JALANDHAR WEATHER

ਦੁਬਈ ਦੀ ਅਜ਼ਮਾਨ ਜੇਲ 'ਚੋਂ ਢਾਈ ਸਾਲ ਕੈਦ ਕੱਟ ਕੇ ਵਾਪਸ ਪਰਤਿਆ ਵਿਧਵਾ ਮਾਂ ਦਾ ਪੁੱਤ ਮਨਪ੍ਰੀਤ ਸਿੰਘ

ਮਾਛੀਵਾੜਾ ਸਾਹਿਬ, 27 ਜਨਵਰੀ (ਜੀ. ਐੱਸ. ਚੌਹਾਨ, ਮਨੋਜ ਕੁਮਾਰ)-ਸਥਾਨਕ ਸ਼ਹਿਰ ਦੇ ਮੁਹੱਲਾ ਇੰਦਰਾ ਕਾਲੋਨੀ ਦਾ ਰਹਿਣ ਵਾਲਾ ਮਨਪ੍ਰੀਤ ਸਿੰਘ ਦੁਬਈ ਦੀ ਅਜ਼ਮਾਨ ਜੇਲ੍ਹ 'ਚ ਢਾਈ ਸਾਲ ਦੀ ਕੈਦ ਕੱਟ ਕੇ ਵਾਪਸ ਪਰਤਿਆ। ਰੋਜ਼ੀ-ਰੋਟੀ ਦੀ ਤਲਾਸ਼ 'ਚ ਪੰਜਾਬ ਭਰ ਵਿਚੋਂ ਆਏ ਦਿਨ ਅਨੇਕਾਂ ਹੀ ਨੌਜਵਾਨ ਮੁੰਡੇ-ਕੁੜੀਆਂ ਆਪਣਾ ਵਤਨ ਛੱਡ ਕੇ ਪਰਦੇਸਾਂ ਵਿਚ ਇਸ ਆਸ ਉਤੇ ਉਡਾਰੀ ਲਾਉਂਦੇ ਹਨ ਕਿ ਅਸੀਂ ਆਪਣੇ ਘਰ ਦੇ ਹਾਲਾਤ ਬਦਲਾਂਗੇ। ਇਸੇ ਆਸ ਉਤੇ ਮਾਛੀਵਾੜਾ ਸਾਹਿਬ ਦੀ ਇੰਦਰਾ ਕਾਲੋਨੀ ਦਾ ਮਨਪ੍ਰੀਤ ਸਿੰਘ ਜਿਸ ਦੀ ਉਮਰ ਕਰੀਬ 26 ਸਾਲ ਜੋ ਆਪਣੇ ਘਰ ਦੀ ਗਰੀਬੀ ਦੂਰ ਕਰਨ ਲਈ 2020 ਵਿਚ ਦੁਬਈ ਗਿਆ ਪਰ ਪਿਛਲੇ ਢਾਈ ਸਾਲਾਂ ਤੋਂ ਦੁਬਈ ਦੀ ਅਜ਼ਮਾਨ ਜੇਲ੍ਹ ਵਿਚ ਕੈਦ ਕੱਟ ਕੇ ਅੱਜ ਆਪਣੇ ਘਰ ਵਾਪਸ ਪਰਤਿਆ। ਇਸ ਬਾਬਤ ਵਧੇਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਪਹਿਲਾਂ ਕਿਸੇ ਹੋਰ ਕੰਪਨੀ ਵਿਚ ਇਥੋਂ ਵਰਕ ਵੀਜ਼ੇ ਉਤੇ ਗਿਆ ਅਤੇ ਕਰੀਬ ਡੇਢ ਸਾਲ ਉੱਥੇ ਕੰਮ ਕਰਨ ਤੋਂ ਬਾਅਦ ਮੈਂ ਇਕ ਹੋਰ ਕੰਪਨੀ ਵਿਚ ਜਾ ਕੇ ਕੰਮ ਕਰਨ ਲੱਗਾ ਜਿਥੇ ਕਿ ਮੈਂ ਜਿਨ੍ਹਾਂ ਲੜਕਿਆਂ ਨਾਲ ਕਮਰੇ ਵਿਚ ਰਹਿੰਦਾ ਸੀ, ਉਹ ਡਰੱਗ ਲੈਣ ਦੇ ਆਦੀ ਸਨ, ਜਿਸ ਕਾਰਨ ਉਥੋਂ ਦੀ ਪੁਲਿਸ ਨੇ ਕਮਰਿਆਂ 'ਚ ਛਾਪੇਮਾਰੀ ਦੌਰਾਨ ਉਨ੍ਹਾਂ ਸਮੇਤ ਮੈਨੂੰ ਵੀ ਹਿਰਾਸਤ ਵਿਚ ਲੈ ਕੇ ਜੇਲ੍ਹ ਭੇਜ ਦਿੱਤਾ ਪਰ ਮੈਂ ਬਿਲਕੁਲ ਬੇਕਸੂਰ ਸੀ ਅਤੇ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਸੀ। ਉਸਨੇ ਦੱਸਿਆ ਕਿ ਦੁਬਈ ਦੀ ਜੇਲ੍ਹ ਵਿਚੋਂ ਇਸ ਵਾਰ ਵੱਡੀ ਮਾਤਰਾ ਵਿਚ ਕੈਦੀਆਂ ਨੂੰ ਛੱਡਿਆ ਗਿਆ, ਜਿਸ ਵਿਚ ਮੇਰਾ ਨਾਮ ਵੀ ਸ਼ਾਮਿਲ ਸੀ ਅਤੇ ਮੇਰੇ ਸਮੇਤ ਪੰਜਾਬ ਦੇ ਚਾਰ ਨੌਜਵਾਨ ਅਸੀਂ 25 ਤਰੀਕ ਨੂੰ ਢਾਈ ਸਾਲ ਦੀ ਕੈਦ ਕੱਟਣ ਤੋਂ ਬਾਅਦ ਆਪੋ-ਆਪਣੇ ਘਰਾਂ ਵਿਚ ਪਹੁੰਚੇ ਹਾਂ। ਉਸਨੇ ਦੱਸਿਆ ਕਿ ਮੈਨੂੰ ਮੇਰੀ ਮਾਂ ਦੀਆਂ ਦੁਆਵਾਂ ਹੀ ਇਥੋਂ ਤੱਕ ਵਾਪਸ ਖਿੱਚ ਲਿਆਈਆਂ ਨਹੀਂ ਤਾਂ ਪੰਜਾਬ ਦੇ ਅਨੇਕਾਂ ਹੀ ਨੌਜਵਾਨ ਦੁਬਈ ਦੀਆਂ ਜੇਲ੍ਹਾਂ ਵਿਚ ਕੈਦ ਹੋਏ ਬੈਠੇ ਹਨ। ਮਨਪ੍ਰੀਤ ਸਿੰਘ ਦੀ ਮਾਂ ਨੇ ਦੱਸਿਆ ਕਿ ਮੈਂ ਕੋਈ ਵੀ ਪਰਮਾਤਮਾ ਦਾ ਦਰ ਨਹੀਂ ਛੱਡਿਆ ਜਿਥੇ ਮੈਂ ਆਪਣੇ ਪੁੱਤ ਨੂੰ ਵਾਪਸ ਬੁਲਾਉਣ ਲਈ ਦੁਆਵਾਂ ਨਾ ਕੀਤੀਆਂ ਹੋਣ। ਮਨਪ੍ਰੀਤ ਸਿੰਘ ਦੇ ਵਾਪਸ ਪਰਤਣ ਨਾਲ ਉਸਦੇ ਪਰਿਵਾਰਕ ਮੈਂਬਰਾਂ ਸਮੇਤ ਮੁਹੱਲਾ ਵਾਸੀਆਂ ਵਿਚ ਵੀ ਖੁਸ਼ੀ ਦਾ ਮਾਹੌਲ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ