JALANDHAR WEATHER

ਗੁੜੀਆ ਜਬਰ ਜਨਾਹ, ਕਤਲ ਮਾਮਲਾ: ਹਿਮਾਚਲ ਆਈ.ਜੀ. ਸਮੇਤ 8 ਪੁਲਿਸ ਅਧਿਕਾਰੀਆਂ ਨੂੰ ਸਜ਼ਾ ਅੱਜ

ਚੰਡੀਗੜ੍ਹ, 27 ਜਨਵਰੀ- ਚੰਡੀਗੜ੍ਹ ਦੀ ਸੀ.ਬੀ.ਆਈ. ਅਦਾਲਤ ਹਿਮਾਚਲ ਪ੍ਰਦੇਸ਼ ਦੇ ਬਹੁ-ਚਰਚਿਤ ਗੁੜੀਆ ਜਬਰ ਜਨਾਹ-ਕਤਲ ਮਾਮਲੇ ਦੇ ਦੋਸ਼ੀਆਂ ਨੂੰ ਪੁਲਿਸ ਹਿਰਾਸਤ ਵਿਚ ਮਾਰਨ ਦੇ ਦੋਸ਼ ਵਿਚ 8 ਪੁਲਿਸ ਅਧਿਕਾਰੀਆਂ ਨੂੰ ਸਜ਼ਾ ਸੁਣਾਏਗੀ। 18 ਜਨਵਰੀ ਨੂੰ ਅਦਾਲਤ ਨੇ ਸੂਬੇ ਦੇ ਆਈ.ਜੀ. ਜ਼ਹੂਰ ਐਚ ਜ਼ੈਦੀ ਸਮੇਤ 8 ਅਧਿਕਾਰੀਆਂ ਨੂੰ ਦੋਸ਼ੀ ਠਹਿਰਾਇਆ ਸੀ। ਬਾਕੀ ਅਧਿਕਾਰੀਆਂ ਵਿਚ ਡੀ.ਐਸ.ਪੀ. ਮਨੋਜ ਜੋਸ਼ੀ, ਐਸ.ਆਈ. ਰਾਜਿੰਦਰ ਸਿੰਘ, ਏ.ਐਸ.ਆਈ. ਦੀਪ ਚੰਦ ਸ਼ਰਮਾ, ਆਨਰੇਰੀ ਹੈੱਡ ਕਾਂਸਟੇਬਲ ਮੋਹਨ ਲਾਲ ਅਤੇ ਸੂਰਤ ਸਿੰਘ, ਹੈੱਡ ਕਾਂਸਟੇਬਲ ਰਫੀ ਮੁਹੰਮਦ ਅਤੇ ਕਾਂਸਟੇਬਲ ਰਣਿਤ ਸਤੇਟਾ ਸ਼ਾਮਿਲ ਹਨ। ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਸ਼ਿਮਲਾ ਦੇ ਤਤਕਾਲੀ ਐਸ.ਪੀ. ਡੀ. ਡਬਲਯੂ. ਨੇਗੀ ਨੂੰ ਬਰੀ ਕਰ ਦਿੱਤਾ ਸੀ। ਦੱਸ ਦੇਈਏ ਕਿ ਸਾਲ 2017 ਵਿਚ ਸ਼ਿਮਲਾ ਜ਼ਿਲ੍ਹੇ ਦੇ ਕੋਟਖਾਈ ਵਿਚ 16 ਸਾਲਾ ਲੜਕੀ ਗੁੜੀਆ ਨਾਲ ਜਬਰ ਜਨਾਹ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਦੋਸ਼ੀ ਸੂਰਜ ਨੂੰ ਹਿਰਾਸਤ ਵਿਚ ਲੈ ਲਿਆ। ਉੱਥੇ ਤਸੀਹੇ ਦਿੱਤੇ ਜਾਣ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ ਪਰ ਪੁਲਿਸ ਨੇ ਦੋਸ਼ ਦੂਜੇ ਦੋਸ਼ੀ ਰਾਜੂ ’ਤੇ ਲਗਾਇਆ ਸੀ। ਤਤਕਾਲੀ ਮੁੱਖ ਮੰਤਰੀ ਵੀਰਭੱਦਰ ਸਿੰਘ ਨੇ ਇਹ ਮਾਮਲਾ ਸੀ.ਬੀ.ਆਈ. ਨੂੰ ਸੌਂਪ ਦਿੱਤਾ ਸੀ। ਸੀ.ਬੀ.ਆਈ. ਨੇ ਇਸ ਮਾਮਲੇ ਵਿਚ ਆਈ.ਜੀ. ਅਤੇ ਐਸ.ਪੀ. ਸ਼ਿਮਲਾ ਸਮੇਤ 9 ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ