰਵਾਦ ਨਾਲ ਕਿਸਾਨਾਂ ਦੇ ਮਸਲੇ ਹੱਲ ਕਰਵਾਉਣ ਲਈ ਸਰਕਾਰ 'ਤੇ ਦਬਾਅ ਬਣਾਉਣਾ ਚਾਹੀਦਾ ਹੈ। ਅੰਨਦਾਤੇ ਕਿਸਾਨਾਂ ਨਾਲ ਹੀ ਜੀਵਨ ਹੈ। ਅੰਨ ਨਾਲ ਹੀ ਪੇਟ ਭਰਦਾ ਹੈ। ਕਿਸਾਨੀ ਦੇ ਪਵਿੱਤਰ ਕਿੱਤੇ ਵਿਚ ਹੇਰਾਫੇਰੀ ਨਹੀਂ ਹੁੰਦੀ। ਆਜ਼ਾਦੀ ਤੋਂ ਬਾਅਦ ਸੱਠਵਿਆਂ ਦੇ ਨੇੜੇ ਭਾਰਤ ਨੂੰ ਭੁੱਖਮਰੀ ਤੋਂ ਬਚਾਉਣ ਲਈ ਸਵਾਮੀਨਾਥਨ ਦਾ ਵੱਡਾ ਯੋਗਦਾਨ ਹੈ।
ਕਿਸਾਨਾਂ ਦੀ ਮੰਗ 'ਤੇ ਤ੍ਰਾਸਦੀ ਤੇ ਸਰਕਾਰ ਨੇ ਕਿਸਾਨਾਂ ਦੀ ਦਸ਼ਾ ਸੁਧਾਰਨ ਲਈ ਸਵਾਮੀਨਾਥਨ ਰਿਪੋਰਟ ਤਿਆਰ ਕਰਵਾਈ।
ਸਰਕਾਰ ਨੇ ਸਮਾਂ ਪੈਸਾ ਬਰਬਾਦ ਕਰਨ ਦੇ ਬਾਵਜੂਦ ਵੀ ਇਹੀ ਰਿਪੋਰਟ ਲਾਗੂ ਨਹੀਂ ਕੀਤੀ। ਹੁਣ ਇਹ ਰਿਪੋਰਟ ਲਾਗੂ ਕਰਵਾਉਣ ਲਈ ਸਭ ਨੂੰ ਅੱਗੇ ਆਉਣਾ ਪਵੇਗਾ। ਸਵਾਮੀਨਾਥਨ ਦੀ ਰਿਪੋਰਟ ਵਿਚ ਫਸਲ ਉਤਪਾਦਨ ਮੁੱਲ ਤੋਂ 50 ਫ਼ੀਸਦੀ ਤੋਂ ਵੱਧ ਮੁੱਲ ਕਿਸਾਨਾਂ ਨੂੰ ਮਿਲੇ, ਚੰਗਾ ਬੀਜ, ਚੰਗੀ ਸਲਾਹ, ਮਹਿਲਾ ਕਿਸਾਨਾਂ ਨੂੰ ਕ੍ਰੈਡਿਟ ਕਾਰਡ, ਫਸਲ ਬੀਮਾ ਕਰਜ਼ ਯੋਜਨਾ, ਫ਼ਸਲ ਦਾ ਸਹੀ ਅਤੇ ਸਮੇਂ 'ਤੇ ਮੁੱਲ ਮਿਲਣਾ ਵਗੈਰਾ-ਵਗੈਰਾ ਸਨ। ਕਿਸਾਨ ਅੰਦੋਲਨ ਨੇ ਲੋਕਤੰਤਰੀ ਢੰਗ ਨਾਲ ਸੰਵਾਦ ਰਾਹੀਂ ਜਿੱਤ ਪ੍ਰਾਪਤ ਕੀਤੀ ਸੀ। ਕੁਝ ਇਸ ਨੂੰ ਚਿੰਗਾਰੀ ਦੀ ਕੋਸ਼ਿਸ਼ ਨਾਲ ਪ੍ਰਧਾਨ ਮੰਤਰੀ 'ਤੇ ਜਿੱਤ ਦੱਸਦੇ ਰਹੇ। ਲੋਕਤੰਤਰ ਵਿਚ ਮਸਲੇ ਸੰਵਾਦ ਨਾਲ ਹੱਲ ਹੁੰਦੇ ਹਨ, ਜਿੱਤ ਹਾਸਲ ਨਹੀਂ ਹੁੰਦੀ।

-ਸੁਖਪਾਲ ਸਿੰਘ ਗਿੱਲ
ਅਬਿਆਣਾ ਕਲਾਂ।

ਚਾਇਨਾ ਡੋਰ ਦੀ ਲੋਕਾਂ 'ਤੇ ਮਾਰ

'ਅਜੀਤ' ਦੇ ਸੰਪਾਦਕੀ ਪੰਨੇ 'ਤੇ ਛਪਿਆ ਲੇਖ 'ਕਿਵੇਂ ਥੰਮ੍ਹ ਸਕਦੈ ਚਾਇਨਾ ਡੋਰ ਦਾ ਖ਼ੂਨੀ ਦੌਰ?' ਪੜ੍ਹਿਆ। ਅੱਜ ਦੇ ਯੁਗ ਵਿਚ ਹਰ ਬੰਦਾ ਆਪਣੇ ਫਾਇਦੇ ਲਈ ਕੁਝ ਵੀ ਕਰ-ਗੁਜ਼ਰਨ ਨੂੰ ਤਿਆਰ ਹੈ।
ਪਹਿਲਾਂ ਪਤੰਗ ਉਡਾਉਣ ਲਈ ਆਮ ਡੋਰਾਂ ਹੁੰਦੀਆਂ ਸੀ, ਪਰ ਅੱਜਕੱਲ੍ਹ ਪਲਾਸਟਿਕ ਦੀਆਂ ਪੱਕੀਆਂ ਡੋਰਾਂ ਬਣਨ ਲੱਗ ਗਈਆਂ ਜੋ ਆਸਾਨੀ ਨਾਲ ਟੁੱਟਦੀਆਂ ਨਹੀਂ। ਇਸ ਚਾਇਨਾ ਡੋਰ ਨਾਲ ਬਹੁਤ ਲੋਕ ਜ਼ਖ਼ਮੀ ਹੁੰਦੇ ਹਨ। ਪੰਛੀ ਵੀ ਇਸ ਚਾਇਨਾ ਡੋਰ ਦੀ ਲਪੇਟ ਵਿਚ ਆ ਕੇ ਮਰ ਰਹੇ ਹਨ।
ਇਸ ਲਈ ਜ਼ਿੰਮੇਵਾਰ ਉਹ ਲੋਕ ਹਨ, ਜਿਨ੍ਹਾਂ ਨੂੰ ਪਤਾ ਹੈ ਕਿ ਇਹ ਡੋਰ ਜਾਨਲੇਵਾ ਹੈ, ਪਰ ਫਿਰ ਵੀ ਇਸ ਦੀ ਵਿਕਰੀ ਹੋ ਰਹੀ ਹੈ ਅਤੇ ਜੋ ਲੋਕ ਚਾਇਨਾ ਡੋਰ ਖਰੀਦ ਰਹੇ ਹਨ, ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਕਿਸੇ ਸਮੇਂ ਉਹ ਆਪ ਵੀ ਇਸ ਚਾਇਨਾ ਡੋਰ ਦਾ ਸ਼ਿਕਾਰ ਹੋ ਸਕਦੇ ਹਨ। ਇਸ ਖ਼ੂਨੀ ਡੋਰ ਤੋਂ ਬਚਣ ਲਈ ਸਾਨੂੰ ਆਪ ਹੀ ਪਹਿਲ ਕਰਨੀ ਪਵੇਗੀ। ਸੋ, ਆਓ ਆਪਾਂ ਇਸ ਚਾਇਨਾ ਡੋਰ ਤੋਂ ਆਪਣੇ ਆਪ ਨੂੰ ਬਚਾਈਏ।

-ਲਵਪ੍ਰੀਤ ਕੌਰ

ਅਵਾਰਾ ਪਸ਼ੂਆਂ ਦੀ ਸਮੱਸਿਆ

ਪੰਜਾਬ ਦੇ ਹਰ ਪਿੰਡ-ਸ਼ਹਿਰ ਵਿਚ ਅਵਾਰਾ ਪਸ਼ੂਆਂ ਦੀ ਸਾਂਭ-ਸੰਭਾਲ ਕਰਨ ਦੀ ਸਮੱਸਿਆ ਗੰਭੀਰ ਬਣਦੀ ਜਾ ਰਹੀ ਹੈ। ਇਨ੍ਹਾਂ ਅਵਾਰਾ-ਪਸ਼ੂਆਂ ਕਾਰਨ ਮਨੁੱਖੀ ਜਾਨਾਂ ਜਾਣ ਦਾ ਖ਼ਤਰਾ ਦਿਨੋ-ਦਿਨ ਵਧ ਰਿਹਾ ਹੈ ਜਿਸ ਕਾਰਨ ਪੂਰੇ ਸਮਾਜ ਵਿਚ ਡਰ ਦੀ ਭਾਵਨਾ ਪੈਦਾ ਹੋ ਗਈ ਹੈ।
ਇਨ੍ਹਾਂ ਅਵਾਰਾ ਢੱਠਿਆਂ, ਕੁੱਤਿਆਂ, ਗਊਆਂ ਦੇ ਪਿੰਡਾਂ ਅਤੇ ਕਸਬਿਆਂ ਦੀਆਂ ਗਲੀਆਂ ਵਿਚ ਹਰਲ-ਹਰਲ ਘੁੰਮਣ ਨਾਲ ਜਿਥੇ ਹਰ ਕੋਈ ਭੈ-ਭੀਤ ਜਿਹਾ ਰਹਿੰਦਾ ਹੈ, ਉਥੇ ਛੋਟੇ ਬੱਚੇ ਤੇ ਬਜ਼ੁਰਗ ਜ਼ਿਆਦਾ ਖ਼ੌਫਜ਼ਦਾ ਹੋ ਰਹੇ ਹਨ। ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਕਰਨਾ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੈ ਕਿਉਂਕਿ ਸਰਕਾਰ ਦੁਆਰਾ ਲੋਕਾਂ ਤੋਂ ਇਸ ਕੰਮ ਲਈ ਗਊ ਸੈੱਸ ਦੇ ਤੌਰ 'ਤੇ ਟੈਕਸ ਇਕੱਠਾ ਕੀਤਾ ਜਾਂਦਾ ਹੈ।
ਸਰਕਾਰ ਨੇ ਨਵੀਂ ਚਾਰ ਪਹੀਆ ਗੱਡੀ 'ਤੇ ਇਕ ਹਜ਼ਾਰ ਰੁਪਏ, ਦੋ ਪਹੀਆ ਵਾਹਨ ਦੇ ਦੋ ਸੌ ਰੁਪਏ, ਸੀਮਿੰਟ ਦੀ ਇਕ ਬੋਰੀ 'ਤੇ ਇਕ ਰੁਪੱਈਆ, ਏ.ਸੀ.ਮੈਰਿਜ ਪੈਲੇਸ ਬੁੱਕ ਕਰਨ 'ਤੇ ਇਕ ਹਜ਼ਾਰ ਰੁਪਏ, ਨਾਨ ਏ.ਸੀ. ਬੁੱਕ ਕਰਨ 'ਤੇ ਪੰਜ ਸੌ ਰੁਪਏ, ਤੇਲ ਦੇ ਟੈਂਕਰ ਦੇ ਇਕ ਰਾਊਂਡ ਤੇ ਸੌ ਰੁਪਏ, ਬਿਜਲੀ ਦੇ ਬਿੱਲ 'ਤੇ ਦੋ ਪੈਸੇ ਪ੍ਰਤੀ ਯੂਨਿਟ ਗਊ ਸੈੱਸ ਲਾ ਕੇ ਲੋਕਾਂ ਤੋਂ ਵਸੂਲ ਕੀਤਾ ਜਾਂਦਾ ਹੈ। ਪਰ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਗਊ ਸ਼ਾਲਾਵਾਂ ਜਾਂ ਕਿਤੇ ਹੋਰ ਰੱਖਣ ਦੀ ਕੋਈ ਵਿਵਸਥਾ ਨਹੀਂ ਕੀਤੀ ਜਾਂਦੀ ਜਦਕਿ ਇਨ੍ਹਾਂ ਪੈਸਿਆਂ ਦਾ ਸਰਕਾਰ ਨੂੰ ਅਵਾਰਾ ਪਸ਼ੂਆਂ ਲਈ ਢੁਕਵੇਂ ਪ੍ਰਬੰਧ ਕਰਕੇ ਲੋਕਾਂ ਦੀ ਸਮੱਸਿਆ ਦਾ ਹੱਲ ਕਰਨਾ ਚਾਹੀਦਾ ਹੈ।

-ਅਸ਼ੀਸ਼ ਸ਼ਰਮਾ
ਜਲੰਧਰ