JALANDHAR WEATHER
ਬੀ.ਡੀ.ਪੀ.ਓ. ਅਟਾਰੀ ਵਲੋਂ ਸਰਪੰਚ ਅਟਾਰੀ ’ਤੇ ਕਰਵਾਇਆ ਭੰਨ-ਤੋੜ ਕਰਨ ਦਾ ਪਰਚਾ ਦਰਜ

ਅਟਾਰੀ, (ਅੰਮ੍ਰਿਤਸਰ), 31 ਜਨਵਰੀ (ਗੁਰਦੀਪ ਸਿੰਘ ਅਟਾਰੀ /ਰਾਜਿੰਦਰ ਸਿੰਘ ਰੂਬੀ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਹਲਕਾ ਅਟਾਰੀ ਦੇ ਬੀ.ਡੀ.ਪੀ.ਓ. ਬਿਕਰਮਜੀਤ ਸਿੰਘ ਅਤੇ ਸੈਕਟਰੀ ਹੀਰਾ ਸਿੰਘ ਵਲੋਂ ਸਰਪੰਚ ਹਰਪ੍ਰੀਤ ਸਿੰਘ ਹੈਪੀ ਅਤੇ ਸਮਾਜ ਸੇਵਕ ਸਰਬਦੀਪ ਸਿੰਘ ਸੰਨੀ ਤੇ ਬਲਾਕ ਅਟਾਰੀ ਵਿਚ ਭੰਨ ਤੋੜ ਕਰਨ ਦਾ ਪਰਚਾ ਦਰਜ ਕਰਵਾ ਦਿੱਤਾ ਗਿਆ ਸੀ। ਪਰਚਾ ਦਰਜ ਕਰਵਾਉਣ ਤੋਂ ਬਾਅਦ ਪਿੰਡ ਵਾਸੀ ਗੁੱਸੇ ਵਿਚ ਸਨ। ਸੀਨੀਅਰ ਕਾਂਗਰਸੀ ਆਗੂ ਅਜੇਪਾਲ ਸਿੰਘ ਰੰਧਾਵਾ, ਕਿਸਾਨ ਆਗੂ ਕਾਬਲ ਸਿੰਘ, ਪ੍ਰਿੰਸੀਪਲ ਹਰਜਿੰਦਰ ਪਾਲ ਸਿੰਘ, ਸਰਪੰਚ ਹਰਪ੍ਰੀਤ ਸਿੰਘ ਅਤੇ ਸਰਬਦੀਪ ਸਿੰਘ ਨੇ ਗੱਲਬਾਤ ਕਰਦੇ ਦੱਸਿਆ ਕਿ ਬਲਾਕ ਅਟਾਰੀ ਅਤੇ ਨਜ਼ਦੀਕ ਸੁਵਿਧਾ ਸੈਂਟਰ ਵਿਚ ਸੀ.ਸੀ.ਟੀ.ਵੀ. ਲੱਗੇ ਹੋਏ ਹਨ। ਉਨ੍ਹਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ। ਬੀ.ਡੀ.ਪੀ.ਓ. ਅਤੇ ਸੈਕਟਰੀ ਨੂੰ ਕਈ ਵਾਰ ਕਿਹਾ ਪਰ ਉਹ ਰਿਕਾਰਡ ਰਜਿਸਟਰ ਨਹੀਂ ਦੇ ਰਹੇ ਸਨ ਅਤੇ ਨਾ ਹੀ ਕਸਬਾ ਅਟਾਰੀ ਵਿਚ ਲੱਗੀਆਂ ਗ੍ਰਾਂਟਾਂ ਦਾ ਹਿਸਾਬ ਦੇ ਰਹੇ ਸਨ, ਜਿਸ ਕਾਰਨ ਬੀ.ਡੀ.ਪੀ.ਓ. ਵਲੋਂ ਗੁੱਸੇ ਵਿਚ ਆ ਕੇ ਉਨ੍ਹਾਂ ਵਿਰੁੱਧ ਬਲਾਕ ਵਿਚ ਭੰਨ ਤੋੜ ਕਰਨ ਦਾ ਪਰਚਾ ਦਰਜ ਰਜਿਸਟਰ ਕਰਵਾ ਦਿੱਤਾ ਗਿਆ। ਗੁੱਸੇ ਵਿਚ ਆਏ ਪਿੰਡ ਵਾਸੀਆਂ ਨੇ ਕੌਮਾਂਤਰੀ ਅਟਾਰੀ ਵਾਹਗਾ ਹਾਈਵੇ ਜਾਮ ਕਰ ਦਿੱਤਾ ਅਤੇ ਉੱਚ ਅਧਿਕਾਰੀਆਂ ਪਾਸੋਂ ਝੂਠੇ ਪਰਚੇ ਨੂੰ ਰੱਦ ਕਰਾਉਣ ਦੀ ਮੰਗ ਕੀਤੀ। ਧਰਨਾਕਾਰੀ ਬੀ.ਡੀ.ਪੀ.ਓ. ਅਤੇ ਸੈਕਟਰੀ ਵਿਰੁੱਧ ਤਿੱਖੀ ਨਾਅਰੇਬਾਜ਼ੀ ਕਰ ਰਹੇ ਸਨ। ਇਸ ਮੌਕੇ ਪੁਲਿਸ ਥਾਣਾ ਘਰਿੰਡਾ ਦੇ ਐਸ.ਐਚ.ਓ. ਅਮਨਦੀਪ ਸਿੰਘ ਅਤੇ ਸਰਹੱਦੀ ਪੁਲਿਸ ਚੌਂਕੀ ਕਾਹਨਗੜ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤਾਂ ਕਿ ਕੋਈ ਅਣ-ਸੁਖਾਵੀਂ ਘਟਨਾ ਨਾ ਵਾਪਰ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ