ਮਹਾਰਾਸ਼ਟਰ, 16 ਜਨਵਰੀ- ਸੈਫ਼ ਅਲੀ ਖ਼ਾਨ ਦੀ ਸਿਹਤ ਸੰਬੰਧੀ ਜਾਣਕਾਰੀ ਦਿੰਦੇ ਹੋਏ ਲੀਲਾਵਤੀ ਹਸਪਤਾਲ ਦੇ ਸੀ.ਈ.ਓ. ਡਾ. ਨੀਰਜ ਉੱਤਮਣੀ ਨੇ ਕਿਹਾ ਕਿ ਸੈਫ਼ ਨੂੰ ਛੇ ਥਾਵਾਂ ’ਤੇ ਚਾਕੂ ਮਾਰਿਆ ਗਿਆ ਸੀ। ਚਾਕੂ ਦਾ ਇਕ ਟੁਕੜਾ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਵਿਚ ਫਸ ਗਿਆ ਸੀ ਅਤੇ ਤਰਲ ਪਦਾਰਥ ਵੀ ਲੀਕ ਹੋ ਰਿਹਾ ਸੀ। ਸਰਜਰੀ ਰਾਹੀਂ ਚਾਕੂ ਕੱਢ ਦਿੱਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਅਦਾਕਾਰ ਦੇ ਖੱਬੇ ਹੱਥ ’ਤੇ ਦੋ ਡੂੰਘੇ ਜ਼ਖ਼ਮ ਸਨ ਅਤੇ ਉਸ ਦੀ ਗਰਦਨ ’ਤੇ ਵੀ ਇਕ ਡੂੰਘੀ ਸੱਟ ਲੱਗੀ ਸੀ। ਉਸ ਦੀ ਪਲਾਸਟਿਕ ਸਰਜਰੀ ਹੋਈ ਹੈ ਤੇ ਹਾਲਤ ਸਥਿਰ ਅਤੇ ਖ਼ਤਰੇ ਤੋਂ ਬਾਹਰ ਹੈ। ਇਸ ਸੰਬੰਧੀ ਮੁੰਬਈ ਪੁਲਿਸ ਦੇ ਡੀ.ਸੀ.ਪੀ. ਗੇਦਮ ਦੀਕਸ਼ਿਤ ਨੇ ਕਿਹਾ ਕਿ ਇਕ ਹਮਲਾਵਰ ਦੀ ਪਛਾਣ ਕਰ ਲਈ ਗਈ ਹੈ। ਇਸ ਤੋਂ ਇਲਾਵਾ ਸੈਫ ਦੇ ਘਰੋਂ ਤਿੰਨ ਲੋਕਾਂ ਨੂੰ ਪੁੱਛਗਿੱਛ ਲਈ ਪੁਲਿਸ ਸਟੇਸ਼ਨ ਲਿਜਾਇਆ ਗਿਆ ਹੈ। ਪੁਲਿਸ ਨੇ ਇਹ ਵੀ ਕਿਹਾ ਕਿ ਹਮਲੇ ਤੋਂ ਬਾਅਦ ਦੋਸ਼ੀ ਪੌੜੀਆਂ ਤੋਂ ਹੇਠਾਂ ਭੱਜ ਗਿਆ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਘਰ ਦੇ ਅੰਦਰ ਕਿਸੇ ਨੇ ਹਮਲਾਵਰ ਨੂੰ ਅੰਦਰ ਆਉਣ ਦਿੱਤਾ ਸੀ। ਕੋਈ ਵੀ ਜ਼ਬਰਦਸਤੀ ਘਰ ਵਿਚ ਨਹੀਂ ਵੜਿਆ। ਸੀ.ਸੀ.ਟੀ.ਵੀ. ਵਿਚ ਵੀ ਕੋਈ ਘਰ ਵਿਚ ਦਾਖ਼ਲ ਹੁੰਦਾ ਦਿਖਾਈ ਨਹੀਂ ਦਿੱਤਾ। ਦੱਸ ਦੇਈਏ ਕਿ ਅਦਾਕਾਰ ਸੈਫ਼ ਅਲੀ ਖਾਨ ’ਤੇ ਉਨ੍ਹਾਂ ਦੇ ਘਰ ਦੇ ਅੰਦਰ ਚਾਕੂ ਨਾਲ ਹਮਲਾ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਬੁੱਧਵਾਰ ਰਾਤ ਨੂੰ ਕਰੀਬ 2:30 ਵਜੇ ਮੁੰਬਈ ਦੇ ਖਾਰ ਸਥਿਤ ਸੈਫ ਦੇ ਅਪਾਰਟਮੈਂਟ ਵਿਚ ਵਾਪਰੀ। ਘਟਨਾ ਤੋਂ ਬਾਅਦ, ਸੈਫ਼ ਨੂੰ ਸਵੇਰੇ 3 ਵਜੇ ਲੀਲਾਵਤੀ ਹਸਪਤਾਲ ਲਿਆਂਦਾ ਗਿਆ।