ਪਿੰਡ ਡੱਲੇਵਾਲ ਤੋਂ ਖਨੌਰੀ ਮਹਾਪੰਚਾਇਤ 'ਚ ਸ਼ਾਮਿਲ ਹੋਣ ਵਾਲੀ ਬੱਸ ਹਾਦਸੇ ਦਾ ਸ਼ਿਕਾਰ, 5 ਜ਼ਖਮੀ
ਹੰਡਿਆਇਆ/ਬਰਨਾਲਾ, 4 ਜਨਵਰੀ (ਗੁਰਜੀਤ ਸਿੰਘ ਖੁੱਡੀ)-ਪਿੰਡ ਡੱਲੇਵਾਲ ਤੋਂ ਖਨੌਰੀ ਵਿਖੇ ਮਹਾ ਪੰਚਾਇਤ ਵਿਚ ਸ਼ਾਮਿਲ ਹੋਣ ਵਾਲੀ ਬੱਸ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਵਿਚ ਇਕ ਔਰਤ ਤੇ 4 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਇਹ ਪ੍ਰਾਈਵੇਟ ਸਕੂਲ ਬੱਸ ਜਦੋਂ ਬਰਨਾਲਾ ਦੀ ਸਬ-ਜੇਲ ਦੇ ਨੇੜੇ ਪਿੰਡ ਪੱਤੀ ਸੋਹਲ ਵਿਖੇ ਪੁੱਜੀ ਤਾਂ ਅਚਾਨਕ ਟਰੱਕ ਡਰਾਈਵਰ ਨੇ ਟਰੱਕ ਲਿੰਕ ਸੜਕ ਤੋਂ ਕੌਮੀ ਮਾਰਗ ਨੰ. 703 ਉਤੇ ਚੜ੍ਹਾਅ ਲਿਆ ਤੇ ਬੱਸ ਪਿੱਛੋਂ ਆ ਕੇ ਵੱਜੀ, ਜਿਸ ਵਿਚ ਅਮਰਜੀਤ ਕੌਰ, ਲਵਪ੍ਰੀਤ ਸਿੰਘ, ਬਲਦੇਵ ਸਿੰਘ, ਕੁਲਵਿੰਦਰ ਸਿੰਘ ਤੇ ਸੁਖਦੀਪ ਸਿੰਘ ਸਾਰੇ ਵਾਸੀਆਨ ਡੱਲੇਵਾਲ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਜ਼ਿਆਦਾ ਸੱਟਾਂ ਹੋਣ ਕਾਰਨ ਰੈਫਰ ਕਰ ਦਿੱਤਾ ਗਿਆ। ਇਹ ਬੱਸ ਵਿਚ ਸਵਾਰ ਕਿਸਾਨ ਖਨੌਰੀ ਵਿਖੇ ਹੋ ਰਹੀ ਮਹਾਪੰਚਾਇਤ ਵਿਚ ਸ਼ਾਮਿਲ ਹੋਣ ਲਈ ਜਾ ਰਹੇ ਸਨ। ਪੁਲਿਸ ਚੌਕੀ ਹੰਡਿਆਇਆ ਵਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।