76ਵੇਂ ਗਣਤੰਤਰ ਦਿਵਸ ਮੌਕੇ ਹਜ਼ਾਰਾਂ ਦੀ ਗਿਣਤੀ 'ਚ ਝੰਡੇ ਦੀ ਰਸਮ ਦੇਖਣ ਪੁੱਜੇ ਸੈਲਾਨੀ
ਅਟਾਰੀ, (ਅੰਮ੍ਰਿਤਸਰ), 26 ਜਨਵਰੀ (ਗੁਰਦੀਪ ਸਿੰਘ ਅਟਾਰੀ/ਰਾਜਿੰਦਰ ਸਿੰਘ ਰੂਬੀ)-76ਵੇਂ ਗਣਤੰਤਰ ਦਿਵਸ ਮੌਕੇ ਭਾਰਤ-ਪਾਕਿਸਤਾਨ ਦੋਵਾਂ ਗੁਆਂਢੀ ਦੇਸ਼ਾਂ ਦੀਆਂ ਸਰਹੱਦੀ ਫੌਜਾਂ ਦੀ ਅਟਾਰੀ-ਵਾਹਗਾ ਸਰਹੱਦ ਉਤੇ ਹੋ ਰਹੀ ਝੰਡੇ ਦੀ ਰਸਮ ਦੇਖਣ ਲਈ ਹਜ਼ਾਰਾਂ ਦੀ ਗਿਣਤੀ ਵਿਚ ਸੈਲਾਨੀ ਪਹੁੰਚੇ। ਦਰਸ਼ਕ ਗੈਲਰੀ ਖਚਾਖਚ ਭਰੀ ਹੋਈ ਸੀ। ਭੀੜ ਇੰਨੀ ਸੀ ਕਿ ਹਜ਼ਾਰਾਂ ਦਰਸ਼ਕ ਰੀਟਰੀਟ ਸੈਰਾਮਨੀ ਦੇਖਣ ਤੋਂ ਬਿਨਾਂ ਹੀ ਘਰਾਂ ਨੂੰ ਵਾਪਸ ਪਰਤ ਗਏ। ਰੀਟਰੀਟ ਸੈਰਾਮਨੀ ਦੇਖ ਕੇ ਘਰਾਂ ਨੂੰ ਵਾਪਸ ਜਾ ਰਹੇ ਸੈਲਾਨੀ ਦੇਰ ਸ਼ਾਮ ਤੱਕ ਜਾਮ ਵਿਚ ਫਸੇ ਰਹੇ। ਮੁੱਖ ਮਹਿਮਾਨ ਵਜੋਂ ਪਹੁੰਚੇ ਪ੍ਰਸਿੱਧ ਕਲਾਕਾਰ ਸਤਿੰਦਰ ਸਰਤਾਜ ਅਤੇ ਐਕਟਰ ਸਿੰਮੀ ਚਹਿਲ ਦਾ ਬੀ.ਐਸ.ਐਫ. ਦੇ ਸਹਾਇਕ ਡਾਇਰੈਕਟਰ ਜਨਰਲ ਸਤੀਸ਼ ਐਸ ਖੰਡਾਰੇ, ਆਈ.ਜੀ. ਅਤੁਲ ਫੁੱਲਜਲੇ, ਡੀ.ਆਈ.ਜੀ. ਏ.ਕੇ. ਵਿਦਿਆਰਥੀ, ਡੀ.ਸੀ. ਬੀ.ਐਸ.ਐਫ. ਓ.ਪੀ. ਮੀਨਾ ਅਤੇ ਸਹਾਇਕ ਕਮਾਂਡੈਂਟ ਕੁਲਵੰਤ ਸਿੰਘ ਵਲੋਂ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ ਗਿਆ। ਇਸ ਮੌਕੇ ਸਹਾਇਕ ਡੀ.ਜੀ. ਸਤੀਸ਼ ਐਸ ਖੰਡਾਰੇ ਵਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕਰਨ ਵਾਲੀਆਂ ਟੀਮਾਂ ਨੂੰ ਵੀ ਸਨਮਾਨਿਤ ਕੀਤਾ ਗਿਆ।