ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਟਰੰਪ ਨੇ ਦਿੱਤਾ ਵਿਕਟਰੀ ਭਾਸ਼ਣ
ਵਾਸ਼ਿੰਗਟਨ, ਡੀ.ਸੀ. 20 ਜਨਵਰੀ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਵਾਸ਼ਿੰਗਟਨ ਵਿਚ ਉਨ੍ਹਾਂ ਆਪਣਾ ਜਿੱਤ (ਵਿਕਟਰੀ) ਭਾਸ਼ਣ ਦਿੱਤਾ। ਟਰੰਪ ਨੇ ਕਿਹਾ ਕਿ ਸੋਮਵਾਰ ਨੂੰ ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਅਮਰੀਕੀ ਪਤਨ ਦੇ ਚਾਰ ਸਾਲਾਂ ਦੇ ਅੰਤ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਆਪਣੇ ਅਗਲੇ ਕਾਰਜਕਾਲ ਵਿਚ ਇਤਿਹਾਸਕ ਗਤੀ ਨਾਲ ਕੰਮ ਕਰਨ ਬਾਰੇ ਗੱਲ ਕੀਤੀ। ਸਮਾਗਮ ਮੇਕ ਅਮਰੀਕਾ ਗ੍ਰੇਟ ਅਗੇਨ ਰੈਲੀ ਵਿਚ ਉਨ੍ਹਾਂ ਕਿਹਾ ਕਿ ਸਾਡਾ ਦੇਸ਼ ਪਹਿਲਾਂ ਨਾਲੋਂ ਕਿਤੇ ਬਿਹਤਰ ਹੈ ਪਰ ਹੁਣ ਅਸੀਂ ਇਸ ਨੂੰ ਹੋਰ ਵੀ ਵੱਡਾ ਬਿਹਤਰ ਬਣਾਵਾਂਗੇ। ਉਨ੍ਹਾਂ ਅੱਗੇ ਕਿਹਾ ਕਿ ਟਿੱਕ ਟਾਕ ਨੂੰ ਬਚਾਓ, ਅਸੀਂ ਆਪਣਾ ਕਾਰੋਬਾਰ ਚੀਨ ਨੂੰ ਨਹੀਂ ਦੇ ਸਕਦੇ। ਟਰੰਪ ਦੇ ਐਲਾਨ ਤੋਂ ਥੋੜ੍ਹੀ ਦੇਰ ਬਾਅਦ, ਅਮਰੀਕਾ ਵਿਚ ਟਿੱਕ ਟਾਕ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ। ਜ਼ਿਕਰਯੋਗ ਹੈ ਕਿ ਅਮਰੀਕੀ ਕਾਨੂੰਨ ਦੇ ਤਹਿਤ, ਸ਼ਨੀਵਾਰ ਸ਼ਾਮ ਤੋਂ ਅਮਰੀਕਾ ਵਿਚ ਟਿੱਕ ਟਾਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਟਰੰਪ ਨੇ ਭਾਸ਼ਣ ਵਿਚ ਅੱਗੇ ਕਿਹਾ ਕਿ ਉਹ ਸ਼ੁੱਕਰਵਾਰ ਨੂੰ ਕੈਲੀਫੋਰਨੀਆ ਦਾ ਦੌਰਾ ਕਰਨਗੇ ਅਤੇ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲੈਣਗੇ। ਅੱਗ ਕਾਰਨ ਲਗਭਗ 40 ਹਜ਼ਾਰ ਏਕੜ ਰਕਬਾ ਸੜ ਗਿਆ। ਇਸ ਵਿਚ 27 ਲੋਕਾਂ ਦੀ ਮੌਤ ਵੀ ਹੋਈ। ਟਰੰਪ ਨੇ ਲਾਸ ਏਂਜਲਸ ਵਿਚ 2028 ਓਲੰਪਿਕ ਲਈ ਸ਼ਹਿਰ ਦੇ ਮੁੜ ਨਿਰਮਾਣ ਬਾਰੇ ਗੱਲ ਕੀਤੀ। ਟਰੰਪ ਨੇ ਕਿਹਾ ਕਿ ਇਕੱਠੇ ਮਿਲ ਕੇ ਅਸੀਂ ਲਾਸ ਏਂਜਲਸ ਨੂੰ ਪਹਿਲਾਂ ਨਾਲੋਂ ਬਿਹਤਰ ਅਤੇ ਸੁੰਦਰ ਬਣਾਵਾਂਗੇ। ਸਾਡੇ ਕੋਲ ਦੁਨੀਆ ਦੇ ਸਭ ਤੋਂ ਵਧੀਆ ਬਿਲਡਰ ਹਨ। ਟਰੰਪ ਨੇ ਅੱਗੇ ਕਿਹਾ ਕਿ ਚੋਣ ਜਿੱਤਣ ਦੇ ਸਿਰਫ਼ 3 ਮਹੀਨਿਆਂ ਦੇ ਅੰਦਰ ਹੀ ਗਾਜ਼ਾ ਵਿਚ ਜੰਗਬੰਦੀ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਸਾਬਕਾ ਰਾਸ਼ਟਰਪਤੀ ਜੌਨ ਐਫ ਕੈਨੇਡੀ ਅਤੇ ਹੋਰ ਨੇਤਾਵਾਂ ਦੀਆਂ ਹੱਤਿਆਵਾਂ ਨਾਲ ਸੰਬੰਧਿਤ 60 ਸਾਲ ਪੁਰਾਣੇ ਸਰਕਾਰੀ ਦਸਤਾਵੇਜ਼ਾਂ ਨੂੰ ਜਨਤਕ ਕਰਨ ਬਾਰੇ ਵੀ ਗੱਲ ਕੀਤੀ। ਟਰੰਪ ਦਾ ਇਹ ਭਾਸ਼ਣ ਕੈਪੀਟਲ ਵਨ ਅਰੇਨਾ ਵਿਚ ਹੋਇਆ।