ਕਪਿਲ ਸ਼ਰਮਾ ਸਮੇਤ ਹੋਰਨਾਂ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ
ਮੁੰਬਈ, 23 ਜਨਵਰੀ- ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ ਅਤੇ ਰਾਜਪਾਲ ਯਾਦਵ ਨੂੰ ਇਕ ਧਮਕੀ ਭਰਿਆ ਈ. ਮੇਲ ਭੇਜਿਆ ਗਿਆ ਹੈ, ਜਿਸ ਵਿਚ ਉਨ੍ਹਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਇਹ ਈ. ਮੇਲ ਕਥਿਤ ਤੌਰ ’ਤੇ ਪਾਕਿਸਤਾਨ ਤੋਂ ਭੇਜੀ ਗਈ ਦੱਸੀ ਜਾ ਰਹੀ ਹੈ। ਇਨ੍ਹਾਂ ਦੋ ਸਿਤਾਰਿਆਂ ਤੋਂ ਇਲਾਵਾ ਸੁਗੰਧਾ ਮਿਸ਼ਰਾ ਅਤੇ ਰੇਮੋ ਡਿਸੂਜ਼ਾ ਨੂੰ ਵੀ ਧਮਕੀਆਂ ਮਿਲੀਆਂ ਹਨ। ਪੁਲਿਸ ਨੇ ਇਸ ਸੰਬੰਧੀ ਸ਼ਿਕਾਇਤ ਦਰਜ ਕਰ ਲਈ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਸਿਤਾਰਿਆਂ ਨੂੰ ਈਮੇਲ ਭੇਜਣ ਵਾਲੇ ਵਿਅਕਤੀ ਨੇ ਧਮਕੀ ਦਿੱਤੀ ਹੈ ਕਿ ਜੇਕਰ ਅੱਠ ਘੰਟਿਆਂ ਦੇ ਅੰਦਰ ਇਨ੍ਹਾਂ ਸਿਤਾਰਿਆਂ ਤੋਂ ਕੋਈ ਜਵਾਬ ਨਹੀਂ ਆਇਆ ਤਾਂ ਕਾਰਵਾਈ ਕੀਤੀ ਜਾਵੇਗੀ। ਰਿਪੋਰਟ ਦੇ ਅਨੁਸਾਰ, ਸ਼ੁਰੂਆਤੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਧਮਕੀ ਭਰਿਆ ਈਮੇਲ ਪਾਕਿਸਤਾਨ ਤੋਂ ਭੇਜਿਆ ਗਿਆ ਸੀ।