ਫ਼ਰੀਦਕੋਟ ,27 ਜਨਵਰੀ ( ਜਸਵੰਤ ਸਿੰਘ ਪੁਰਬਾ )-17 ਸਾਲ ਪਹਿਲਾਂ ਇਥੋਂ ਦੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਵਿਚ ਪੀਐਮਈਟੀ ਪੇਪਰ ਲੀਕ ਹੋਣ ਦੇ ਮਾਮਲੇ ਵਿਚ ਅਦਾਲਤ ਨੇ ਅੱਜ 56 ਮੁਲਜਮਾਂ ਨੂੰ ਬਰੀ ਕਰ ਦਿੱਤਾ। ਅਦਾਲਤ ਇਸ ਤੋਂ ਪਹਿਲਾਂ ਇਸ ਕਾਂਡ ਵਿਚ 10 ਹੋਰ ਮੁਲਜ਼ਮਾਂ ਨੂੰ ਬਰੀ ਕਰ ਚੁੱਕੀ ਹੈ । ਦੱਸਣ ਯੋਗ ਹੈ ਕਿ ਸਾਲ 2008 ਵਿਚ ਬਾਬਾ ਫਰੀਦ ਯੂਨੀਵਰਸਿਟੀ ਵਿਚੋਂ ਪੀਐਮਈਟੀ ਦਾ ਪ੍ਰਸ਼ਨ ਪੱਤਰ ਲੀਕ ਹੋ ਗਿਆ ਸੀ ਇਸ ਮਾਮਲੇ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਸੀ ਅਤੇ ਪੜਤਾਲ ਦੌਰਾਨ ਸਾਹਮਣੇ ਆਇਆ ਸੀ ਕਿ ਬਾਬਾ ਫਰੀਦ ਯੂਨੀਵਰਸਿਟੀ ਦੇ ਦਰਜਾ ਚਾਰ ਕਰਮਚਾਰੀ ਸੁਪਰਡੈਂਟ ਅਤੇ ਇਕ ਰਜਿਸਟਰਾਰ ਵੀ ਇਸ ਕਾਂਡ ਵਿਚ ਸ਼ਾਮਿਲ ਸੀ। ਯੂਨੀਵਰਸਿਟੀ ਸਟਾਫ ਨੇ ਪੀਐਮਈਟੀ ਦੇ ਪ੍ਰਸ਼ਨ ਪੱਤਰ ਨੂੰ ਹੱਥ ਨਾਲ ਲਿਖ ਕੇ ਵਿਦਿਆਰਥੀਆਂ ਵਿਚ ਤਕਸੀਮ ਕਰ ਦਿੱਤਾ ਸੀ। ਅਤੇ ਇਸ ਬਦਲੇ ਵਿਦਿਆਰਥੀਆਂ ਤੋਂ 3000 ਤੋਂ ਲੈ ਕੇ 5 ਲੱਖ ਰੁਪਏ ਤੱਕ ਪੈਸੇ ਲਏ ਗਏ ਸਨ। ਪ੍ਰੰਤੂ ਇਸ ਮਾਮਲੇ ਦੀ ਪੜਤਾਲ ਕਰ ਰਹੀ ਜਾਂਚ ਟੀਮ ਪੀਐਮਈਟੀ ਪੇਪਰ ਲੀਕ ਦੇ ਮੁਲਜ਼ਮਾਂ ਨੂੰ ਅਦਾਲਤ ਵਿਚ ਗੁਨਾਹਗਾਰ ਸਾਬਤ ਨਹੀਂ ਕਰ ਸਕੀ ਕਿਉਂਕਿ ਯੂਨੀਵਰਸਿਟੀ ਦੇ ਮੁਲਾਜ਼ਮਾਂ ਅਤੇ ਵਿਦਿਆਰਥੀਆਂ ਦਰਮਿਆਨ ਕਿਸੇ ਤਰ੍ਹਾਂ ਦਾ ਸੰਬੰਧ ਨਹੀਂ ਜੁੜ ਸਕਿਆ। ਸਾਹਰਲ ਸੋਹੀ ਨੇ ਅੱਜ ਆਪਣੇ ਹੁਕਮ ਵਿਚ ਸਬੂਤਾਂ ਅਤੇ ਗਵਾਹਾਂ ਦੀ ਘਾਟ ਹੋਣ ਕਾਰਨ ਸਾਰੇ ਮੁਲਜ਼ਮਾਂ ਨੂੰ ਪੀਐਮਈਟੀ ਪੇਪਰ ਲੀਕ ਮਾਮਲੇ ਵਿਚ 17 ਸਾਲਾਂ ਬਾਅਦ ਇਸ ਮੁਕਦਮੇ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ। ਲੀਕ ਹੋਇਆ ਪੀਐਮਈਟੀ ਦਾ ਪੇਪਰ ਪੰਜਾਬ, ਹਰਿਆਣਾ, ਦਿੱਲੀ ,ਯੂਪੀ ,ਬਿਹਾਰ ,ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਦੇ ਵਿਦਿਆਰਥੀਆਂ ਨੂੰ ਕਥਿਤ ਤੌਰ 'ਤੇ ਵੇਚਿਆ ਗਿਆ ਸੀ।ਇਸ ਮਾਮਲੇ ਦੀ ਪੈਰਵੀ ਕਰ ਰਹੇ ਵਕੀਲ ਗੁਰਸਾਹਿਬ ਸਿੰਘ ਬਰਾੜ ਨੇ ਵੀ ਪੁਸ਼ਟੀ ਕੀਤੀ ਹੈ।